
ਪ੍ਰੋ. ਕੁਲਬੀਰ ਸਿੰਘ
ਫ਼ਿਲਮ ਕਲਾ ਦੇ ਖੇਤਰ ਵਿਚ ਲਘੂ ਫ਼ਿਲਮਾਂ ਦਾ ਮਹੱਤਵ ਕਈ ਪਹਿਲੂਆਂ ਤੋਂ ਹੈ। ਇਹ ਕਲਾਤਮਕ ਅਭਵਿਅਕਤੀ ਦਾ ਇਕ ਸ਼ਕਤੀਸ਼ਾਲੀ ਰੂਪ ਹੈ। ਫ਼ਿਲਮ ਨਿਰਮਾਤਾਵਾਂ ਲਈ ਆਪਣੇ ਹੁਨਰ ਨੂੰ ਨਿਖਾਰਨ ਅਤੇ ਆਪਣੀ ਸਿਰਜਣਾਤਮਿਕਤਾ ਨੂੰ ਉਭਾਰਨ ਦਾ ਇਕ ਢੁੱਕਵਾਂ ਤੇ ਪ੍ਰਭਾਵਸ਼ਾਲੀ ਮੰਚ ਹੈ। ਲਘੂ ਫ਼ਿਲਮਾਂ ਜਿੱਥੇ ਦਰਸ਼ਕਾਂ ਨੂੰ ਘੱਟ ਸਮੇਂ ਵਿਚ ਬਹੁਤ ਸਾਰੀ ਮਨੋਰੰਜਕ ਸਮੱਗਰੀ ਮੁਹੱਈਆ ਕਰਦੀਆਂ ਹਨ ਉਥੇ ਵੱਖ ਵੱਖ ਵਿਸ਼ਿਆਂ, ਸਮੱਸਿਆਵਾਂ ਅਤੇ ਮਸਲਿਆਂ ਪ੍ਰਤੀ ਚੇਤੰਨ ਵੀ ਕਰਦੀਆਂ ਹਨ।
ਨਿਰਮਾਤਾ ਨਿਰਦੇਸ਼ਕ ਘੱਟ ਸਮੇਂ ਅਤੇ ਘੱਟ ਬੱਜਟ ਵਿਚ ਆਪਣੀ ਗੱਲ, ਯੂ-ਟਿਊਬ ਜਿਹੇ ਮੰਚਾਂ ‘ਤੇ ਲਘੂ ਫ਼ਿਲਮ ਪਾ ਕੇ ਝੱਟਪਟ ਕਰੋੜਾਂ ਲੋਕਾਂ ਤੱਕ ਪਹੁੰਚਾ ਸਕਦਾ ਹੈ। ਇਹ ਭਾਵੇਂ ਸੰਖੇਪ ਹੁੰਦੀ ਹੈ ਪਰੰਤੂ ਸ਼ਕਤੀਸ਼ਾਲੀ ਕਹਾਣੀਆਂ, ਭਾਵਨਾਵਾਂ ਅਤੇ ਵਿਸ਼ਾ-ਵਸਤੂ ਨੰ ਤੀਖਣ ਪ੍ਰਭਾਵ ਨਾਲ ਪੇਸ਼ ਕਰਨ ਦੇ ਸਮਰੱਥ ਹੁੰਦੀ ਹੈ। ਉੱਭਰਦੇ ਫ਼ਿਲਮ ਨਿਰਮਾਤਾਵਾਂ, ਨਿਰਦੇਸ਼ਕਾਂ, ਅਦਾਕਾਰਾਂ, ਲੇਖਕਾਂ ਲਈ ਪ੍ਰਤਿਭਾ ਵਿਖਾਉਣ ਅਤੇ ਉਦਯੋਗ ਵਿਚ ਪਹਿਚਾਣ ਬਨਾਉਣ ਦੀ ਇਹ ਸ਼ੁਰੂਆਤ ਵੱਡੀਆਂ ਯੋਜਨਾਵਾਂ ਵੱਲ ਕਦਮ ਵਧਾਉਣ ਦਾ ਸਬੱਬ ਬਣ ਸਕਦੀ ਹੈ।
