ਸਾਰੇ ਸਰੋਤਿਆਂ ਨੂੰ ਪ੍ਰਣਾਮ। ਅਸੀਂ ਇੱਥੇ ਗਰਮੀ ਨਾਲ ਯੁੱਧ ਕਰ ਰਹੇ ਹਾਂ। ਤੁਹਾਡੇ ਦੇਸ਼ ਮੁਤਾਬਿਕ ਮੌਸਮ ਦਾ ਆਨੰਦ ਮਾਣੋ। ਰੁੱਤ-ਰੁੱਤ ਦਾ ਮੇਵਾ ਹੈ। ਲੌ ਬਈ ਅੱਗੇ ਸਮਾਚਾਰ ਇਹ ਹੈ ਕਿ ਪੁੰਨੂੰ ਕਾ ਵੇਹਲੜ ਮੋਬਾਈਲ-ਮੈਨ ਧੌਣ ਝੁਕਾ, ਵੀਡੀਓ ਵੇਖਣ ਚ ਮਸਤ ਸੀ ਕਿ ਤਾਏ ਭਜਨੇ ਨੇ ਪੁੱਛਿਆ, “ਆਹ ਸਾਡੇ ਵੇਲਿਆਂ ਆਲੀ ਸੂਲੀ ਦੀ ਛਾਲ ਕਿੱਥੋਂ ਭਾਲੀ ਐ ਓਇ?" ਇੱਕ ਦਮ ਤ੍ਰਭਕ ਕੇ ਖੀਰੇ ਨੇ ਤਾਂਹ ਨੂੰ ਝਾਕਿਆ ਤਾਂ ਧੌਣ ਨੇ ਕੜੱਕ ਕੀਤੀ, ਫੜੱਕ ਦੇਣੇਂ ਬਿਰਕਿਆ, “ਇਹ ਤਾਂ ਤਾਇਆ ਖੇਡ ਐ ਬਾਜੀਗਰਾਂ ਦੀ, ਐਧਰ ਸੰਗਰੂਰ ਦੇ ਲਿਵੇ, ਬਾਲਦ-ਖੁਰਦ ਤੋਂ ਪਾਈ ਆ ਕਿਸੇ ਨੇ, ਪਰ ਇਹ ਹੁੰਦੀ ਕੀ ਐ ਸੂਲੀ ਦੀ ਛਾਲ? “ਦੱਸਦੈਂ, ਪਰ ਪਹਿਲਾਂ ਇਹਨੂੰ ਬੰਦ ਕਰ, ਧਿਆਨ ਨਾਲ ਸੁਣ, ਆਵਦੀਆਂ ਅੱਖਾਂ ਅਤੇ ਸਰੀਰ ਵੀ ਬਚਾ", ਗੁਰਭਜਨ ਸਿੰਹੁ ਨੇ ਸਿੱਖ-ਮੱਤ ਦਿੱਤੀ। ਖੀਰੇ ਨੇ ਮਸਾਂ ਹੀ, ਘੀਰ-ਘੀਰ ਕਰਦੇ ਨੇ, ਔਖੇ ਜਿਹੇ ਹੋ ਕੇ, ਬਿਨ ਬੱਦਲੋਂ ਪਈ ਬਿਜਲੀ ਵਰਗੇ ਤਾਏ, ਸਾਹਮਣੇ ਫੋਨ ਬੰਦ ਕਰਤਾ। “ਏਹ ਬੱਲਿਆ ਜਦੋਂ ਪਿੰਡ
ਚ ਕਦੇ ਸਾਲੀਂ-ਬੱਧੀ ਬਾਜੀਕਰ ਬਾਜੀ ਪਾਂਉਂਦੇ ਸੀ ਤਾਂ, ਕਈ ਪਿੰਡਾਂ ਦਾ ਮੇਲਾ ਲੱਗ ਜਾਂਦਾ ਸੀ।
ਆਪਣੇ ਪਿੰਡ ਬੁੱਘੇ ਬਾਜੀਕਰ ਨੇ ਕੇਰਾਂ ਰਿਸ਼ਤੇਦਾਰ-ਖਿਡਾਰੀ ਇਕੱਠੇ ਕਰਕੇ ਪਵਾਈ ਸੀ। ਕਈ ਦਿਨ ਤਿਆਰੀ ਹੋਈ, ਢੋਲ ਖੜਕਿਆ। ਭਲਵਾਨਾਂ ਨੇ, ਨਿੱਕੀਆਂ-ਮੋਟੀਆਂ ਛਾਲਾਂ ਲਾ ਸਰੀਰ ਗਰਮ ਕੀਤੇ। ਕਈ ਜਵਾਨ ਲੋਹੇ ਦੇ ਕੜਿਆਂ
