ਪੰਜਾਬੀ ਵਿਚ ਕਵਿਤਾਵਾਂ ਦੀਆਂ ਪੁਸਤਕਾਂ ਦਾ ਹੜ੍ਹ ਆਇਆ ਹੋਇਆ ਹੈ, ਸੋਸ਼ਲ ਮੀਡੀਆ ਤੇ ਵੀ ਕਵਿਤਾਵਾਂ ਦੀ ਭਰਮਾਰ ਹੈ। ਪਾਠਕ ਫੇਰ ਵੀ ਚੰਗੀ ਕਵਿਤਾ ਨੂੰ ਤਰਸ ਰਹੇ ਹਨ। ਕੀ ਕਵੀਆਂ ਨੂੰ ਕਵਿਤਾ ਲਿਖਣੀ ਭੁੱਲ ਗਈ ਹੈ ਜਾਂ ਪਾਠਕ ਕਵਿਤਾ ਨੂੰ ਸਮਝਣ ਤੋਂ ਅਸਮਰਥ ਹਨ? ਜੁਆਬ ਕੋਈ ਨਹੀਂ ਜਾਣਦਾ। ਪਰ ਅਜਿਹੇ ਹਾਲਾਤ ਵਿਚ ਵੀ ਜੇ ਕਿਸੇ ਕਵੀ ਦਾ ਪਹਿਲਾ ਕਾਵਿ ਸੰਗ੍ਰਿਹ ਹੀ ਪਾਠਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ ਅਤੇ ਆਲੋਚਕਾਂ ਨੂੰ ਵੀ ਆਪਣੇ ਵੱਲ ਪ੍ਰੇਰਿਤ ਕਰਦਾ ਹੈ ਤਾਂ ਉਸ ਕਵੀ ਦੀ ਕਾਵਿ ਕਲਾ ਨੂੰ ਜੀ ਆਇਆ ਕਹਿਣਾ ਸਭ ਦਾ ਫਰਜ਼ ਬਣਦਾ ਹੈ। ਜਿਸ ਕਵੀ ਦੀਆਂ ਫੇਸਬੁੱਕ ਤੇ ਪਾਈਆਂ ਕਵਿਤਾਵਾਂ ਪੜ੍ਹ ਕੇ ਚੰਗੇ ਮੈਗਜ਼ੀਨਾਂ ਦੇ ਸੰਪਾਦਕ, ਕਵੀ ਨੂੰ ਸੁਨੇਹਾ ਭੇਜਦੇ ਹਨ ਕਿ ਤੁਹਾਡੀ ਕਵਿਤਾ ਅਸੀਂ ਆਪਣੇ ਮੈਗਜ਼ੀਨ ਦੇ ਆਉਂਦੇ ਅੰਕ ਵਿਚ ਲਾਉਣ ਦੀ ਖੁਸ਼ੀ ਲੈ ਰਹੇ ਹਾਂ, ਤਾਂ ਉਸ ਕਵੀ ਸੰਬੰਧੀ ਅਤੇ ਉਸ ਦੀ ਕਵਿਤਾ ਸੰਬੰਧੀ ਹੋਰ ਜਾਣਨ ਦੀ ਇੱਛਾ ਪੈਦਾ ਹੋਣੀ ਕੁਦਰਤੀ ਹੀ ਹੈ। ਮੈਂ ਵੀ ਫੇਸਬੁੱਕ ਤੇ ਪਹਿਲਾਂ ਉਸ ਦੀਆਂ ਅੰਗਰੇਜੀ ਕਵਿਤਾਵਾਂ ਪੜ੍ਹੀਆਂ, ਫੇਰ ਉਹ ਪੰਜਾਬੀ ਕਵਿਤਾਵਾਂ ਲਿਖਣ ਵੱਲ ਪ੍ਰੇਰਿਤ ਹੋਇਆ। ਉਸ ਨਾਲ ਜਾਣ-ਪਛਾਣ ਵਧੀ ਤਾਂ ਮੈਂ ਉਸ ਦੀਆਂ ਕੁਝ ਕਹਾਣੀਆਂ ਆਪਣੇ ਵੱਲੋਂ ਪਰਵਾਸੀ ਕਹਾਣੀਕਾਰਾਂ ਦੀ ਸੰਪਾਦਿਤ ਕੀਤੀ ਪੁਸਤਕ(ਹੁੰਗਾਰਾ ਕੌਣ ਭਰੇ) ਵਿਚ ਸ਼ਾਮਲ ਕੀਤੀਆਂ ਅਤੇ ਉਸ ਨੂੰ ਪੰਜਾਬੀ ਦੀਆਂ ਕਵਿਤਾਵਾਂ ਦਾ ਕਾਵਿ ਸੰਗ੍ਰਿਹ ਛਾਪਣ ਦੀ ਸਲਾਹ ਵੀ ਦਿੱਤੀ। ਕੁਝ ਹੋਰ ਵਿਦਵਾਨਾਂ ਨੇ ਵੀ ਉਸ ਨੂੰ ਇਸ ਸੰਬੰਧੀ ਪ੍ਰੇਰਿਤ ਕੀਤਾ। ਨਤੀਜੇ ਵੱਜੋਂ ਉਸ ਨੇ ਆਪਣਾ ਪਲੇਠਾ ਕਾਵਿ ਸੰਗ੍ਰਿਹ ‘ਖ਼ਾਲੀ ਆਲ੍ਹਣਾ’ ਪ੍ਰਕਾਸ਼ਿਤ ਕਰਵਾਉਣ ਦਾ ਹੰਭਲਾ ਮਾਰਿਆ।
ਪ੍ਰਸਤੁਤ ਪੁਸਤਕ ਵਿਚ 43 ਕਵਿਤਾਵਾਂ ਹਨ। ਸਾਰੀਆਂ ਹੀ ਕਵਿਤਾਵਾਂ ਖੁਲ੍ਹੇ ਬਹਿਰ ਦੀਆਂ ਹਨ, ਪਰ ਇਹਨਾਂ ਵਿਚ ਸੁਰ, ਤਾਲ, ਲੈ, ਕਾਵਿਕਤਾ ਆਦਿ ਸਰੋਦੀ ਕਾਵਿ ਤੋਂ ਵੀ ਵੱਧ ਹੈ। ਕਵੀ ਕੋਲ ਕਹਿਣ ਨੂੰ ਬਹੁਤ ਕੁਝ ਹੈ। ਪਿਛਲੇ ਲੰਮੇ ਸਮੇਂ ਤੋਂ ਉਹ ਕੈਨੇਡਾ ਰਹਿ ਰਿਹਾ ਹੈ, ਪਰ ਪੰਜਾਬ ਉਸ ਦੇ ਧੁਰ ਅੰਦਰ ਤੱਕ ਵਸਿਆ ਹੋਇਆ ਹੈ। ਉਹ ਪੰਜਾਬੀਆਂ ਦੇ ਪੁਰਾਤਨ ਰਹਿਣ-ਸਹਿਣ ਦਾ ਤਾਂ ਜਾਣੂ ਹੈ ਹੀ, ਪਰ ਨਵੀਂ ਪੀੜ੍ਹੀ ਦੇ ਵਰਤਾਰਿਆਂ ਨੂੰ ਵੀ ਚੰਗੀ ਤਰਾਂ ਜਾਣਦਾ ਹੈ। ਕੈਨੇਡਾ ਵਿਚ ਜੋ ਕੁਝ ਵਾਪਰ ਰਿਹਾ ਹੈ, ਉਹ ਤਾਂ ਸਭ ਕੁਝ ਨਿਹਾਰ ਹੀ ਰਿਹਾ ਹੈ। ਪੰਜਾਬ ਤੋਂ ਵਿੱਦਿਆ ਪ੍ਰਾਪਤ ਕਰਨ ਆਈ ਨਵੀਂ ਪੀੜ੍ਹੀ ਦੀਆਂ ਮੁਸ਼ਕਲਾਂ ਦਾ ਉਸ ਨੂੰ ਅਹਿਸਾਸ ਹੈ ਅਤੇ ਕੁਝ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਹੁਲੜ ਬਾਜੀ ਦਾ ਉਹ ਚਸ਼ਮਦੀਦ ਗਵਾਹ ਵੀ ਹੈ। ਇਸੇ ਲਈ ਸੰਨੀ ਜਦੋਂ ਅਜਿਹੇ ਹਾਲਾਤ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਉਂਦਾ ਹੈ ਤਾਂ ਉਹ ਯਥਾਰਥ ਨੂੰ ਕੈਮਰੇ ਦੀ ਫ਼ੋਟੋ ਵਾਂਗ ਪੇਸ਼ ਕਰਦਾ ਹੈ। ਸੋਨੇ ਤੇ ਸੁਹਾਗਾ ਇਹ ਕਿ ਉਸ ਦੀ ਸਰਲ ਭਾਸ਼ਾ, ਉਸ ਦੀ ਨਵੇਕਲੀ ਕਾਵਿ ਸ਼ੈਲੀ ਨੂੰ ਜਨਮ ਦਿੰਦੀ ਹੈ ਅਤੇ ਪਾਠਕਾਂ ਨੂੰ ਧੁਰ ਅੰਦਰ ਤੱਕ ਹਲੂਣਾ ਦੇਣ ਦੇ ਸਮਰੱਥ ਵੀ ਹੈ। ਉਹ ਆਪਣੀ ਕਵਿਤਾ ਨੂੰ ਅਲੰਕਾਰਾਂ, ਤਸਬੀਹਾਂ ਆਦਿ ਨਾਲ ਸ਼ਿੰਗਾਰਨ ਦੇ ਦਿਖਾਵੇ ਵਿਚ ਨਹੀਂ ਪੈਂਦਾ। ਉਸ ਦੇ ਕਾਵਿ ਖਿਆਲ ਪਹਾੜੀ ਝਰਨਿਆਂ ਦੇ ਤੇਜ ਵਹਿਣ ਵਾਂਗ ਛੋਟੇ-ਛੋਟੇ ਪੱਥਰਾਂ ਦੇ ਨਾਲ-ਨਾਲ ਵੱਡੇ-ਵੱਡੇ ਪੱਥਰਾਂ, ਛੋਟੀਆਂ ਝਾੜੀਆਂ ਅਤੇ ਡੂੰਘੀਆਂ ਜੜਾਂ ਵਾਲੇ ਰੁੱਖਾਂ ਨੂੰ ਆਪਣੇ ਨਾਲ ਵਹਾ ਕੇ ਲੈ ਜਾਣ ਵਾਲੇ ਹੁੰਦੇ ਹਨ। ਉਸ ਲਈ ਆਮ ਇਨਸਾਨ ਦੀਆਂ ਮਾੜੀਆਂ ਆਦਤਾਂ ਜਾਂ ਵੱਡੇ ਲੋਕਾਂ ਦੇ ਦਿਖਾਵੇ ਜਾਂ ਰਾਜਸੀ ਤਾਕਤ ਦੇ ਨਸ਼ੇ ਵਿਚ ਚੂਰ ਹਾਕਮਾਂ ਦੀਆਂ ਚਾਲਾਂ ਸਭ ਬਰਾਬਰ ਹਨ। ਉਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਕਈ ਬਾਰ ਉਸਦੇ ਵਿਅੰਗ ਦੀ ਧਾਰ ਜਾਂ ਸ਼ਬਦਾਂ ਦੀ ਮਾਰ ਵੀ ਉਸੇ ਪੱਧਰ ਦੀ ਹੋ ਜਾਂਦੀ ਹੈ। ਸੰਨੀ ਕਿਉਂ ਜੋ ਵਿਗਿਆਨ ਦਾ ਵਿਦਿਆਰਥੀ ਰਿਹਾ ਹੈ, ਇਸ ਲਈ ਉਹ ਵਿਗਿਆਨਕ ਅਧਾਰ ਤੇ ਹੀ ਗੱਲ ਕਰਦਾ ਹੈ। ਇਸੇ ਲਈ ਮੁੰਡੇ-ਕੁੜੀ ਵਿਚ ਫਰਕ ਰੱਖਣ ਵਾਲਿਆਂ ਲਈ ਉਹ ਲਿਖਦਾ ਹੈ:
ਮੰਮ ਮੈਨੂੰ ਸਮਝ ਨਹੀਂ ਪੈਂਦੀ
ਤੂੰ ਮੇਰੇ ਤੇ ਵੀਰੇ ਵਿਚ ਫ਼ਰਕ ਕਿਉਂ ਸਮਝਦੀ ਹੈਂ
ਇਹ ਤਾਂ ਸਿਰਫ X ਅਤੇ Y ਦੀ ਲੱਗੀ ਰੇਸ ਦਾ ਹੀ ਫ਼ਰਕ ਹੈ
ਕਿਸੇ ਦਿਨ X ਜਿੱਤ ਜਾਂਦਾ
ਕਿਸੇ ਦਿਨ Y ਜਿੱਤ ਜਾਂਦੀ (ਕ੍ਰਿਸਮਸ ਗਿਫ਼ਟ)
ਇਸੇ ਲਈ ਇਸ ਕਵਿਤਾ ਵਿਚ ਕਵੀ, ਕੁੜੀ ਦੇ ਰਾਹੀਂ ਆਪਣੇ ਮਾਂ-ਪਿਉ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਉਸ ਨੂੰ ਕ੍ਰਿਸਮਸ ਗਿਫ਼ਟ ਦੇ ਤੌਰ ਤੇ ਪੈਰਾਂ ਵਿਚ ਪਾਉਣ ਵਾਲੀਆਂ ‘ਝਾਂਜਰਾਂ’ ਨਹੀਂ ਸਗੋਂ ਅੰਬਰ ਵੱਲ ਤੱਕਣ ਲਈ ‘ਟੈਲੀਸਕੋਪ’ ਚਾਹੀਦਾ ਹੈ।
