ਕੈਲੀਫੋਰਨੀਆ ਦੇ ਮੈਨਟੇਕਾ ਸ਼ਹਿਰ ’ਚ ਵੱਧ ਰਹੇ ਸਿੱਖ ਅਮਰੀਕੀ ਭਾਈਚਾਰੇ ਦੇ ਸਨਮਾਨ ’ਚ ਅਗਲੇ ਸਾਲ ਤਕ ਇਕ ਨਵੀਂ ਗਲੀ ਦਾ ਨਾਮ ‘ਸਿੰਘ ਸਟਰੀਟ’ ਰਖਿਆ ਜਾਵੇਗਾ। ਪਿਛਲੇ ਸਾਲ ਗੁਆਂਢੀ ਸ਼ਹਿਰ ਟਰੇਸੀ ਹਿੱਲ ’ਚ ਵੀ ਇਕ ਗਲੀ ਦਾ ਨਾਂ ‘ਸਿੰਘ ਸਟਰੀਟ’ ਰਖਿਆ ਗਿਆ ਸੀ।
ਇਹ ਸਟਰੀਟ, ਈਸਟ ਐਥਰਟਨ ਡਰਾਈਵ ਅਤੇ ਆਸਟਿਨ ਰੋਡ ਦੇ ਵਿਚਕਾਰ ਇਕ ਕਨੈਕਟਰ, ਹਾਈਵੇ 99/120 ਬਾਈਪਾਸ ਕਨੈਕਟਰ ਪ੍ਰਾਜੈਕਟ ਦਾ ਹਿੱਸਾ ਹੈ। ਮੇਅਰ ਗੈਰੀ ਸਿੰਘ ਨੇ ਇਹ ਨਾਮ ਇਲਾਕੇ ਵਿਚ ਸਿੱਖ ਅਮਰੀਕੀਆਂ ਦੀ ਮਹੱਤਵਪੂਰਣ ਮੌਜੂਦਗੀ ਨੂੰ ਦਰਸਾਉਣ ਲਈ ਸੁਝਾਅ ਦਿਤਾ। ਉਨ੍ਹਾਂ ਇਸ ਨਾਂ ਦੀ ਸਿਫ਼ਾਰਸ਼ ਕਰਦਿਆਂ ਕਿਹਾ, ‘‘ਇਹ ਨਾਂ ਮੈਂ ਇਸ ਲਈ ਨਹੀਂ ਸਿਫ਼ਾਰਸ਼ ਕੀਤਾ ਕਿਉਂਕਿ ਮੇਰੇ ਨਾਂ ਪਿੱਛੇ ਇਹ ਲਗਦਾ ਹੈ। ‘ਸਿੰਘ’ ਨਾਮ ਦਾ ਪੰਜਾਬੀ ’ਚ ਮਤਲਬ ‘ਸ਼ੇਰ’ ਹੈ ਅਤੇ ਇਹ ਸਾਹਸ, ਤਾਕਤ ਅਤੇ ਬਰਾਬਰੀ ਦਾ ਪ੍ਰਤੀਕ ਹੈ, ਜਿਵੇਂ ਕਿ ਸਿੱਖ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖਾਂ ਨੂੰ ਇਹ ਉਪਨਾਮ ਬਖਸ਼ਿਸ਼ ਕੀਤਾ ਗਿਆ ਸੀ।’’