ਪਿੰਡ, ਪੰਜਾਬ ਦੀ ਚਿੱਠੀ (199)

ਸਾਰਿਆਂ ਨੂੰ ਸਾਸਰੀ ਕਾਲ ਬਾਈ, ਅਸੀਂ ਇੱਥੇ ਤੱਤੀ ਲੋਅ ਮਗਰੋਂ ਆਏ ਚਾਰ ਕੁ ਛਿੱਟਿਆਂ ਵਰਗੇ ਹਾਂ। ਪ੍ਰਮਾਤਮਾ ਤੁਹਾਨੂੰ ਵੀ ਗਰਮੀ-ਸਰਦੀ ਨਾਲ ਜੂਝਣ ਦਾ ਬਲ ਦੇਵੇ। ਅੱਗੇ ਸਮਾਚਾਰ ਇਹ ਹੈ ਕਿ ਰਾਤੀਂ, ਵੋਟਾਂ ਵਾਂਗੂੰ ਆਈ ਤੇਜ਼ ਹਨੇਰੀ, ਕਈ ਕੁੱਝ ਕਰ ਗਈ ਹੈ। ਸ਼ੈੱਡ ਉੱਡ ਗਏ ਹਨ, ਬਿਜਲੀ ਗੁੱਲ ਅਤੇ ਹਰ ਪਾਸੇ ਰੇਤਾ-ਪੱਤੇ ਫੁੱਲ। ਦਾਣਾ-ਪਾਣੀ ਛੱਕ, ਜੰਡ ਵਾਲਿਆਂ ਦਾ ਜਰਨੈਲ ਸਿੰਹੁ ਬਿੜਕਾਂ ਲੈਂਦਾ, ਨਾਈਆਂ ਦੀ ਚੱਕੀ ਕੋਲ ਆਇਆ ਤਾਂ ਊਸਨੂੰ ਵੇਖ ਦਰਸ਼ੀ, ਤਾਰ ਅਤੇ ਇੱਕ-ਦੋ ਹੋਰ ਆ ਗਏ। ਜੈਲੇ ਨੇ ਦਰਸ਼ੀ ਨੂੰ ਛੇੜਿਆ, “ਆ-ਬਈ ਸੋਹਣੇ-ਮੋਹਣੇ ਕਿਆ, ਕਿਵੇਂ ਚੂਲ-ਢਿੱਲੀ ਜੀ ਕਰੀ ਫਿਰਦੈਂ?” “ਨਹੀਂ, ਠੀਕ ਆਂ ਆਪਾਂ ਤਾਂ, ਇਹ ਦੱਸੋ ਬਈ ਔਹ ਘਾਲੇ-ਮਾਲੇ ਕਾ, ਊਠ ਜਾ ਭਲਾ ਕੀ ਕੰਮ ਤੇ ਲੱਗਿਐ?" ਦਰਸ਼ੀ ਨੇ ਆਪਣੇ ਅੰਦਰ ਦਾ ਸਵਾਲ ਸਾਰਿਆਂ ਅੱਗੇ ਰੱਖਿਆ। “ਓਹ ਲੰਮਾ ਜਾ, ਤਾਂ ਆਂਹਦੇ ਬਠਿੰਡੇ ਲੱਗਾ ਕਿਤੇ ਫੈਕਟਰੀ-ਦੁਕਾਨ ਉੱਤੇ, ਕਦੇ-ਕਦਾਈਂ ਆਂਉਂਦਾ, ਪਰ ਤੂੰ ਕਿਉਂ ਪੁੱਛਦੈਂ?" ਜਸਵੀਰ ਨੇ ਬਾਹਾਂ ਪਿਛਾਂਹ ਕਰਕੇ ਉੱਤਰ ਵੀ ਦਿੱਤਾ ਪਰ ਪ੍ਰਸ਼ਨ ਵੀ ਕਰ-ਤਾ। “ਲੈ ਬਈ ਰੱਬ ਨਾ ਗਲਤ ਕਰੇ, ਮੇਰੀ ਲੱਖਣੇ ਫਿਰ ਉਹੀ ਸੀ। ਅਸੀਂ ਗਏ ਸੀ ਵੋਟਾਂ ਮੁਕਾ ਕੇ ਰਿਸ਼ਤੇਦਾਰੀ ਦੇ ਵਿਆਹ ਬਠਿੰਡੇ। ਪੈਲਸਚ ਰਸਮਾਂ ਕਰ, ਖਾ-ਪੀ ਕੇ ਮੁੜੇ ਤਾਂ ਆਥਣ ਹੋ ਗੀ। ਮੈਂ ਬੈਠਾ ਸੀ ਕਾਰ ਦੀ ਮਗਰਲੀ ਸੀਟ ਉੱਤੇ। ਆਪਣਾ ਬਟਾਊ ਸੀ ਮੂਹਰੇ ਚਲਾਂਉਂਦਾ। ਪੈਲਸ ਦੇ ਗੇਟ ਉੱਤੇ ਫਿੱਕੀ ਨੀਲੀ ਵਰਦੀ ਪਾਈ ਆਲੇ ਨੇ ਸਲੂਟ ਮਾਰ ਕੇ, ਡਰਾਈਵਰ ਨੇੜੇ ਹੁੰਦਿਆਂ ਆਖਿਆ, ‘ਵਧਾਈਆਂ ਸਰਦਾਰ ਜੀ, ਇਨਾਮ ਤਾਂ ਦੇ ਜਾਓ।