‘ਓ ਕਨੇਡਾ ਜਾਣ ਵਾਲੇ ਰਾਹੀਆ’ ਕਵਿਤਾ ਵਿਚ ਕਵੀ ਭਾਰਤੀਆਂ ਦੇ ਸੁਪਨਮਈ ਸਵਰਗ ਕੈਨੇਡਾ ਪਹੁੰਚਣ ਦੀ ਆਸ ਵਿਚ ਜੋਤਸ਼ੀਆਂ, ਧਾਰਮਿਕ ਸਥਾਨਾਂ ਦੇ ਚੱਕਰਾਂ ਤੋਂ ਲੈ ਕੇ ‘ਸਿਰ ਤੋਂ ਚੁੰਨੀ’ ਲੁਹਾਉਣ ਦੀ ਕਰੜੀ ਅਗਨੀ ਪ੍ਰੀਖਿਆ ਵਿਚੋਂ ਲੰਘਣ ਭਾਵ ਹਰ ਤਰਾਂ ਦਾ ਜਫਰ ਜਾਲਣ ਦੀ ਤੀਬਰ ਇੱਛਾ ਵਾਲੀ ਕੁੜੀ ਕੋਲੋਂ ਕਹਾਉਂਦਾ ਹੈ, “ਚੁਬਾਰੇ ਵਾਲਾ ਘਰ ਛੱਡ ਕੇ/ਬੇਸਮੈਂਟ ਵਿਚ ਰਹਿਣ ਲਈ” ਤਿਆਰ ਹੈ।
ਸੰਨੀ ਧਾਲੀਵਾਲ ਦੀ ਇਕ ਸਿਫਤ ਹੋਰ ਵੀ ਹੈ ਕਿ ਜਦੋਂ ਉਹ ਦੋ ਵੱਖ-ਵੱਖ ਪੱਧਰ ਤੇ ਵਿਚਰਨ ਵਾਲਿਆਂ ਦੇ ਆਪਸੀ ਵਖਰੇਵੇਂ ਦੀ ਗੱਲ ਕਰਦਾ ਹੈ ਤਾਂ ਬਿਨਾ ਕਿਸੇ ਉਚੇਚ ਦੇ ਕਈ ਸੂਖਮ ਪਹਿਲੂਆਂ ਨੂੰ ਪਾਠਕਾਂ ਦੇ ਸਨਮੁੱਖ ਕਰ ਜਾਂਦਾ ਹੈ। ਇਸ ਪੱਖੋਂ ਉਸ ਦੀ ਕਵਿਤਾ ‘ਡੇਟਿੰਗ ਸ਼ੇਟਿੰਗ’ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਪੰਜਾਬੀ ਕੁੜੀ, ਮੁੰਡੇ ਦੇ ਕੰਮ, ਤਨਖਾਹ, ਜ਼ਮੀਨ, ਪਰਿਵਾਰ ਬਾਰੇ ਹੀ ਜਾਣਕਾਰੀ ਮੰਗਦੀ ਹੈ, ਪਰ ਗੋਰੀ ਕੁੜੀ ਉਸ ਦੇ ਸ਼ੌਕ, ਖੇਡਾਂ ਵਿਚ ਦਿਲਚਸਪੀ, ਮਨਪਸੰਦ ਲੇਖਕ, ਕਿਹੜੇ ਇਲਾਕੇ ਵਿਚ ਰਹਿਣ ਬਾਰੇ ਪੁੱਛਦੀ ਹੈ ਅਤੇ ਜਦੋਂ ਪਤਾ ਲਗਦਾ ਹੈ ਕਿ ਉਹ ਆਪਣੇ ਮੰਮੀ-ਡੈਡੀ ਨਾਲ ਹੀ ਰਹਿ ਰਿਹਾ ਹੈ ਤਾਂ ਹੱਸਦੇ ਹੋਏ ਕਹਿੰਦੀ ਹੈ, “ਫੇਰ ਤਾਂ ਤੂੰ ਅਜੇ ਬੱਚਾ ਹੀ ਹੈਂ” ਅਤੇ ਜਾਣ ਲੱਗੀ “ਹੱਥ ਤੇ ਹੱਥ ਰੱਖਿਆ/ ਉੱਠ ਕੇ ਜੱਫੀ ਪਾਈ/ਸਮਾਈਲ ਨਾਲ ਧੰਨਵਾਦ” ਕਰਕੇ ਚਲੀ ਗਈ। ਕਈ ਹੋਰ ਕਵਿਤਾਵਾਂ ਵਿਚ ਵੀ ਉਸ ਨੇ ਸਭਿਆਚਾਰਕ ਵਖਰੇ ਪਨ ਨੂੰ ਬੜੇ ਸਹਿਜ ਨਾਲ ਪੇਸ਼ ਕੀਤਾ ਹੈ। ਉਸ ਦੀਆਂ ਅਜਿਹੀਆਂ ਕਵਿਤਾਵਾਂ ਪਾਠਕਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈਣ ਦੀ ਸਮਰਥਾ ਰੱਖਦੀਆਂ ਹਨ।