ਬੀਤੇ ਦਿਨੀਂ ਚਾਰ ਲਘੂ ਪੰਜਾਬੀ ਫ਼ਿਲਮਾਂ ਵੇਖਣ ਦਾ ਸਬੱਬ ਬਣਿਆ। ਚਾਰਾਂ ਵਿਚ ਸਾਂਝੀ ਤੰਦ ਆਰਥਿਕ ਤੰਗੀਆਂ ਤੁਰਛੀਆਂ ਵਿਚ ਨਪੀੜਿਆ ਬੰਦਾ ਸਖ਼ਤ ਮਿਹਨਤ ਦੇ ਬਾਵਜੂਦ ਜਦ ਘਰ-ਪਰਿਵਾਰ ਦੀਆਂ, ਬੱਚਿਆਂ ਦੀਆਂ ਮੁਢਲੀਆਂ ਤੇ ਬੁਨਿਆਦੀ ਲੋੜਾਂ ਦੀ ਪੂਰਤੀ ਕਰਨ ਵਿਚ ਅਸਮਰਥ ਰਹਿੰਦਾ ਹੈ ਤਾਂ ਸਰੀਰਕ ਮਾਨਸਿਕ ਤੌਰ ‘ਤੇ ਟੁੱਟ ਜਾਂਦਾ ਹੈ। ਡਾਹਢਾ ਪ੍ਰੇਸ਼ਾਨ, ਡਾਹਢਾ ਬੇਚੈਨ ਹੁੰਦਾ ਹੈ, ਛਟਪਟਾਉਂਦਾ ਹੈ। ਪਰ ਕੁਦਰਤ ਕੋਈ ਨਾ ਕੋਈ ਰਾਹ-ਰਸਤਾ ਜ਼ਰੂਰੀ ਕੱਢਦੀ ਹੈ
ਲਾਡੋ: ਲਾਡੋ ਲਘੂ ਫ਼ਿਲਮ ਕਈ ਪੱਖਾਂ ਤੋਂ ਦਰਸ਼ਕਾਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਯੂ.ਪੀ., ਬਿਹਾਰ ਤੋਂ ਪੰਜਾਬ ਆ ਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਵਾਸੀਆਂ ਦੀ, ਸਖ਼ਤ ਮੁਸ਼ੱਕਤ ਦੇ ਬਾਵਜੂਦ ਤੰਗੀਆਂ ਤੁਰਛੀਆਂ ਦੀ ਪੰਡ ਦਿਨੋ ਦਿਨ ਹੋਰ ਭਾਰੀ ਹੁੰਦੀ ਜਾਂਦੀ ਹੈ। ਪਰਿਵਾਰ ਦੀਆਂ ਲੋੜਾਂ, ਬੱਚਿਆਂ ਦੀ ਪੜ੍ਹਾਈ, ਸਥਾਨਕ ਲੋਕਾਂ ਦੁਆਰਾ ਤਾਅਨੇ ਮਿਹਣੇ, ਭਾਸ਼ਾ ਦੀਆਂ ਰੁਕਾਵਟਾਂ, ਗਰੀਬੀ ਦੀ ਮਾਰ ਸੱਭ ਰਲ ਕੇ ਉਨ੍ਹਾਂ ਦੀ ਜੀਵਨ-ਗੱਡੀ ਦੀ ਚਾਲ ਵਿਗਾੜ ਦਿੰਦੇ ਹਨ।
ਬਨਵਾਰੀ ਲਾਲ ਆਪਣੀ ਬੱਚੀ ਲਾਡੋ ਨੰ ਪੰਜ ਜਮਾਤਾਂ ਪੜ੍ਹਾ ਕੇ ਸਕੂਲ ਤੋਂ ਹਟਾ ਲੈਂਦਾ ਹੈ। ਉਸਦੀ ਸੋਚ ਹੈ ਕਿ ਲੜਕੀਆਂ ਕੇਵਲ ਘਰ ਦੇ ਕੰਮਾਂ ਲਈ ਹੁੰਦੀਆਂ ਹਨ। ਝਾੜੂ-ਪੋਚਾ, ਰੋਟੀ-ਪਾਣੀ। ਪਰ ਲਾਡੋ ਤਾਂ ਗੁਣਾਂ ਦੀ ਗੁਥਲੀ ਸੀ। ਹਰ ਗੱਲ, ਹਰ ਸਥਿਤੀ ਨੂੰ ਸਮਝਦੀ ਸੀ। ਉਹ ਪੰਜਾਬੀ ਬੋਲਦੀ ਸੀ।
ਉਸਦੇ ਭਰਾ ਦੀਪੂ ਨੂੰ ਕੁਝ ਪੰਜਾਬੀ ਮੁੰਡੇ ਪ੍ਰੇਸ਼ਾਨ ਕਰਦੇ ਹਨ। ਲਾਡੋ ਪੂਰੋ ਜਲੌ ਵਿਚ ਗਈ ਅਤੇ ਉਨ੍ਹਾਂ ਨੂੰ ਖਰੀਆਂ ਖਰੀਆਂ ਸੁਣਾ ਕੇ ਆਈ। ਕਹਿੰਦੀ, “ਤੁਸੀਂ ਜੋ ਵਿਦੇਸ਼ਾਂ ਵਿਚ ਜਾ ਕੇ ਕਰਦੇ ਹੋ ਉਹ ਅਸੀਂ ਪੰਜਾਬ ਆ ਕੇ ਕਰਦੇ ਹਾਂ। ਪਰ ਅਸੀਂ ਹੁਣ ਪੰਜਾਬੀ ਹਾਂ।“
ਪਿਤਾ ਨੇ ਥੋੜ੍ਹੀ ਹੱਲਾਸ਼ੇਰੀ ਦਿੱਤੀ ਤਾਂ ਉਹਦੇ ਹੁਨਰ, ਉਹਦੀ ਪ੍ਰਤਿਭਾ ਨੂੰ ਖੰਭ ਲੱਗ ਗਏ। ਉਸਨੇ ਟੋਕਰੀਆਂ ਬਨਾਉਣ ਦਾ ਬੀੜਾ ਉਠਾ ਲਿਆ। ਸ਼ਹਿਰੋਂ ਖ਼ਰੀਦਦਾਰ ਮਿਲ ਗਏ। ਆਰਡਰ ਆਉਣ ਲੱਗੇ। ਟੋਕਰੀਆਂ ਬਨਾਉਣ ਵਾਲੀ ਫੈਕਟਰੀ ਖੜ੍ਹੀ ਕਰ ਲਈ। ਘਰ-ਪਰਿਵਾਰ ਦਾ ਮੂੰਹ-ਮੱਥਾ ਬਦਲ ਗਿਆ। ਰਸੂਖਦਾਰ ਲੋਕ ਉਸਦੇ ਪਿਤਾ ਬਨਵਾਰੀ ਲਾਲ ਨੰ ਮਿਲਣ, ਫੈਕਟਰੀ ਵੇਖਣ ਆਉਣ ਲੱਗੇ।
ਬਿੱਲੂ: ਮਜ਼ਦੂਰ ਜਮਾਤ ਦੀਆਂ ਮੁਸ਼ਕਲਾਂ ਮੁਸੀਬਤਾਂ, ਆਰਥਿਕ ਤੰਗੀਆਂ ਦੁਆਲੇ ਘੁੰਮਦੀ ਕਹਾਣੀ ਸਕੂਲ ਵਿਚ ਕਲਾਸ ਰੂਮ ਦੇ ਦ੍ਰਿਸ਼ ਤੋਂ ਆਪਣੀ ਦਿਸ਼ਾ ਗ੍ਰਹਿਣ ਕਰਦੀ ਹੈ। ਸਕੂਲ ਵਿਚ ਅਧਿਆਪਕਾਂ ਦੁਆਰਾ ਗ਼ਰੀਬ ਬੱਚਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਵਜ਼ੀਫੇ ਦੇ ਰੂਪ ਵਿਚ ਆਰਥਿਕ ਸਹਾਇਤਾ ਕੀਤੀ ਜਾ ਸਕੇ। ਬਿੱਲੂ ਉਸੇ ਕਲਾਸ ਦਾ ਵਿਦਿਆਰਥੀ ਹੈ। ਬੜਾ ਖੁਸ਼ ਹੁੰਦਾ ਹੈ ਕਿ ਉਸਨੂੰ ਵਜ਼ੀਫ਼ਾ ਮਿਲੇਗਾ ਤਾਂ ਉਹ ਨਵੀਂ ਵਰਦੀ, ਨਵੇਂ ਬੂਟ, ਨਵਾਂ ਬਸਤਾ ਖਰੀਦੇਗਾ। ਘਰ ਵਿਚ ਤਾਂ ਦੋ ਡੰਗ ਦੀ ਰੋਟੀ ਲਈ ਆਟਾ ਵੀ ਨਹੀਂ, ਇਹ ਚੀਜ਼ਾਂ ਉਸਨੂੰ ਕਿਵੇਂ ਮਿਲ ਸਕਦੀਆਂ ਸਨ। ਪਿਓ ਦੀ ਦਿਹਾੜੀ ਟੁੱਟ ਜਾਂਦੀ ਤਾਂ ਸਾਰਾ ਟੱਬਰ ਰੋਟੀ ਦੀ ਥਾਂ ਪਾਣੀ ਪੀ ਕੇ ਸੌਂ ਜਾਂਦਾ।
ਜਦ ਵਜ਼ੀਫ਼ਾ ਮਿਲਣ ਦਾ ਦਿਨ ਆਉਂਦਾ ਹੈ ਤਾਂ ਬਿੱਲੂ ਦਾ ਨਾਂ ਉਸ ਸੂਚੀ ਵਿਚ ਸ਼ਾਮਲ ਨਹੀਂ ਸੀ। ਉਹ ਹੈਰਾਨ ਪ੍ਰੇਸ਼ਾਨ ਹੋ ਜਾਂਦਾ ਹੈ ਅਤੇ ਕਲਾਸ ਵਿਚ ਖੜਾ ਹੋ ਕੇ ਅਧਿਆਪਕ ਅਤੇ ਹੈੱਡਮਾਸਟਰ ਦੇ ਸਾਹਮਣੇ ਬੜੇ ਸਵੈ-ਵਿਸ਼ਵਾਸ ਨਾਲ ਸਪਸ਼ਟ ਸ਼ਬਦਾਂ ਅਤੇ ਉੱਚੀ ਟੁਣਕਦੀ ਆਵਾਜ਼ ਵਿਚ ਅਸਲੀਅਤ ਬਿਆਨ ਕਰ ਦਿੰਦਾ ਹੈ। ਜਿਹੜੇ ਬੱਚਿਆਂ ਨੂੰ ਵਜ਼ੀਫ਼ਾ ਦਿੱਤਾ ਗਿਆ ਹੈ ਉਨ੍ਹਾਂ ਵਿਚੋਂ ਤਾਂ ਕੋਈ ਵੀ ਗ਼ਰੀਬ ਨਹੀਂ। ਸਾਰਿਆਂ ਦੇ ਘਰਾਂ ਦਾ ਗੁਜ਼ਾਰਾ ਚੰਗਾ ਭਲਾ ਚੱਲਦਾ ਹੈ। ਫਿਰ ੳਹ ਆਪਣੇ ਘਰ ਦੀ ਦਸ਼ਾ ਦੱਸਦਾ ਹੈ। ਜਦ ਬਿੱਲੂ ਬੋਲ ਕੇ ਚੁੱਪ ਕਰਦਾ ਹੈ ਤਾਂ ਹੈੱਡਮਾਸਟਰ ਪੁੱਛਦਾ, “ਤੂੰ ਕਿਨ੍ਹਾਂ ਦਾ ਮੁੰਡਾ?” ਬਿੱਲੂ ਉਸੇ ਸੁਰ ਵਿਚ ਜਵਾਬ ਦਿੰਦਾ, “ਮੈਂ ਜੱਟਾਂ ਦਾ ਮੁੰਡਾ।