
ਮੇਰੇ ਸਾਰੇ ਰਮਲਿਆਂ-ਕਮਲਿਆਂ ਨੂੰ ਸਤ ਸ਼੍ਰੀ ਅਕਾਲ। ਇੱਥੇ ਅਸੀਂ ਠੰਡੀ-ਮਿੱਠੀ ਰੁੱਤ ਦਾ ਆਨੰਦ ਲੈ ਰਹੇ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਸੱਚੇ ਗੁਰੂ ਤੋਂ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ‘ਅਮਰੂ-ਦਸੌਂਧੀਆਹੁਣ ਸ੍ਵੈ-ਮੁਕਤ ਹੋ ਰਿਹਾ ਹੈ, ਮਤਲਬ ਵਾਣਪ੍ਰਸਤ ਆਸ਼ਰਮ ਗ੍ਰਹਿਣ ਕਰ ਗਿਆ ਹੈ। ਘਰ ਦੀ ਕੋਠੜੀ ਯਾਨੀ ਕਿ ਬਾਹਰਲੀ ਬੈਠਕ ਵਿੱਚ, ਮੰਜੇ ਉੱਤੇ ਫੱਟਾ ਰੱਖ ਆਸਣ ਲਾ ਲਿਆ ਹੈ। ਕੱਲ੍ਹ ਰੋਟੀ-ਟੁੱਕ ਖਾ ਮੈਂ ਉਹਦੇ ਕੋਲ ਚਲਾ ਗਿਆ ਤਾਂ ਅਮਰ ਸਿੰਹੁ ਕਿਸੇ ਦੇ ਕੁੜਤੇ ਦਾ ਕਾਜ ਕਰੀ ਜਾਂਦਾ ਸੀ। ਦਮ ਮਾਰਦਿਆਂ, ਉਹਨੇ ਦੱਸਿਆ ਕਿ, “ਬਹੁਤ ਕਰਲੀ ਕਮਾਈ- ਭਾਈ ਹੁਣ, ਸੱਠੇ ਹੋ ਗੇ, ਬੱਸ ਹੁਣ ਤਿੰਨ ਦਿਨ ਹੀ ਜਾਇਆ ਕਰੂੰਗਾ ਸ਼ੈਹਰ ਉਹ ਵੀ ਆਹੀ ਵਰ੍ਹਾ। ਤੀਹ ਸਾਲ ਚੰਗੇ ਟੱਪ ਗੇ। ਚੰਗੀ ਬਣੀ ਸੀ। ਹੁਣ ਗਾਹਕ ਵੀ ਘਟਗੇ, ਨੈਣ-ਪਰਾਣ ਵੀ ‘ਬੱਸ ਕਰ, ਬੱਸ ਕਰ
ਆਖੀ ਜਾਂਦੇ ਆ। ਅਲਾਦ ਆਵਦੇ ਕੰਮੀਂ-ਧੰਦੀ ਲੱਗ ਗੀ, ਏਥੇ ਹੀ ਹੁਣ ਪਹਿਰਾ ਦਿਆਂਗੇ।” “ਤੈਨੂੰ ਤਾਇਆ ਦਸੌਂਧੀਆ ਕਿਉਂ ਕਹਿੰਦੇ ਆ?” ਮੇਰੇ ਪੁੱਛਣ ਉੱਤੇ, ਉਹਨੇ ਭਾਰੀ ਕੈਂਚੀ ਪਾਸੇ ਰੱਖਦਿਆਂ, ਪੱਗ ਚ ਟੰਗੀ, ਸੂਈ ਨੂੰ ਟੋਂਹਦਿਆਂ ਦੱਸਿਆ। “ਸਾਡੇ ਵੱਡੇ ਵਡੇਰੇ ਕਰਮ ਸਿੰਹੁ ਤੋਂ ਅਸੀਂ ਪੱਕੇ ਅਕਾਲੀ ਬਣੇ, ਹਰ ਰੋਜ਼ ਦੀ ਕਮਾਈ
ਚੋਂ ਦਸਵਾਂ ਹਿੱਸਾ ‘ਗੁਰੂ-ਲੇਖੇਕੱਢਣਾ, ਸਾਡਾ ਪਹਿਲਾ-ਪੱਕਾ ਨੇਮ ਐ। ਦੋ ਪੀੜ੍ਹੀਆਂ ਨੂੰ ਵੇਖ, ਮੇਰੇ ਉੱਤੇ ਵੀ ਸਤਗੁਰ ਦੀ ਮੇਹਰ ਹੋ-ਗੀ। ਇਮਾਨਦਾਰੀ ਨਾਲ ਇਹ ਨਿਭ ਗਿਆ ਮੇਰਾ ਵੀ, ਅੱਗੇ ਔਲਾਦ.....।" “ਕਿੰਨੀ ਕੁ ਰਕਮ ਬਣੀ ਸਾਰੀ ਦਸਵੰਧ ਦੀ?" ਪੁੱਛਣ ਨਾਲ ਉਸਨੇ ਥੋੜਾ ਸੋਚਿਆ ਫੇਰ ਆਂਹਦਾ, “ਆਮਦਨ ਤਾਂ ਨਿਗੁਣੀ ਹੁੰਦੀ ਸੀ ਪਰ ਦਸੌਂਧ ਬਹੁਤ ਜੁੜਿਆ, ਕਦੇ ਤੋਟ ਨੀਂ ਆਈ, ਮਾੜ-ਮੰਗਤ ਨੂੰ ਵੀ ਦਿੱਤਾ, ਜਿੱਥੇ ਠੀਕ ਸਮਝਿਆ ਭੇਜਿਆ, ਗੁਰਧਾਮਾਂ ਦੇ ਦਰਸ਼ਨ ਵੀ ਏਸੇ
