ਅਮਰੀਕਾ ਦੇ ਸ਼ਹਿਰ ਡੈਲਸ ਵਿਖੇ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਕੀਤਾ ਗਿਆ ਆਯੋਜਿਤ

ਨਿਊਯਾਰਕ , 21 ਅਗਸਤ (ਰਾਜ ਗੋਗਨਾ)- ਬੀਤੇ ਦਿਨ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ (ਸਿਆਨਾ) ਵਲੋਂ ਕਰਵਾਏ ਜਾਂਦੇ ਚਾਰ ਰੋਜ਼ਾ ਸਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ 2024 ਸੰਬੰਧੀ ਮੁਕਾਬਲੇ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਵਿਖੇ ਆਯੋਜਿਤ ਕੀਤੇ ਗਏ। ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਏ ਪ੍ਰੋਗਰਾਮਾਂ ਵਿਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 61 ਦੇ ਕਰੀਬ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ।ਸਿਮਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵਲੋਂ ਇਹ ਸਮਾਗਮ ਸਾਲ 1989 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿੱਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ‘ਚ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿੱਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ। ਅਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿੱਚ ਜਾਂਦੇ ਹਨ।ਉਹਨਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿੱਚ ਵੰਡਿਆ ਗਿਆ ਹੈ।

ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿੱਚੋ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਮਾਈ ਗੁਰੂਜ਼ ਬਲੈਸਿੰਗਜ਼”, ਦੂਜੇ ਨੂੰ “ਟੀਚਿੰਗ ਸਿੱਖ ਹੈਰੀਟੇਜ ਟੂ ਯੂਥ”, ਤੀਜੇ ਨੂੰ “20 ਮਿੰਟ ਗਾਈਡ ਟੂ ਦਿ ਸਿੱਖ ਫੇਥ” ਅਤੇ ਚੌਥੇ ਨੂੰ “ਕਲੈਸ਼ ਆਫ ਕਲਚਰਜ਼” ਪੁਸਤਕ ਦਿੱਤੀ ਗਈ। ਇਹਨਾਂ ਵਿੱਚੋਂ ਉਹਨਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਭਾਸ਼ਨ ਨਾਲ ਦਿੱਤੇ।1984 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਦੀ 40ਵੀ ਵਰ੍ਹੇਗੰਢ ਨੂੰ ਸਮਰਪਿਤ, ਪੰਜਵੇਂ ਗਰੁੱਪ ਦਾ ਵਿਸ਼ਾ, “1984 ਦਾ ਘੱਲੂਘਾਰਾ, ਉਸ ਤੋਂ ਬਾਅਦ ਦਾ ਸਿੱਖ ਸੰਘਰਸ਼, ਅਤੇ ਖਾਲਸਾ ਜੀ ਦੇ ਬੋਲ ਬਾਲੇ” ਰੱਖਿਆ ਗਿਆ ਸੀ। ਇਸ ਵਿਚ ਭਾਗ ਲੈਣ ਵਾਲੇ 16 ਤੋਂ 22 ਸਾਲਾਂ ਦੇ 12 ਨੌਜਵਾਨਾਂ ਨੇ ਵਿਸ਼ੇ ਸੰਬੰਧੀ ਡਿਬੇਟ ਵਿੱਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਇਹ ਡਿਬੇਟ ਲਗਭਗ ਚਾਰ ਘੰਟੇ ਤੱਕ ਚੱਲੀ ਅਤੇ ਇਸ ਵਿੱਚ ਸ਼ੁਰੂਆਤੀ ਬਿਆਨ, ਪੁੱਛੇ ਗਏ ਪ੍ਰਸ਼ਨਾਂ ਅਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ। ਡਿਬੇਟ ਦੇ ਸੰਚਾਲਕ ਉਹ ਨੌਜਵਾਨ ਸਨ ਜਿਹੜੇ ਪਹਿਲਾਂ ਇਹਨਾਂ ਮੁਕਾਬਲਿਆਂ ‘ਚ ਸ਼ਾਮਲ ਹੁੰਦੇ ਰਹੇ ਸਨ। ਅਤੇ ਹੁਣ ਉਹੀ ਇਹਨਾਂ ਸਮਾਗਮਾਂ ‘ਚ ਵਲੰਟੀਅਰ ਕਰ ਰਹੇ ਹਨ।ਇਹਨਾਂ ਸਲਾਨਾ ਫਾਈਨਲ ਮੁਕਾਬਲਿਆਂ ‘ਚ ਪਹੁੰਚਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਮ ਦਾ ਇਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਹੈ ਜਿਸ ਵਿੱਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਜਾਂਦਾ ਹੈ।ਅਤੇ ਉਹਨਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ।