“ ਹੈੱਡਮਾਸਟਰ ਨੇ ਤੱਤਫਟ ਕਿਹਾ, “ਫੇਰ ਤੈਨੂੰ ਵਜ਼ੀਫ਼ਾ ਨਹੀਂ ਮਿਲ ਸਕਦਾ।“
ਬੱਚਿਆਂ ਨੂੰ ਅਜਿਹੀਆਂ ਸਹੂਲਤਾਂ ਅਤੇ ਰਾਖਵਾਂਕਰਨ ਜਾਤ ਪਾਤ ਦੇ ਆਧਾਰ ‘ਤੇ ਨਹੀਂ ਬਲ ਕਿ ਆਰਥਿਕ ਸਥਿਤੀ ਦੇ ਆਧਾਰ ‘ਤੇ ਮਿਲਣਾ ਚਾਹੀਦਾ ਹੈ, ਬਿੱਲੂ ਲਘੂ ਫ਼ਿਲਮ ਇਸ ਵਿਚਾਰ ਨੰ ਬੜੇ ਸ਼ਕਤੀਸ਼ਾਲੀ ਢੰਗ ਨਾਲ ਕਹਿ ਗਈ।
ਛਿੰਦਾ: ਛਿੰਦਾ ਲਘੂ ਫ਼ਿਲਮ ਵਿਚ ਵੀ ਮੁਖ ਵਿਸ਼ਾ ਆਰਥਿਕ ਮਜ਼ਬੂਰੀਆਂ ਹੀ ਹਨ। ਪਰੰਤੂ ਇਕ ਜਿਦ, ਇਕ ਜਦੋਜਹਿਦ, ਇਕ ਚੜ੍ਹਦੀਕਲਾ, ਜਿੰਦਗੀ ਜਿਊਣ ਲਈ ਇਕ ਹਿੰਮਤ, ਇਕ ਹੌਸਲਾ ਦਰਸ਼ਕਾਂ ਦਾ ਧਿਆਨ ਖਿੱਚਦਾ ਹੈ, ਝੰਜੋੜਦਾ ਹੈ।
ਛਿੰਦਾ ਬਚਪਨ ਤੋਂ ਇਕ ਲੱਤ ਤੋਂ ਨਿਕਾਰਾ। ਪਿਓ ਸਦਮੇ ਕਾਰਨ ਅਧਰੰਗ ਦਾ ਸ਼ਿਕਾਰ, ਮਾਂ ਲੋਕਾਂ ਦੇ ਘਰ ਕੰਮ ਕਰਕੇ ਘਰ ਦਾ ਗੁਜਾਰਾ ਤੋਰਦੀ। ਪਰ ਛਿੰਦੇ ਅੰਦਰ ਧੜਕਦਾ ਜੀਵਨ, ਪਰਿਵਾਰ ਲਈ ਕੁਝ ਕਰਨ ਦੀ ਤਾਂਘ, ਕੁਝ ਬਣਨ ਦੀ ਉਮੰਗ ਘਰ ਦੇ ਜੀਆਂ ਅੰਦਰ ਇਕ ਹੌਸਲੇ ਦਾ ਸੰਚਾਰ ਕਰਦੀ, ਚਿਹਰਿਆਂ ‘ਤੇ ਮੁਸਕਾਨ ਬਿਖੇਰ ਜਾਂਦੀ ਹੈ।