ਬਟਾਊ ਨੇ ਬਟੂਏਚੋਂ 50 ਰੂਪੈ ਦਿੱਤੇ, ਉਸ ਨੇ ਫੇਰ ਦੇਸੀ ਸਲੂਟ ਮਾਰਦਿਆਂ, ਧੰਨਵਾਦ ਕੀਤਾ ਤਾਂ ਬੋਲ ਸੁਣ ਕੇ ਮੈਨੂੰ ਸ਼ੱਕ ਪਿਆ, ਇਹ ਘਾਲੇ-ਮਾਲੇ ਦਾ ਮੁੰਡਾ ਈ ਐ। ਮੈਨੂੰ ਪਿੰਡ ਦਾ ਹੋਣ ਕਰਕੇ ਸ਼ਰਮ ਜੀ ਵੀ ਆਈ, ‘ਆਹ ਰੈਹ ਗੀ ਸੀ ਕਸਰ। ਮੈਂ ਉਦੋਂ ਦੜ ਵੱਟ ਗਿਆ। ਹੁਣ ਥੋਡੇ ਸਾਹਮਣੇ ਉਭਾਸਰਿਆਂ। ਪਿਓ-ਦਾਦਾ ਕੀ ਸੀ ਅਤੇ ਹੁਣ ਵੇਖ ਲੋ ਇੰਨ੍ਹਾਂ ਦੇ ਲੱਛਣ! ਕੀ ਕਹਿੰਦੇ?" “ਹੁਣ ਚਾਚਾ, ਉਹ ਆਪਣੀ ਮਿਹਨਤ ਕਰ ਕੇ ਕਮਾ-ਖਾ ਰਿਹਾ ਹੈ, ਜਿਵੇਂ ਜ਼ਮੀਨ ਅਤੇ ਆਮਦਨ ਘੱਟਦੀ ਜਾਂਦੀ ਐ, ਮੈਨੂੰ ਲੱਗਦੈ, ਸਾਰੇ ਬੰਦੇ ਹੀ ਨਹੀਂ ਬੁੜੀਆਂ-ਕੁੜੀਆਂ ਨੂੰ ਵੀ ਕੰਮ ਕਰਨੇ ਪੈਂਣੇਂ ਐ, ਤਾਂ ਹੀ ਗੁਜਾਰੇ ਹੋਣਗੇ। ਮੋਗੇ-ਜਲੰਧਰ ਕੰਨੀਂ ਤਾਂ ਇਹ ਕਿੱਦੇਂ ਦਾ ਚੱਲਦੈ, ਆਪਣੇ ਹੁਣ ਆਇਆ। ਬਾਹਰ ਜਾ ਕੇ ਆਪਣੇ ਆਹ ‘ਲੜ-ਫੜ ਵੀਜ਼ਾ ਆਲੇ ਹੋਰ ਕੀ ਕਰਦੇ ਐ? ਮੈਂ ਆਪ ਵੇਖਿਐ, ਸਫ਼ਾਈਆਂ, ਭਾਂਡੇ-ਮਾਂਜਣ, ਹੋਟਲਾਂ-ਬਾਰਾਂ ਵਿੱਚ ਨਿੱਕ-ਸੁੱਕ ਵਰਤਾਉਣ ਸਮੇਤ ਸਾਰੇ ਹੂਲੇ-ਫੱਕਦੇ ਐ। ਕੰਮ, ਕੋਈ ਵੀ ਮਾੜਾ ਨਹੀਂ ਹੁੰਦਾ। ਦੁੱਖਦੀ ਰਗ ਤਾਂ ਆਹ ਬਈ ਜਿਹੜੇ, ਐਥੇ ਸੌਖੇ ਕੰਮਾਂ ਨੂੰ ਵੀ ਨੱਕ ਮਾਰਦੇ ਐ, ਪੜ੍ਹਾਈ ਕਰਦੇ ਨੀਂ, ਚੰਗੀ ਖੇਤੀ ਆਲੇ ਵਾਹਣ ਦਾ ਮੂੰਹ ਨੀਂ ਵੇਂਹਦੇ, ਆਪ ਗਿਲਾਸ ਪਾਣੀ ਦਾ ਭਰ ਕੇ ਨੀਂ ਪੀਂਦੇ, ਉਹ ਉੱਥੇ ਹਰ ਤਰ੍ਹਾਂ ਦੀ ਚਾਕਰੀ ਲਈ ਲੇਲੜੀਆਂ ਕੱਢਦੇ ਅਤੇ ਰਾਤ ਨੂੰ ਵੀ ਗੁਲਾਮੀ ਕਰਦੇ ਐ।” ਅਮਰੀਕਾ ਆਲੇ ਛਿੰਦਰ ਨੇ ਗੱਲ ਆਖੀ ਤਾਂ ਗਭਰੂਆਂ ਨੂੰ ਭਾਂਵੇਂ ਪਸੰਦ ਨਾ ਆਈ ਪਰ ਸਿਆਣੇ ਸਿਰ ਮਾਰਨ ਲੱਗ ਪਏ।
ਹੋਰ, ਹੰਕਾਰ ਨੂੰ ਮਾਰ ਹੈ। ਵਾਤਾਵਰਣ ਬਚਾਓ, ਸੁਖੀ ਰਹੋ। ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061