ਉਸ ਦੀਆਂ ਬਹੁਤੀਆਂ ਕਵਿਤਾਵਾਂ ਬਹੁ-ਪਰਤੀ ਹਨ। ਉਹ ਗੱਲ ਕੋਈ ਹੋਰ ਕਰਦਾ ਹੈ, ਪਰ ਉਸ ਦਾ ਭਾਵ ਕੁਝ ਹੋਰ ਹੁੰਦਾ ਹੈ। ਜਿਵੇਂ:- ਲੱਗਦਾ ਮੈਂ ਹੁਣ ਬੁੱਢਾ ਹੋ ਗਿਆ!, ਘਾਹ, ਮੈਂ ਭਗਤ ਸਿੰਘ ਬੋਲਦਾ ਹਾਂ, ਲਾਲ ਕਿਲਾ ਅਤੇ ਚਿੱਟਾ ਕਿਲਾ, ਮੈਨੂੰ ਨਹੀਂ ਚਾਹੀਦਾ ਕਵੀ ਪਤੀ, ਮੇਰਾ ਸਥਾਨ ਤੇਰਾ ਰਾਸ਼ਟਰ, ਪ੍ਰੋਫਾਈਲ, ਉਏ ਰੱਬਾ, ਅਸੀਂ ਆਵਾਂਗੇ, ਤੰਬੂ ਵੀ ਲਾਵਾਂਗੇ, ਹੈਪੀ ਲੋਹੜੀ ਆਦਿ। ਹੈਪੀ ਲੋਹੜੀ ਵਿਚ ਮਾਂ ਆਪਣੇ ਪੁੱਤਰ ਨੂੰ ਉੱਚੀ ਲੰਮੀ ਲੋਹੜੀ ਵਿਚ “ਪਾਣੀ ਗੰਦਾ ਕਰਨ ਵਾਲੇ/ਰੇਤ ਬਜਰੀ ਖਾਣ ਵਾਲੇ/ਚਿੱਟਾ ਵੇਚਣ ਵਾਲੇ/ਨਕਲੀ ਦਵਾਈਆਂ ਵੇਚਣ ਵਾਲੇ/ਮਰਿਆਂ ਨੂੰ ਗੁਲੂਕੋਜ਼ ਲਾਉਣ ਵਾਲੇ/ਰਿਸ਼ਵਤ ਖਾਣ ਵਾਲੇ/ਫਾਰਮ ਹਾਊਸਾਂ ਵਿਚ/ਕੁੜੀਆਂ ਦੀਆਂ ਚੀਕਾਂ ਮਰਵਾਉਣ ਵਾਲੇ/ ਰਾਜ ਕਵੀ/ਸਿੱਖੀ ਦੇ ਭੇਸ ਵਿਚ ਸਰਕਾਰੀ ਕੁੱਤੇ/ਰਾਜੇ ਸ਼ੀਂਹ ਮੁਕੱਦਮ /ਗਰੀਬਾਂ ਦਾ ਖੂਨ ਚੂਸਣ ਵਾਲੀਆਂ ਜੋਕਾਂ” ਨੂੰ ਲੋਹੜੀ ਦੀਆਂ ਲਾਟਾਂ ਵਿਚ ਸੁੱਟਣ ਲਈ ਕਹਿੰਦੀ ਹੈ। ਇਸੇ ਤਰਾਂ ‘ਘਾਹ’ ਕਵਿਤਾ ਵਿਚ ਕਵੀ ਘਾਹ ਲਾਉਣ ਵਾਲੇ ਨੂੰ ਘਾਹ ਨੂੰ ਸਾਫ ਰੱਖਣ ਲਈ ਵੀਡ-ਕਿਲਰ ਵਰਗੇ ਸਪਰੇ ਕਰਨ ਤੋਂ ਰੋਕਦਾ ਹੋਇਆ ਉਸ ਦੀ ਤੁਲਨਾ ਅਮੀਰਾਂ ਵੱਲੋਂ ਗਰੀਬਾਂ ਦੀਆਂ ਝੋਪੜੀਆਂ ਇਸੇ ਤਰਾਂ ਬਰਬਾਦ ਕਰਨ ਦੀ ਗੱਲ ਕਰਦਾ ਹੈ ਅਤੇ ਦਿਮਾਗ ਵਿਚੋਂ “ਰੀਤਾਂ-ਰਿਵਾਜਾਂ/ਧਰਮ, ਜਾਤ-ਪਾਤ/ਊਚ-ਨੀਚ, ਛੂਤ-ਛਾਤ/ਅਮੀਰੀ-ਗਰੀਬੀ, ਕਾਲੇ-ਪੀਲੇ ਲੋਕ” ਦੇ ਬੀਜਾਂ ਨੂੰ ਮਾਰ ਕੇ ‘ਦਿਮਾਗ ਦੇ ਲਾਅਨ’ ਨੂੰ ਵਧੀਆ ਬਣਾਉਣ ਦੀ ਗੱਲ ਕਰਦਾ ਹੈ। ਨਿਸਚੇ ਹੀ ਕਵੀ ਦਾ ਗੁੱਝੀ ਗੱਲ ਕਹਿਣ ਦਾ ਇਹ ਢੰਗ ਸਲਾਹੁਣਯੋਗ ਹੈ। ‘ਮੈਂ ਭਗਤ ਸਿੰਘ ਬੋਲਦਾ ਹਾਂ ‘ਕਵਿਤਾ ਵਿਚ ‘ਸਿੰਗਰਾਂ ਅਤੇ ਲੀਡਰਾਂ’ ਰਾਹੀਂ ‘ਚਿੱਟਾ ਪੀਣ’ ਦੀ ਚੇਟਕ ਲਾਉਣ ਦੀ ਅਤੇ ਆਈਲੈਟਸ ਕਰਵਾ ਕੇ ਕੈਨੇਡਾ ਵੱਲ ਉਡਾਰੀ ਮਾਰਨ ਦੀ ਗੱਲ ਕਰਦਾ ਹੈ।
