ਦਿੱਲੀ ਦੀ ਇੱਕ ਬੀਅਰ ਬਾਰ ਵਾਲਿਆਂ ਨੇ ਇੱਕ ਹੱਟਾ ਕੱਟਾ ਵਿਅਕਤੀ ਬੀਅਰ ਤੇ ਵਿਸਕੀ ਪਰੋਸਣ ਲਈ (ਬਾਰ ਟੈਂਡਰ) ਰੱਖਿਆ ਹੋਇਆ ਸੀ। ਉਸ ਦੇ ਹੱਥਾਂ ਵਿੱਚ ਐਨੀ ਜਾਨ ਸੀ ਨਿੰਬੂ ਨੂੰ ਨਿਚੋੜ ਕੇ ਉਸ ਦੀ ਆਖਰੀ ਬੂੰਦ ਤੱਕ ਕੱਢ ਦੇਂਦਾ ਸੀ। ਉਸ ਤੋਂ ਬਾਅਦ ਕੋਈ ਵੀ ਵਿਅਕਤੀ ਬਚੇ ਹੋਏ ਛਿਲਕੇ ਤੋਂ ਇੱਕ ਵੀ ਬੂੰਦ ਰਸ ਦੀ ਨਹੀਂ ਸੀ ਕੱਢ ਸਕਦਾ। ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਇਸ ਤੋਂ ਖੁਸ਼ ਹੋ ਕੇ ਬਾਰ ਵਾਲਿਆਂ ਨੇ ਘੋਸ਼ਣਾ ਕਰ ਦਿੱਤੀ ਕਿ ਜੋ ਵੀ ਵਿਅਕਤੀ ਸਾਡੇ ਬੰਦੇ ਵੱਲੋਂ ਨਿਚੋੜੇ ਹੋਏ ਨਿੰਬੂ ਵਿੱਚੋਂ ਰਸ ਕੱਢ ਸਕੇ, ਉਸ ਨੂੰ 20000 ਰੁਪਏ ਇਨਾਮ ਦਿੱਤਾ ਜਾਵੇਗਾ। ਇਨਾਮ ਬਾਰੇ ਸੁਣ ਕੇ ਕਈ ਬਾਡੀ ਬਿਲਡਰਾਂ, ਵੇਟ ਲਿਫਟਰਾਂ, ਪਹਿਲਵਾਨਾਂ ਤੇ ਹੋਰ ਤਾਕਤਵਰ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਮੂੰਹ ਦੀ ਖਾਣੀ ਪਈ। ਬਾਰ ਟੈਂਡਰ ਦੇ ਚੈਲੇਂਜ਼ ਦੀ ਕਹਾਣੀ ਸਾਰੇ ਪਾਸੇ ਫੇਲ ਗਈ ਤੇ ਲੋਕ ਧੜਾ ਧੜ ਉਸ ਨੂੰ ਲਈ ਆਉਣ ਪਏ ਜਿਸ ਕਾਰਨ ਬੀਅਰ ਬਾਰ ਦੀ ਸੇਲ ਵੀ ਦੂਣੀ ਤੀਣੀ ਹੋਣ ਗਈ।
ਇੱਕ ਦਿਨ ਇੱਕ ਅਧਖੜ ਜਿਹੀ ਔਰਤ ਬਾਰ ਵਿੱਚ ਆਈ ਤੇ ਕਿਹਾ ਕਿ ਉਹ ਵੀ ਕੋਸ਼ਿਸ਼ ਕਰਨੀ ਚਾਹੁੰਦੀ ਹੈ। ਇਹ ਸੁਣ ਕੇ ਬਾਰ ਵਿੱਚ ਬੈਠੇ ਲੋਕ ਉਸਾ ਦਾ ਮਜ਼ਾਕ ਉਡਾਉਣ ਲੱਗ ਪਏ। ਜਦੋਂ ਹਾਸੜ ਬੰਦ ਹੋਇਆ ਤਾਂ ਬਾਰ ਟੈਂਡਰ ਨੇ ਇੱਕ ਨਿੰਬੂ ਲਿਆ ਤੇ ਉਸ ਨੂੰ ਪਹਿਲਾਂ ਨਾਲੋਂ ਵੀ ਵੱਧ ਤਾਕਤ ਨਾਲ ਨਿਚੋੜ ਕੇ ਪਿਚਕਿਆ ਹੋਇਆ ਛਿੱਲੜ ਉਸ ਨੂੰ ਪਕੜਾ ਦਿੱਤਾ। ਬਾਰ ਟੈਂਡਰ ਅਤੇ ਬਾਕੀ ਲੋਕਾਂ ਦੇ ਡੇਲੇ ਉਸ ਵੇਲੇ ਬਾਹਰ ਨਿਕਲਣ ਵਾਲੇ ਹੋ ਗਏ ਜਦੋਂ ਉਸ ਔਰਤ ਨੇ ਬਹੁਤ ਹੀ ਅਰਾਮ ਨਾਲ ਨਿੰਬੂ ਨਿਚੋੜਿਆ ਤੇ ਰਸ ਦੀਆਂ ਪੂਰੀਆਂ 10 ਬੂੰਦਾਂ ਗਲਾਸ ਵਿੱਚ ਡਿੱਗ ਪਈਆਂ। ਬੀਅਰ ਬਾਰ ਵਾਲਿਆਂ ਨੇ 20000 ਰੁਪਏ ਉਸ ਦੇ ਹਵਾਲੇ ਕੀਤੇ ਤੇ ਪੁੱਛਿਆ, “ਆਟੀ ਜੀ ਤੁਸੀਂ ਕੰਮ ਕੀ ਕਰਦੇ ਉ, ਐਨੀ ਤਾਕਤ?” ਔਰਤ ਹੱਸ ਕੇ ਬੋਲੀ, “ਪਹਿਚਾਣਿਆਂ ਨਹੀਂ? ਮੇਰਾ ਨਾਮ ਹੈ ਨਿਰਮਲਾ ਸੀਤਾਰਮਨ, ਭਾਰਤ ਦੀ ਵਿੱੱਤ ਮੰਤਰੀ। ਮੈਂ ਤਾਂ ਜੀ.ਐਸ.ਟੀ. ਅਤੇ ਹੋਰ ਟੈਕਸਾਂ ਨਾਲ ਜਨਤਾ ਦਾ ਸਾਰਾ ਖੂਨ ਨਿਚੋੜ ਲਿਆ ਹੈ, ਫਿਰ ਇਹ ਨਿੰਬੂ ਕੀ ਚੀਜ ਹੈ?”
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062