ਇਸ ਪ੍ਰੋਗਰਾਮ ਦੌਰਾਨ 84 ਦੇ ਘੱਲੂਘਾਰੇ ਅਤੇ ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਇਹਨੀ ਪ੍ਰਭਾਵਸ਼ਾਲੀ ਸੀ ਕਿ ਹਾਜ਼ਰ ਮਹਿਮਾਨਾਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ।ਸਿਮਪੋਜ਼ੀਅਮ ਵਿੱਚ ਪਹਿਲੇ ਗਰੁੱਪ ਵਿੱਚ ਅਟਲਾਟਾਂ ਤੋਂ ਜੀਅਰਾ ਕੌਰ, ਦੂਜੇ ਵਿੱਚ ਓਨਟਾਰੀਓ ਤੋਂ ਕੇਸਰ ਸਿੰਘ, ਤੀਜੇ ਵਿਚ ਨੋਰਥ ਕੈਰੋਲਾਈਨਾ ਤੋਂ ਬਿਸਮਾਦ ਕੌਰ, ਚੌਥੇ ਵਿਚ ਕੈਲੀਫੋਰਨੀਆ ਤੋਂ ਏਕਨੂਰ ਸਿੰਘ, ਅਤੇ ਪੰਜਵੇਂ ਵਿੱਚ ਨਾਰਥ ਕੈਰੋਲਾਈਨਾ ਤੋਂ ਰੂਹਾਨੀ ਕੌਰ ਪਹਿਲੇ ਸਥਾਨ ‘ਤੇ ਰਹੇ। ਜੇਤੂਆਂ ਤੋਂ ਇਲਾਵਾ ਸਾਰੇ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਪੁਰਸਕਾਰ “ਡਿਸਟਿਗਯੂਟਿਸ਼ਡ ਸਪੀਕਰ ਅਵਾਰਡ” ਦਿੱਤਾ ਗਿਆ।ਸਿਆਨਾ ਸੰਸਥਾ ਦੇ ਕਨਵੀਨਰ ਸ. ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆ ਨੂੰ ਜਿੱਥੇ ਸਿੱਖ ਇਤਿਹਾਸ, ਗੁਰਬਾਣੀ, ਧਰਮ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਨਾਲ ਹੀ ਉਹਨਾਂ ਨੂੰ ਭਾਸ਼ਨ ਲਿਖਣ ਤੇ ਬੋਲਣ ਦਾ ਵੀ ਪਤਾ ਲਗਦਾ ਹੈ। ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨ, ਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ। ਉਹਨਾਂ ਡੈਲਸ ਵਿਖੇ ਇਸ ਸਲਾਨਾ ਸਮਾਗਮ ਨੂੰ ਸਫਲਤਾਪੂਰਵਕ ਆਯੋਜਤ ਕਰਨ ਲਈ ਬੱਚਿਆਂ, ਸੰਗਤ, ਟੈਕਸਾਸ ਸੂਬੇ ਦੇ ਕਨਵੀਨਰ ਹਰਦੀਪ ਕੌਰ ਮੱਲ੍ਹੀ, ਉਹਨਾਂ ਦੇ ਨਾਲ ਸਾਰੇ ਵਲੰਟੀਅਰਾਂ, ਅਤੇ ਗੁਰਦੁਆਰਾ ਸਾਹਿਬ ਦੀ ਸਮੂੰਹ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ। ਇਹ ਵੀ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਦਾ ਅੰਤਰਰਾਸ਼ਟਰੀ ਸਿਮਪੋਜ਼ੀਅਮ ਕੈਲੀਫੌਰਨੀਆ ਸੂਬੇ ਦੇ ਸ਼ਹਿਰ ਬੇਕਰਸਫੀਲਡ ਵਿਖੇ ਕਰਵਾਇਆ ਜਾਵੇਗਾ।