ਸੰਨੀ ਧਾਲੀਵਾਲ ਨੇ ਥਾਂ ਪੁਰ ਥਾਂ ਤਸਬੀਹਾਂ ਵੀ ਬਹੁਤ ਢੁਕਵੀਆਂ ਦਿੱਤੀਆਂ ਹਨ ਅਤੇ ਇਹਨਾਂ ਵਿਚ ਕਿਤੇ ਵੀ ਉਚੇਚ ਨਹੀਂ ਦਿੱਖਦਾ। ਪਹਿਲੀ ਹੀ ਕਵਿਤਾ ‘ਜ਼ਿੰਦਗੀ ਕਹਿੰਦੀ’ ਦੀਆਂ ਪਹਿਲੀਆਂ ਸਤਰਾਂ ਦੇਖਣ ਵਾਲੀਆਂ ਹਨ—ਜ਼ਿੰਦਗੀ ਕਹਿੰਦੀ/ਮੈਂ ਚਲੀ ਹਾਂ/ਬਠਿੰਡੇ ਦੀ ਰੇਤ ਵਾਂਗ/ ਤੇਰੇ ਹੱਥਾਂ ‘ਚੋਂ ਕਿਰਦੀ। ‘ਖ਼ਾਲੀ ਆਲ੍ਹਣਾ’ ਵਿਚ ‘ਜੇ ਕਰ ਆਪਾਂ ਰਹਿੰਦੇ ਵਕਤ ਨੂੰ/ਨਿੰਬੂ ਵਾਂਗ ਨਚੋੜ ਕੇ ਪੀ ਜਾਈਏ।’ ‘ਘਾਹ’ ਕਵਿਤਾ ਵਿਚ ‘ਤੂੰ ਬਹੁਤ ਗੁੱਸੇ ਵਿਚ ਆਉਂਦਾ ਹੈਂ/ਕੋਲਿਆਂ ਵਾਂਗ ਭਖਣ ਲੱਗਦਾ ਹੈਂ।’ ‘ਮੈਂ ਭਗਤ ਸਿੰਘ ਬੋਲਦਾ ਹਾਂ’ ਵਿਚ ‘ਰੇਲਵੇ ਦੇ ਫਾਟਕ ਵਾਂਗੂੰ/ਤੁਸੀਂ ਮੇਰੀਆਂ ਮੁੱਛਾਂ ਉਤਾਂਹ ਕਰਦੇ ਹੋ/ ਕਦੇ ਹੇਠਾਂ ਕਰਦੇ ਹੋ।’
ਵੈਸੇ ਤਾਂ ਇਸ ਸੰਗ੍ਰਿਹ ਦੀ ਹਰ ਕਵਿਤਾ ਹੀ ਹਕੀਕਤ ਬਿਆਨ ਕਰ ਰਹੀ ਹੈ, ਪਰ ਕਈ ਕਵਿਤਾਵਾਂ ਦੀ ਕੌੜੀ ਹਕੀਕਤ ਪਾਠਕਾਂ ਨੂੰ ਝੰਜੋੜਦੀ ਵੀ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ। ਮਸਲਨ ‘ਅੱਜ 75 ਸਾਲ ਬਾਅਦ ਵੀ/ਕੰਮੀਆਂ ਦੀ ਕੁੜੀ ਨੂੰ ਤਾਂ/ ਮੁੱਠ ਦਾਣਿਆਂ ਦੀ ਖਾਤਰ/ਹਰੇ ਚਾਰੇ ਦੀ ਭਰੀ ਖਾਤਰ/ਆਪਣੀ ਸਲਵਾਰ ਦਾ ਨਾਲਾ/ਖੁਲ੍ਹਵਾਉਣਾ ਪੈਂਦਾ।'