ਅਮਰੀਕੀ ਫੌਜ ’ਚ ਧਾਰਮਿਕ ਆਜ਼ਾਦੀ ਲਈ ਇਕ ਇਤਿਹਾਸਕ ਕਾਨੂੰਨੀ ਜਿੱਤ ’ਚ, ਇਕ ਸਾਬਤ ਸੂਰਤ ਸਿੱਖ ਨੇ ਸ਼ੁਕਰਵਾਰ ਨੂੰ ਮਰੀਨ ਕੋਰ ਦੀ ਭਰਤੀ ਸਿਖਲਾਈ ਤੋਂ ਪੂਰੀ ਕਰ ਕੇ ਗ੍ਰੈਜੂਏਟ ਕੀਤਾ। ਮਰੀਨ ਕੋਰ ਰਿਕਰੂਟ ਡਿਪੂ ਸੈਨ ਡਿਏਗੋ ਵਿਖੇ ਪਰੇਡ ਡੈੱਕ ’ਤੇ ਰਾਸ਼ਟਰੀ ਗੀਤ ਸੁਣਦੇ ਹੋਏ ਸਾਵਧਾਨ ਮੁਦਰਾ ’ਚ ਖੜੇ ਪ੍ਰਾਈਵੇਟ ਫ਼ਰਸਟ ਕਲਾਸ (ਪੀ.ਐੱਫ.ਸੀ.) ਜਸਕੀਰਤ ਸਿੰਘ ਲਈ ਇਹ ਦਿਨ ਨਾ ਸਿਰਫ਼ ਤਿੰਨ ਮਹੀਨਿਆਂ ਦੀ ਸਖ਼ਤ ਸਿਖਲਾਈ ਦਾ, ਸਗੋਂ ਲਗਭਗ ਦੋ ਸਾਲਾਂ ਦੀ ਕਾਨੂੰਨੀ ਲੜਾਈ ਦਾ ਵੀ ਸਿੱਟਾ ਸੀ, ਜਿਸ ਨੇ ਉਸ ਨੂੰ ਬੂਟ ਕੈਂਪ ਵਿਚ ਪੱਗ ਅਤੇ ਦਾੜ੍ਹੀ ਸਮੇਤ ਖੜੇ ਰਹਿਣ ਦੀ ਇਜਾਜ਼ਤ ਦਿਤੀ ਸੀ।
ਸਿੱਖ ਕੁਲੀਸ਼ਨ ਅਨੁਸਾਰ ਉਹ ਸੰਭਾਵਤ ਤੌਰ ’ਤੇ ਭਰਤੀ ਸਿਖਲਾਈ ਤੋਂ ਗ੍ਰੈਜੂਏਟ ਹੋਣ ਵਾਲਾ ਪਹਿਲਾ ਭਰਤੀ ਮਰੀਨ ਹੈ, ਜੋ ਸਾਬਤ ਸੂਰਤ ਸਿੱਖ ਹੋਵੇਗਾ। ਸਿੱਖ ਕੁਲੀਸ਼ਨ ਨੇ, ਹੋਰ ਵਕੀਲਾਂ ਦੇ ਨਾਲ, ਉਸ ਦੀ ਅਤੇ 50 ਤੋਂ ਵੱਧ ਸਿੱਖ ਅਮਰੀਕੀਆਂ ਦੀ ਧਾਰਮਿਕ ਪਹਿਰਾਵੇ ਸਮੇਤ ਫੌਜੀ ਬਣਨ ’ਚ ਮਦਦ ਕੀਤੀ ਹੈ। ਸਿੱਖ ਕੁਲੀਸ਼ਨ ਵਲੋਂ ਜਾਰੀ ਪ੍ਰੈਸ ਬਿਆਨ ’ਚ ਜਸਕੀਰਤ ਸਿੰਘ ਨੇ ਕਿਹਾ, ‘‘ਮਰੀਨ ਕੋਰ ’ਚ ਅਪਣੇ ਦੇਸ਼ ਦੀ ਸੇਵਾ ਕਰਨ ਦਾ ਮਾਣ ਮਹਿਸੂਸ ਕਰਦਾ ਹਾਂ, ਅਤੇ ਮੈਨੂੰ ਮਾਣ ਹੈ ਕਿ ਮੈਂ ਅਪਣੇ ਸਿੱਖ ਧਰਮ ਦਾ ਸਤਿਕਾਰ ਕਰਦੇ ਹੋਏ ਅਜਿਹਾ ਕਰਨ ਦੇ ਯੋਗ ਹੋਇਆ ਹਾਂ।
ਮੈਨੂੰ ਉਮੀਦ ਹੈ ਕਿ ਮੇਰੀ ਗ੍ਰੈਜੂਏਸ਼ਨ ਹੋਰ ਨੌਜਵਾਨ ਸਿੱਖਾਂ ਨੂੰ ਇਕ ਸਪੱਸ਼ਟ ਸੰਦੇਸ਼ ਭੇਜਦੀ ਹੈ ਜੋ ਫੌਜੀ ਸੇਵਾ ਬਾਰੇ ਵਿਚਾਰ ਕਰ ਰਹੇ ਹਨ: ਤੁਹਾਡੀ ਸ਼ਰਧਾ ਕਿਸੇ ਵੀ ਕਰੀਅਰ ਲਈ ਰੁਕਾਵਟ ਨਹੀਂ ਬਣਨੀ ਚਾਹੀਦੀ।’’ ਜਸਕੀਰਤ ਸਿੰਘ ਨੇ 0311 ਫੌਜੀ ਕਿੱਤਾਮੁਖੀ ਵਿਸ਼ੇਸ਼ਤਾ, ਜਾਂ ਪੈਦਲ ਫੌਜੀ ਵਜੋਂ ਗ੍ਰੈਜੂਏਸ਼ਨ ਕੀਤੀ। ਪ੍ਰੈਸ ਰਿਲੀਜ਼ ਅਨੁਸਾਰ, ਜਸਕੀਰਤ ਸਿੰਘ ਦੀ ਪ੍ਰਾਪਤੀ ਸਿੱਖ ਕੁਲੀਸ਼ਨ ਅਤੇ ਮਰੀਨ ਕੋਰਪਸ ਵਿਚਕਾਰ ਨਵੰਬਰ 2021 ਤੋਂ ਭਰਤੀਆਂ ਨੂੰ ਲੈ ਕੇ ਚੱਲੀ ਲੰਮੀ ਗੱਲਬਾਤ ’ਚ ਇਕ ਮਹੱਤਵਪੂਰਨ ਕਦਮ ਦਰਸਾਉਂਦੀ ਹੈ।
ਇਹ ਗੱਲਬਾਤ ਪਿਛਲੇ ਸਾਲ ਅਪ੍ਰੈਲ ’ਚ ਸਿਖਰ ’ਤੇ ਪਹੁੰਚ ਗਈ ਸੀ ਜਦੋਂ ਜਸਕੀਰਤ ਸਿੰਘ ਅਤੇ ਤਿੰਨ ਹੋਰ ਮੁਦਈਆਂ ਨੇ ਅਮਰੀਕੀ ਸਰਕਾਰ ’ਤੇ ਮੁਕੱਦਮਾ ਕੀਤਾ ਜਦੋਂ ਮਰੀਨ ਕੋਰ ਨੇ ਕਿਹਾ ਸੀ ਕਿ ਸਿੱਖਾਂ ਨੂੰ ਬੂਟ ਕੈਂਪ ਦੌਰਾਨ ਅਪਣੀਆਂ ਪੱਗਾਂ ਅਤੇ ਦਾੜ੍ਹੀਆਂ ਨੂੰ ਸਮਰਪਣ ਕਰਨ ਦੀ ਲੋੜ ਹੋਵੇਗੀ। ਆਖਰਕਾਰ, ਡੀ.ਸੀ. ਸਰਕਟ ਕੋਰਟ ਆਫ ਅਪੀਲਜ਼ ਨੇ ਜਸਕੀਰਤ ਸਿੰਘ ਨੂੰ ਇਕ ਮੁਢਲਾ ਹੁਕਮ ਦਿਤਾ ਅਤੇ ਫੈਸਲਾ ਦਿਤਾ ਕਿ ਮਰੀਨ ਕੋਰਪਸ ਨੂੰ ਸਿਖਲਾਈ ਦੌਰਾਨ ਸਿੱਖਾਂ ਲਈ ਵਾਲ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਜਸਕੀਰਤ ਸਿੰਘ ਮਈ 2023 ’ਚ ਬੂਟ ਕੈਂਪ ਲਈ ਰਵਾਨਾ ਹੋਇਆ ਸੀ।
ਹਾਲਾਂਕਿ ਕਾਨੂੰਨੀ ਜਿੱਤ ਸਿਰਫ ਅੰਸ਼ਕ ਸੀ, ਅਤੇ ਵਕੀਲ ਇਸ ਦਾ ਘੇਰਾ ਮੋਕਲਾ ਕਰਨ ਲਈ ਜ਼ੋਰ ਦੇ ਰਹੇ ਹਨ। ਜਸਕੀਰਤ ਸਿੰਘ ਅਤੇ ਅਮਰੀਕੀ ਫ਼ੌਜ ਦੇ ਇਕ ਹੋਰ ਸਿੱਖ ਕੈਪਟਨ ਸੁਖਬੀਰ ਸਿੰਘ ਤੂਰ ਨੂੰ ਅਜੇ ਵੀ ਜੰਗ ਦੇ ਮੈਦਾਨ ’ਚ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਹੈ। ਮਿਲਟਰੀ ਨੇ ਪਹਿਲਾਂ ਇਹ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਦਾੜ੍ਹੀ ਰੱਖਣ ਨਾਲ ਗੈਸ ਮਾਸਕ ਪਹਿਨਣ ਅਤੇ ਚਿਹਰੇ ਦੇ ਦੁਆਲੇ ਸੁਰੱਖਿਆਤਮਕ ਸੀਲ ਬਣਾਉਣ ਵਰਗੇ ਫੌਜੀ ਕੰਮਾਂ ਵਿਚ ਦਖਲਅੰਦਾਜ਼ੀ ਹੁੰਦੀ ਹੈ। ਛੁੱਟੀ ਤੋਂ ਬਾਅਦ ਜਸਕੀਰਤ ਸਿੰਘ ਵਾਧੂ ਸਿਖਲਾਈ ਲਈ ਕੈਲੀਫੋਰਨੀਆ ਦੇ ਕੈਂਪ ਪੈਂਡਲਟਨ ਵੀ ਜਾਵੇਗਾ।