ਰਿਚਮੰਡ ਹਿੱਲ ਨਿਊਯਾਰਕ ‘ਚ 3 ਬੱਚਿਆਂ ਦੇ ਪਿਤਾ ਨੇ ਆਪਣੇ ਹੀ ਭਰਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ, ਮਾਂ ਨੂੰ ਜ਼ਖਮੀ ਕਰ ਕੇ ਖੁਦ ਨੂੰ ਗੋਲੀ ਮਾਰ ਕੇ ਕਰ ਲਈ ਖੁਦਕੁਸ਼ੀ

ਨਿਊਯਾਰਕ, 11 ਜੂਨ (ਰਾਜ ਗੋਗਨਾ)- ਬੀਤੇਂ ਦਿਨ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਚ’ ਇਕ ਪੰਜਾਬੀ ਪਰਿਵਾਰ ਦੇ ਨੋਜਵਾਨ ਕਰਮਜੀਤ ਸਿੰਘ ਮੁਲਤਾਨੀ ਵੱਲੋ ਆਪਣੇ ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਪੁਲਿਸ ਨੇ ਦੱਸਿਆ ਕਿ ਤਿੰਨ ਬੱਚਿਆਂ ਦੇ ਇੱਕ ਵਿਆਹੁਤਾ ਪਿਤਾ ਨੇ ਸ਼ਨੀਵਾਰ ਰਾਤ ਪਰਿਵਾਰ ਦੇ ਰਿਚਮੰਡ ਹਿੱਲ ਕੁਈਨਜ਼ ਵਿਖੇਂ ਘਰ ਦੇ ਅੰਦਰ ਆਪਣੇ ਹੀ ਭਰਾ ਨੂੰ ਗੋਲੀ ਮਾਰ ਦਿੱਤੀ ਅਤੇ ਆਪਣੀ ਮਾਂ ਨੂੰ ਜ਼ਖਮੀ ਕਰ ਦਿੱਤਾ ਅਤੇ ਫਿਰ ਪਿਸਤੋਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ‘ਆਪਣੀ ਜੀਵਨ ਲੀਲਾ ਖ਼ਤਮ ਕਰ ਲਈਂ।

ਜਾਣਕਾਰੀ ਅਨੁਸਾਰ 33 ਸਾਲਾ ਕਰਮਜੀਤ ਸਿੰਘ ਮੁਲਤਾਨੀ ਵੱਲੋ ਰਾਤ ਦੇ 10:30 ਵਜੇ ਦੇ ਕਰੀਬ ਆਪਣੇ 27 ਸਾਲਾ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੇ ਕਮਰੇ ਵਿੱਚ ਦਾਖਲ ਹੋ ਗਿਆ। ਅਤੇ ਉਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਸਥਾਨਕ ਪੁਲਿਸ ਦੇ ਅਨੁਸਾਰ, ਦੱਖਣੀ ਰਿਚਮੰਡ ਹਿੱਲ ਵਿੱਚ 95ਵੀਂ ਸਟ੍ਰੀਟ ਅਤੇ 11ਵੇਂ ਐਵੇਨਿਊ ਤੇ ਇਹ ਮੰਦਭਾਗੀ ਘਟਨਾ ਵਾਪਰੀ।ਇਸ ਘਟਨਾ ਵਿੱਚ ਉਹਨਾਂ ਦੀ 57 ਸਾਲਾ ਮਾਂ ਦੇ ਪੇਟ ਵਿੱਚ ਵੀ ਗੋਲੀ ਲੱਗੀ ਜੋ ਜ਼ਖਮੀ ਹਾਲਤ ਚ’ ਹਸਪਤਾਲ ਵਿੱਖੇ ਦਾਖਲ ਹੈ। ਜਿੱਥੇ ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕਤਲ ਦਾ ਕਾਰਨ ਪਤਾ ਨਹੀ ਲੱਗ ਸਕਿਆ। ਛੋਟੇ ਭਰਾ ਵਿਪਨਪਾਲ ਸਿੰਘ ਮੁਲਤਾਨੀ ਦੇ ਕਤਲ ਕਰਨ ਤੋ ਬਾਅਦ ਕਰਮਜੀਤ ਸਿੰਘ ਮੁਲਤਾਨੀ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ, ਪੁਲਿਸ ਨੂੰ ਉਸ ਦੇ ਮ੍ਰਿਤਕ ਸਰੀਰ ਦੇ ਕੋਲ ਇੱਕ ਪਿਸਤੋਲ ਮਿਲਿਆ ਹੈ।

ਮਾਰੇ ਗਏ ਇਸ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬੇਗੋਵਾਲ ਦੇ ਲਾਗਲੇ ਪਿੰਡ ਨੋਰੰਗਪੁਰ ਦੇ ਨਾਲ ਦੱਸਿਆ ਜਾਦਾ ਹੈ।