(ਕਰਤਾਰ ਸਿੰਘ ਸਰਾਭਾ)। ‘ਅਸੀਂ ਵੀ ਕਨੇਡਾ ਜ਼ਰੂਰ ਆਵਾਂਗੇ’ ਵਿਚ ਕਵੀ ਨੇ ਪੰਜਾਬੀਆਂ ਦੀ ਹਰ ਜਾਇਜ਼ ਨਜਾਇਜ਼ ਢੰਗ ਨਾਲ ਕੈਨੇਡਾ ਆਉਣ ਦੀ ਜਿਦ ਨੂੰ ਪੇਸ਼ ਕੀਤਾ ਹੈ—ਜੇ ਫਿਰ ਵੀ ਕੰਮ ਨਾ ਬਣਿਆ ਤਾਂ/ਕਿਸੇ ‘ਪ੍ਰਧਾਨ’ ਦੀ ਜੇਬ ਵਿਚ/ਪੱਚੀ ਲੱਖ ਪਾ ਕੇ/ਗ੍ਰੰਥੀ, ਢਾਡੀ, ਪੁਜਾਰੀ ਬਣ ਕੇ/ ਅਸੀਂ ਵੀ ਕਨੇਡਾ ਜ਼ਰੂਰ ਆਵਾਂਗੇ ਆਦਿ। ਇਸੇ ਕਵਿਤਾ ਵਿਚ ਹੀ ਕਵੀ ਨੇ ਸਾਡੇ ਦੇਸ਼ ਦੇ ਕੁਝ ਉਜੱਡ ਕਿਸਮ ਦੇ ਨੌਜਵਾਨਾਂ ਵੱਲੋਂ ਕੁੜੀਆਂ ਪ੍ਰਤੀ ਅ-ਸਭਿਅਕ ਬੋਲੀ ਬੋਲਣ ਦਾ ਜ਼ਿਕਰ ਵੀ ਕੀਤਾ ਹੈ-ਮੋੜਾਂ ਤੇ ਖੜ੍ਹ ਕੇ/ਕਨੇਡੀਅਨ-ਪੰਜਾਬੀ ਕੁੜੀਆਂ ਨੂੰ/’ਟੋਟਾ ਜਾਂ ਪੁਰਜਾ’ ਕਹਿ ਕੇ ਬੁਲਾਵਾਂਗੇ/ਘਰ ਤੱਕ ਵੀ ਛੱਡ ਕੇ ਆਵਾਂਗੇ।
ਇਸ ਸੰਗ੍ਰਿਹ ਦੀ ਹਰ ਕਵਿਤਾ ਵਿਚ ਕੋਈ ਲੁਕਵਾਂ ਵਿਅੰਗ ਜਰੂਰ ਹੈ, ਪਰ ਕੁਝ ਅਜੋਕੇ ਵਰਤਾਰਿਆਂ ਨੇ ਵੀ ਉਸ ਦਾ ਧਿਆਨ ਖਿੱਚਿਆ ਹੈ, ਜਿਵੇਂ; ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਵੱਧ ਰਿਹਾ ਮੱਕੜ ਜਾਲ, ਲੇਖਕਾਂ ਵੱਲੋਂ ਇਨਾਮਾਂ ਲਈ ਲੜਾਈਆਂ ਜਾਂਦੀਆਂ ਤੱਕ ਤਿਕੜਮਬਾਜੀਆਂ, ਕਿਤਾਬਾਂ ਦੀ ਦੁਰਦਸ਼ਾ, ਆਈਲੈਟਸ ਪਾਸ ਕਰਨ ਦੀ ਲਾਲਸਾ, ਯੂਨੀਵਰਸਿਟੀਆਂ ਵਿੱਚ ਮੁੰਡਿਆਂ ਅਤੇ ਕੁੜੀਆਂ ਦੇ ਭਲਵਾਨੀ ਗੇੜੇ, ਫੇਸਬੁੱਕ ਤੇ ਮਲੋ-ਮੱਲੀ ਕੁੜੀਆਂ ਨਾਲ ਨੇੜਤਾ ਵਧਾਉਣ ਦੀ ਖਿੱਚ ਆਦਿ।
‘ਬੀਚ’ ਕਵਿਤਾ ਇਕ ਨਵੀਂ ਹੀ ਰੰਗਤ ਵਾਲੀ ਕਵਿਤਾ ਹੈ, ਜਿਸ ਵਿਚ ਬੀਚ ਤੇ ਘੁੰਮਦੀਆਂ ਗੋਰੀਆਂ ਦੇ ਅੱਧ ਨੰਗੇ ਸ਼ਰੀਰ ਦੇਖਣ ਦੀ ਥਾਂ ਉਹਨਾਂ ਵੱਲੋਂ ਬੀਚ ਤੇ ਜਾ ਕੇ ਵੀ ਕਿਤਾਬਾਂ ਪੜ੍ਹਨ ਦੀ ਆਦਤ ਨੂੰ ਅਪਣਾਉਣ ਦੀ ਗੱਲ ਕੀਤੀ ਗਈ ਹੈ। ਕਵੀ ਉਹਨਾਂ ਦੀ ਇਸ ਲਗਣ ਨੂੰ ਦੇਖ ਕੇ ਆਪਣੀ ਗੱਲ ਕਰਦਾ ਕਹਿੰਦਾ ਹੋ—ਮੈਂ ਸੋਚਾਂ, ਏਨਾ ਮਗਨ ਤਾਂ/ ਮੈਂ ਕਦੇ ਗੁਰੂ ਘਰ ਜਾ ਕੇ ਵੀ ਨਹੀਂ ਹੋਇਆ। ਕਮਾਲ ਹੈ ਕਵੀ ਦੀ ਸੋਚ ਦੀ ਉਡਾਰੀ!
