ਕਿਤਾਬ ”ਕੌਰਨਾਵਾ” ਬੈਲਜ਼ੀਅਮ ਵਿੱਚ ਕੀਤੀ ਲੋਕ ਅਰਪਣ

ਈਪਰ, ਬੈਲਜ਼ੀਅਮ 07/06/2024 ( ਪ੍ਰਗਟ ਸਿੰਘ ਜੋਧਪੁਰੀ ) ਕੌਂਮੀ ਜਰਨੈਲ ਸ਼ਹੀਦ ਭਾਈ ਪ੍ਰਮਜੀਤ ਸਿੰਘ ਪੰਜਵੜ ਦੇ ਦਿਸ਼ਾ ਨਿਰਦੇਸ਼ ਅਤੇ ਭਾਈ ਦਲਜੀਤ ਸਿੰਘ ਬਿੱਟੂ ਦੀ ਰਹਿਨੁਮਾਈ ਹੇਠ ਉੱਘੇ ਲੇਖਕ ਅਤੇ ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਖੋਜ ਭਰਪੂਰ ਕਿਤਾਬ ”ਕੌਰਨਾਮਾਂ” ਪਿਛਲੀ ਦਿਨੀ ਬੈਲਜ਼ੀਅਮ ਦੇ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਲੋਕ ਅਰਪਣ ਕੀਤੀ ਗਈ।

ਜਲਾਵਤਨ ਸਿੱਖ ਆਗੂ ਭਾਈ ਜਗਦੀਸ਼ ਸਿੰਘ ਭੂਰਾ ਦੀ ਦੂਸਰੀ ਬਰਸੀ ਮੌਕੇ ਹੋਏ ਪੰਥਕ ਇਕੱਠ ਵਿੱਚ ਯੂਰਪ ਭਰ ਵਿੱਚੋਂ ਪਹੁੰਚੇ ਸਿੱਖ ਆਗੂਆਂ ਭਾਈ ਗੁਰਮੀਤ ਸਿੰਘ ਖਨਿਆਣ ਜਰਮਨੀ, ਭਾਈ ਰਘੁਵੀਰ ਸਿੰਘ ਕੁਹਾੜ, ਭਾਈ ਸਤਨਾਮ ਸਿੰਘ, ਭਾਈ ਸੁਖਦੇਵ ਸਿੰਘ ਖਾਲੂ, ਬਾਜ ਸਿੰਘ ਵਿਰਕ ਅਤੇ ਬਾਬਾ ਕਸ਼ਮੀਰ ਸਿੰੰਘ ਫਰਾਂਸ, ਭਾਈ ਤਰਸੇਮ ਸਿੰਘ ਜੋਸ਼ ਹੌਲੈਂਡ, ਬੈਲਜ਼ੀਅਮ ‘ਚੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਪ੍ਰਿਥੀਪਾਲ ਸਿੰਘ ਪਟਵਾਰੀ, ਗੁਰਦੇਵ ਸਿੰਘ ਢਿੱਲ੍ਹੋਂ, ਬਲਕਾਰ ਸਿੰਘ ਨੀਟਾ, ਭਾਈ ਮਨਜੋਤ ਸਿੰਘ, ਗੁਰਪ੍ਰੀਤ ਸਿੰਘ ਰਟੌਲ, ਗੁਰਪ੍ਰੀਤ ਸਿੰਘ ਮੋਹੀ ਕਨੇਡਾ ਅਤੇ ਪੰਜਾਬ ‘ਤੋ ਵਿਸੇਸ਼ ਤੌਰ ਤੇ ਪਹੁੰਚੇ ਭਾਈ ਅਮਰਜੀਤ ਸਿੰਘ ਸਭਰਾਵਾਂ ਵਾਲਿਆਂ ਦੇ ਸ਼੍ਰੋਮਣੀ ਕਵੀਸ਼ਰੀ ਜਥੇ ਅਤੇ ਬੀਬੀਆਂ ਵਲੋਂ ਇਹ ਕਿਤਾਬ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਬੋਲਦਿਆਂ ਭਾਈ ਗੁਰਮੀਤ ਸਿੰਘ ਖਨਿਆਣ ਨੇ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਤਾਬ ਵਿੱਚ ਜੁਝਾਰੂ ਸਿੱਖ ਬੀਬੀਆਂ ਸਮੇਤ ਲਹਿਰ ਵਿੱਚ ਸ਼ਹੀਦ ਕੀਤੀਆਂ ਬੇਕਸੂਰ ਬੀਬੀਆਂ ਬਾਰੇ ਵੀ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਹੈ ਤੇ ਇਸ ਕਿਤਾਬ ਨੂੰ ਛਪਵਾਉਣ ਦਾ ਜੋ ਸੁਪਨਾ ਭਾਊ ਪ੍ਰਮਜੀਤ ਸਿੰਘ ਪੰਜਵੜ ਦਾ ਸੀ ਤੇ ਕਿਵੇਂ ਅਤੇ ਕਿੱਥੇ ਉਹਨਾਂ ਨੇ ਜਾਹਿਰ ਕੀਤਾ ਬਾਰੇ ਅਹਿਮ ਜਾਣਕਾਰੀ ਸਿੱਖ ਸੰਗਤਾਂ ਨਾਲ ਸਾਂਝੀ ਕੀਤੀ। ਇਸ ਕਿਤਾਬ ਨੂੰ ਪ੍ਰਾਪਤ ਕਰਨ ਲਈ ਇਸ ਸਮੇਂ ਸਿੱਖ ਸੰਗਤਾਂ ਵਿਚੱ ਭਾਰੀ ਉਤਸ਼ਾਹ ਸੀ।