ਚੋਂ ਇਕੱਠੇ ਲੰਘੇ। ਤੇਲ ਲਾ-ਲਾ ਲਿਸ਼ਕਦੇ ਸਰੀਰਾਂ ਨੇ ਬੋਲੀਆਂ ਵੀ ਪਾਈਆਂ। ਲੋਹੜੇ ਦਾ ਇਕੱਠ ਸੀ। ਛੱਤਾਂ ਟੁੱਟਦੀਆਂ ਸੀ। ਖੇਤੂ ਹੁਰੀਂ ਦਾਣੇ, ਫੁਲਕਾਰੀਆਂ, ਖੇਸ, ਪੈਸੇ, ਗੁੜ ਸੰਭਾਲਣ ਦੀ ਸੇਵਾ ਕਰ ਰਹੇ ਸਨ। ਅਖੀਰ ਉੱਤੇ ਸੂਲੀ ਦੀ ਛਾਲ ਲੱਗਣੀ ਸੀ। ਜਵਾਨ ਤਿਆਰ ਹੋਇਆ। ਮੰਜਾ ਉੱਪਰ ਚੁੱਕਿਆ ਗਿਆ। ਪਰ ਪੰਚਾਇਤ ਨੇ ਅੱਗੇ ਹੋ ਕੇ, ਇਨਾਮ ਦੇ ਕੇ ਰੋਕ ਦਿੱਤਾ। ਅਸਲ ਚ ਇਹ ਖਤਰਨਾਕ ਖੇਡ ਵਿੱਚ, ਜਵਾਨ ਦੌੜ ਕੇ, ਇੱਕ ਕੂਲੇ ਫੱਟੇ ਉੱਪਰ ਇੱਕ ਪੈਰ ਨਾਲ ਜੰਪ ਲੈ ਕੇ, ਅੱਗੇ ਇੱਕ ਮੰਜੇ ਉੱਪਰ ਦੀ ਉੱਡ ਕੇ ਥੱਲੇ ਧੌਣ ਪਰਨੇ ਡਿੱਗਦਾ ਹੈ। ਤਾਰੂਆਣੇ ਅੱਲ, ਧੌਣ ਜਰਾਕਾ ਖਾ ਗੀ ਅਤੇ ਖਿਡਾਰੀ ਮਰ ਗਿਆ ਸੀ। ਫੇਰ ਪੰਚਾਇਤਾਂ, ਇਨਾਮ ਦੇ ਕੇ ਰੋਕਣ ਲੱਗੀਆਂ।
ਇਹ ਸੀ ਸੂਲੀ ਦੀ ਛਾਲ, ਸਮਝੇ।" ਹੋਰ, ਅਸੀਂ ਪੰਜਾਬ ਦੇ ਜੰਮੇ, ਹੁੰਮਸ ਵਿੱਚ ਵੀ, ਤੀਆਂ ਵਰਗੇ ਦਿਨ ਬਿਤਾ ਰਹੇ ਹਾਂ। ਬੱਦਲ, ਘਟਾਵਾਂ, ਝੋਨਾ, ਨਰਮਾ, ਜਵਾਰ ਅਤੇ ਖੱਟੇ-ਮਿੱਠੇ, ਜਾਮਨੂੰਆਂ ਦੀ ਰੁੱਤ ਹੈ। ਬਾਕੀ, ਚੱਕਾਂ, ਜੰਡਾਂ, ਖੇੜੇ, ਮਾਜਰੇ, ਡੇਰੇ, ਢਾਣੀਆਂ ਅਤੇ ਕੋਠਿਆਂ ਆਲੇ ਕਾਇਮ ਹਨ। ਔਖੇ ਹੋ ਕੇ ਵੀ, ਗਮੀਆਂ-ਸ਼ਾਦੀਆਂ ਨਿਭਾ ਰਹੇ ਹਾਂ। ਸੁਣਿਐਂ, ਬਈ ਜ਼ਮੀਨਾਂ, ਪਲਾਟਾਂ ਅਤੇ ਘਰਾਂ ਦੇ ਭਾਅ ਵੱਧ ਰਹੇ ਹਨ। ਸ਼ਹਿਰ ਨਾਲੋਂ, ਪੇਂਡੂ ਭਾਈਚਾਰਾ ਅਜੇ ਵੀ ਕਾਇਮ ਹੈ। ਸੱਚ- ਰੱਖੜੀ ਦੀਆਂ ਤਿਆਰੀਆਂ ਹਨ। ਸਿਆਲਾਂ ਦਾ ਬਣਾ ਲੋ, ਕੋਈ ਆਉਣ ਦਾ ਪ੍ਰੋਗਰਾਮ? ਚੰਗਾ, ਮਿਲਾਂਗੇ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061