ਫੁੱਲਾਂ ਦਾ ਚੋਰ: ਫੁੱਲਾਂ ਦਾ ਚੋਰ ਬੜੀ ਦਿਲਚਸਪ, ਬੜੀ ਪ੍ਰੇਰਨਾਦਾਇਕ, ਬੜੀ ਅਲੱਗ, ਬੜੀ ਮਿਆਰੀ ਲਘੂ ਫ਼ਿਲਮ ਹੈ। ਇਕ ਰਿਕਸ਼ੇ ਵਾਲੇ ਅਤੇ ਉਸਦੇ ਬੱਚਿਆਂ ਦੇ ਇਰਦ ਗਿਰਦ ਘੁੰਮਦੀ ਕਹਾਣੀ ਹੈ। ਪਰ ਬਾਊ ਜੀ ਦਾ ਕਿਰਦਾਰ ਬੜਾ ਵਿਲੱਖਣ, ਬੜਾ ਉਤਸ਼ਾਹੀ, ਬੜਾ ਪ੍ਰਭਾਵਸ਼ਾਲੀ ਹੈ। ਕਹਾਣੀ ਕਈ ਮੋੜ ਕੱਟਦੀ ਦਰਸ਼ਕਾਂ ਨੂੰ ਨਾਲ ਵਹਾ ਕੇ ਲੈ ਜਾਂਦੀ ਹੈ।
ਕਿਸੇ ਲਈ ਕੁਝ ਕਰਨਾ, ਕਿਸੇ ਦੀ ਨਿਰਸੁਆਰਥ ਮਦਦ ਕਰਨੀ ਕਿਵੇਂ ਉਸਦਾ ਜੀਵਨ ਬਦਲ ਸਕਦੀ ਹੈ ਇਸਦੀ ਬੜੀ ਟੁੰਬਵੀਂ, ਬੜੀ ਨਿਵੇਕਲੀ ਉਦਾਹਰਨ ਹੈ ’ਫੁੱਲਾਂ ਦਾ ਚੋਰ‘ ਲਘੂ ਫ਼ਿਲਮ।
ਜਿਵੇਂ ਫੁੱਲਾਂ ਦੀ ਮਹਿਕ ਚਾਰੇ ਪਾਸੇ ਫੈਲਦੀ ਹੈ, ਉਸਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ ਇਵੇਂ ਚੰਗਿਆਈ ਅੱਗੇ ਤੋਂ ਅੱਗੇਫੈਲਦੀ ਹੈ, ਉਸਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ। ਬਾਊ ਜੀ ਤੋਂ ਹੁੰਦੀ ਚੰਗਿਆਈ ਡਾਕਟਰ ਤੱਕ ਪਹੁੰਚ ਗਈ। ਦਰਸ਼ਕ ਹੈਰਾਨ ਰਹਿ ਜਾਂਦਾ ਹੈ। ਇਕ ਸਕੂਨ, ਇਕ ਖੁਸ਼ੀ ਦਰਸ਼ਕ ਅੰਦਰ ਅਟਕ ਜਾਂਦੀ ਹੈ। ਇਸ ਲਘੂ ਫ਼ਿਲਮ ਦੀ ਕਹਾਣੀ ਨਾਨਕ ਸਿੰਘ ਨਾਵਲਕਾਰ ਦੇ ਬੇਟੇ ਸ. ਕੁਲਬੀਰ ਸਿੰਘ ਸੂਰੀ ਦੀ ਲਿਖੀ ਹੋਈ ਹੈ ਜਦ ਕਿ ਇਨ੍ਹਾਂ ਲਘੂ ਫ਼ਲਮਾਂ ਦੇ ਨਿਰਮਾਤਾ ਨਿਰਦੇਸ਼ਕ ਸਰੀਲੇ ਤੇ ਸੰਜੀਦਾ ਗਾਇਕ ਕਲਾਕਾਰ ਹਰਿੰਦਰ ਸੋਹਲ ਹਨ।