ਕਵਿਤਾਵਾਂ ਵਿਚ ਥਾਂ ਪੁਰ ਥਾਂ ਅੰਗਰੇਜੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਕਈ ਥਾਂ ਤਾਂ ਅਜਿਹੇ ਸ਼ਬਦਾਂ ਦੀ ਵਰਤੋ ਸਹੀ ਠਹਿਰਾਈ ਜਾ ਸਕਦੀ ਹੈ, ਪਰ ਕੁਝ ਥਾਂਵਾਂ ਤੇ ਥੋੜ੍ਹੀ ਮਿਹਨਤ ਕਰਕੇ ਕੁਝ ਸ਼ਬਦਾਂ ਲਈ ਪੰਜਾਬੀ ਦੇ ਢੁੱਕਵੇਂ ਸ਼ਬਦ ਲੱਭੇ ਜਾ ਸਕਦੇ ਸੀ।
ਪ੍ਰਸਤੁਤ ਪੁਸਤਕ ਵਿਚ ਹੋਰ ਬਹੁਤ ਕੁਝ ਅਜਿਹਾ ਹੈ ਜੋ ਨਵਾਂ ਹੈ, ਨਵੀਂ ਕਾਵਿਕ ਸ਼ੈਲੀ ਵਿਚ ਪ੍ਰਗਟਾਇਆ ਗਿਆ ਹੈ, ਕਵਿਤਾ ਨੂੰ ਪਾਠਕਾਂ ਨਾਲ ਜੋੜਨ ਵਾਲਾ ਹੈ। ਅਜਿਹੀਆਂ ਪੁਸਤਕਾਂ ਅਤੇ ਉਹਨਾਂ ਦੇ ਸਿਰਜਕਾਂ ਨੂੰ ਜੀ ਆਇਆ ਕਹਿਣਾ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਦਾ ਫਰਜ਼ ਹੈ। ਕਵੀ ਨੂੰ ਆਪਣੀ ਕਵਿਤਾ ਤੇ ਐਨਾ ਵਿਸ਼ਵਾਸ ਹੈ ਕਿ ਇਕ ਫੇਸਬੁੱਕ ਪੋਸਟ ਵਿਚ ਉਸ ਨੇ ਲਿਖਿਆ ਸੀ ਕਿ ਜੇ ‘ਕੋਈ ਪਾਠਕ ਕਿਤਾਬ ਖਰੀਦ ਕੇ ਇਹ ਮਹਿਸੂਸ ਕਰੇ ਕਿ ਇਹ ਕਿਤਾਬ ਮਿਆਰੀ ਨਹੀਂ ਤਾਂ ਉਹ ਪਾਠਕ ਨੂੰ ਉਸ ਦੇ ਪੈਸੇ ਵਾਪਸ ਕਰ ਦੇਵੇ ਗਾ।’ ਆਪਣੀ ਕਿਤਾਬ ਸੰਬੰਧੀ ਅਜਿਹੀ ਟਿੱਪਣੀ ਤਾਂ ਅਜੇ ਤੱਕ ਕਿਸੇ ਵੱਡੇ ਤੋਂ ਵੱਡੇ ਲੇਖਕ ਨੇ ਵੀ ਨਹੀਂ ਕੀਤੀ। ਪੰਜ ਆਬ ਪ੍ਰਕਾਸ਼ਨ ਜਲੰਧਰ ਵੱਲੋਂ 128 ਪੰਨਿਆਂ ਦੀ ਪੁਸਤਕ ਦਾ ਮੁੱਲ 250 ਰੁਪਏ ਹੈ, ਪੁਸਤਕ ਦੀ ਛਪਾਈ ਅਤੇ ਦਿਖ ਪ੍ਰਭਾਵਿਤ ਕਰਦੀ ਹੈ।
ਰਵਿੰਦਰ ਸਿੰਘ ਸੋਢੀ
001-604-369-2371
ਰਿਚਮੰਡ , ਕੈਨੇਡਾ