ਚੋਂ ਕੀਤੇ, ਕਦੇ-ਕਦੇ ਗੁਰੂ ਕੀ ਸੰਗਤ ਨੂੰ ਗੁਰੂ ਕਾ ਲੰਗਰ ਵੀ ਛਕਾਇਆ, ਬਰਕਤ ਰਹੀ, ਹੁਣ ਵੀ ਭੰਡਾਰਾ ਭਰਿਆ। ਔਖੈ ਲਗਾਤਾਰ ਹਿੱਸਾ ਕੱਢਣਾ ਪਰ ਮਗਰੋਂ ਚੰਗਾ ਬਹੁਤ ਲੱਗਦੈ, ਗੁਰੂ ਕਿਰਪਾ ਰੱਖੇ।” ਅਮਰੂ ਨੇ ਹੱਥ ਜੋੜ ਵਾਹਿਗੁਰੂ ਦਾ ਧੰਨਵਾਦ ਕੀਤਾ। ਮਸ਼ੀਨ ਚਲਾਉਣ ਲੱਗ ਪਿਆ ਕਚਰ-ਕਚਰ, ਚਿਰ-ਚਿਰ, ਮੈਂ ਢੋਅ ਲਾ ਕੇ ਊਂਗਣ ਲੱਗਾ ਤਾਂ ਮੈਨੂੰ, ‘ਇੱਕ ਨਿਤਨੇਮੀ ਗੁਰਸਿੱਖ ਦੀ ਦਸਾਂ ਨਹੁੰਆਂ ਦੀ ਕਮਾਈ, ਕਿਰਤ ਚੋਂ ਦਸਵੰਧ ਕੱਢਣਾਂ, ਸਾਦਾ ਰਹਿਣਾ, ਸਿੱਖੀ-ਸਿਦਕ ਦੀ ਵੰਡ ਛਕਣ ਵਾਲੀ ਭਾਵਨਾ ਅਤੇ ਬਾਹਾਂ, ਪਿਛਾਂਹਾਂ ਨੂੰ ਕਰਕੇ ਤੁਰਦਾ ਕੁੱਬਾ ‘ਅਮਰੂ-ਦਸੌਂਧੀਆ
ਕੋਈ ਦੇਵਤਾ ਜਾਪਿਆ। ਅਜੇ ਹੋਰ ਕੁੱਝ ਉੱਘੜਦਾ, ਮੇਰੀ ਅੱਖ ‘ਨੂੰਹ ਦੇ ਬੋਲਨੇ ਖੋਹਲ ਦਿੱਤੀ, “ਬਾਬਾ ਜੀ ਚਾਹ"। ਅਸੀਂ ਦੋਵੇਂ ਪਿੱਤਲ ਦੀ ਗੜਵੀ
ਚੋਂ ਚੀਨੀ ਕੱਪਾਂ `ਚ ਲਾਲ ਚਾਹ ਪਾ, ਸਵਾਦ ਲੈਣ ਲੱਗ ਪਏ।
ਹੋਰ, ਪੀ.ਪੀ. ਕੇ, ਟੀ.ਟੀ. ਕੇ, ਜੀ.ਕੇ. ਕੇ, ਪੀਟੇ ਕੇ, ਠੀਕ ਹਨ। ਸਿੰਘ ਸਾਹਿਬਾਨ ਨੂੰ ਹਟਾਉਣ-ਲਾਉਣ ਪ੍ਰਤੀ ਰੋਸ ਹੈ। ਪਾਲਤੂ ਦੀ ਥਾਂ ਅਵਾਰਾ ਪਸ਼ੂਆਂ ਦੀ ਹੇੜ ਵੱਧ ਰਹੀ ਹੈ। ਖੇਸ/ਚਾਦਰਾਂ, ਮੱਛਰ ਅਤੇ ਬੇਰਾਂ ਦਾ ਰਾਜ ਹੈ। ਹੋਲੀ, ਹੋਲਾ ਅਤੇ ਹੋਲਾਂ ਦਾ ਬੋਲਬਾਲਾ ਹੈ। ਖੇਤੀ-ਸੁਧਾਰ ਲਈ ਯਤਨ ਜਾਰੀ ਹਨ। ਘਰੇਲੂ ਇਲਾਜ ਲਈ ਸਲਾਹ-ਵੀਡੀਓ ਜਾਰੀ ਹਨ। ਰਾਜਨੀਤੀ ਦਾ ਕਚਰ-ਵਾਢਾ ਓਵੇਂ ਹੀ ਹੈ। ਡੋਮੀਨੋਜ਼, ਕੇ.ਐਫ.ਸੀ., ਮੈਕਡੋਨਲਡਜ਼ ਅਤੇ ਸਬ-ਵੇ ਦੀਆਂ ਮਸ਼ਹੂਰੀਆਂ ਹਨ। ਏ.ਆਈ., ਯੂ-ਟਿਊਬਰ ਅਤੇ ਆਨਲਾਈਨ ਬਿਜ਼ਨਸ ਦੇ ਕੋਰਸ ਚਾਲੂ ਹਨ। ਭਮੱਕੜਾਂ, ਭਾਜੜਾਂ ਅਤੇ ਭੰਗੜਾ ਦੀਆਂ ਖ਼ਬਰਾਂ ਹਨ। ਸੱਚ, ਭੋਲੂ ਯੂ.ਕੇ. ਠੀਕ ਹੈ। ਚੰਗਾ, ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061