ਭਾਰਤ ’ਚ ਪਾਪ ਧੋਣ ਤੇ ਮਿਲਦੇ ਹਨ ਪਾਪ ਮੁਕਤੀ ਸਾਰਟੀਫਿਕੇਟ

ਪਿਛਲੀਆਂ ਕਈ ਸਦੀਆਂ ਤੋਂ ਰੱਬ ਦੀ ਹੋਂਦ ਬਾਰੇ ਚਰਚਾ ਚੱਲ ਰਹੀ ਹੈ। ਰੱਬ ਨੂੰ ਮੰਨਣ ਵਾਲੇ ਆਸਤਕ ਲੋਕ ਜਿੱਥੇ ਰੱਬ ਦੀ ਹੋਂਦ ਨੂੰ ਸਵੀਕਾਰਦੇ ਹਨ, ਉੱਥੇ ਪੁੰਨ ਪਾਪ ਸਬੰਧੀ ਰੱਬ ਤੋਂ ਮਿਲਣ ਵਾਲੀ ਪ੍ਰਸੰਸਾ ਜਾਂ ਸਜ਼ਾ ਨੂੰ ਵੀ ਪ੍ਰਵਾਨ ਕਰਦੇ ਹਨ। ਦੂਜੇ ਪਾਸੇ ਵਿਗਿਆਨਕ ਸੋਚ ਦੇ ਧਾਰਨੀ ਤਰਕ ਦੇ ਅਧਾਰ ਤੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਜਿਹਨਾਂ ਨੂੰ ਰੱਬ ਦੇ ਪ੍ਰਸੰਸਕ ਆਪਣੀ ਭਾਸ਼ਾ ਵਿੱਚ ਨਾਸਤਕ ਵੀ ਕਹਿ ਦਿੰਦੇ ਹਨ। ਰੱਬ ਦੀ ਹੋਂਦ ਸਬੰਧੀ ਇਹ ਚਰਚਾ ਸਦੀਆਂ ਤੋਂ ਚੱਲ ਰਹੀ ਹੈ ਅਤੇ ਸਦੀਆਂ ਤੱਕ ਹੀ ਚਲਦੀ ਰਹੇਗੀ। ਦੂਜਾ ਸਵਾਲ ਉਠਦੈ ਪਾਪ ਪੁੰਨ ਦਾ, ਇਹ ਤਾਂ ਹੋ ਨਹੀਂ ਸਕਦਾ ਕਿ ਆਸਤਕ ਲੋਕ ਜੀਵਨ ਭਰ ਵਿੱਚ ਕੋਈ ਗਲਤੀ ਹੀ ਨਾ ਕਰਨ, ਉਹਨਾਂ ਦੀ ਗਲਤੀ ਜਿਸਨੂੰ ਪਾਪ ਮੰਨਿਆਂ ਜਾਂਦਾ ਹੈ ਉਸਦਾ ਨਿਵਾਰਨ ਕਰਨ ਦਾ ਵੀ ਪੁਜਾਰੀਆਂ ਨੇ ਇੱਕ ਅਸਾਨ ਤਰੀਕਾ ਲੱਭ ਲਿਆ ਹੈ। ਇਹ ਪਾਪ ਧੋਣ ਲਈ ਭਾਰਤ ਵਿੱਚ ਕਈ ਮੰਦਰਾਂ ਵਿੱਚ ਅਜਿਹੇ ਕੁੰਡ ਜਾਂ ਸਰੋਵਰ ਤਿਆਰ ਕੀਤੇ ਹੋਏ ਹਨ। ਕਿਹਾ ਜਾਂਦਾ ਹੈ ਕਿ ਇਹਨਾਂ ਵਿੱਚ ਇਸਨਾਨ ਕਰਨ ਨਾਲ ਮਨੁੱਖ ਦੇ ਸਾਰੇ ਪਾਪ ਧੋਤੇ ਜਾ ਸਕਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਉਹਨਾਂ ਮੰਦਰਾਂ ਦੇ ਪੁਜਾਰੀ ਸਿਰਫ ਪਾਪ ਖਤਮ ਕਰਨ ਦਾ ਦਾਅਵਾ ਹੀ ਨਹੀਂ ਕਰਦੇ, ਬਲਕਿ ‘ਪਾਪ ਮੁਕਤੀ’ ਦਾ ਸਰਟੀਫਿਕੇਟ ਵੀ ਜਾਰੀ ਕਰਦੇ ਹਨ। ਹੈਰਾਨੀਜਨਕ ਤੱਥ ਹੈ ਕਿ ਕਿਸੇ ਖੇਡ ਸਬੰਧੀ ਸਾਰਟੀਫਿੇਕਟ ਹਾਸਲ ਕਰਨ ਲਈ ਵਰਜਿਸ ਵਗੈਰਾ ਕਰਕੇ ਕੋਈ ਟੈਸਟ ਦੇਣਾ ਪੈਂਦਾ ਹੈ ਅਤੇ ਵਿੱਦਿਆ ਦਾ ਸਾਰਟੀਫਿਕੇਟ ਪ੍ਰਾਪਤ ਕਰਨ ਲਈ ਵੀ ਦਿਨ ਰਾਤ ਪੜਾਈ ਕਰਕੇ ਦਿਮਾਗ ਤੇ ਬੋਝ ਪਾਉਣਾ ਪੈਂਦਾ ਹੈ। ਪਰ ਕੀਤੇ ਗਏ ਪਾਪਾਂ ਨੂੰ ਧੋਤੇ ਜਾਣ ਦਾ ਸਾਰਟੀਫਿਕੇਟ ਇੱਕ ਕੁੰਡ ਵਿੱਚ ਟੁੱਭੀ ਲਾਉਣ ਨਾਲ ਹੀ ਹਾਸਲ ਕੀਤਾ ਜਾ ਸਕਦਾ ਹੈ। ਇਹ ਵੀ ਇੱਕ ਸੱਚਾਈ ਹੈ ਕਿ ਭਾਰਤ ਤੋਂ ਬਗੈਰ ਅਜਿਹਾ ਸਾਰਟੀਫਿਕੇਟ ਦੁਨੀਆਂ ਭਰ ਦੇ ਕਿਸੇ ਵੀ ਹੋਰ ਦੇਸ ਵਿੱਚ ਨਾ ਕਿਤੇ ਦਿੱਤਾ ਜਾਂਦਾ ਹੈ ਅਤੇ ਨਾ ਹੀ ਕੋਈ ਪ੍ਰਾਪਤ ਕਰ ਸਕਦਾ ਹੈ।

ਰਾਜਸਥਾਨ ਸੂਬੇ ਦੇ ਸ਼ਹਿਰ ਪ੍ਰਤਾਪਗੜ ਦੇ ਇੱਕ ਸਿਵ ਮੰਦਰ ਵਿੱਚ ‘‘ਗੌਤਮੇਸਵਰ ਮਹਾਂਦੇਵ ਪਾਪ ਮੋਚਨ ਤੀਰਥ ਸਥਲ’’ ਨਾਂ ਦਾ ਇੱਕ ਕੁੰਡ ਬਣਿਆ ਹੋਇਆ ਹੈ। ਪੁਰਾਤਨ ਕਥਾ ਅਨੁਸਾਰ ਗੌਤਮ ਰਿਸ਼ੀ ਦੇ ਕੀਤੇ ਬਚਨਾਂ ਸਦਕਾ ਇੱਕ ਜਾਨਵਰ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਪਾਪ ਮੁਕਤ ਹੋਣ ਲਈ ਉਹਨਾਂ ਇਸ ਕੁੰਡ ਵਿੱਚ ਇਸ਼ਨਾਨ ਕੀਤਾ ਸੀ। ਉਸਤੋਂ ਬਾਅਦ ਇਹ ਪਰੰਪਰਾ ਪ੍ਰਚੱਲਤ ਹੋਈ ਹੈ। ਮੰਦਰ ਦੇ ਪੁਜਾਰੀਆਂ ਦਾ ਦਾਅਵਾ ਹੈ ਕਿ ਇਸ ਕੁੰਡ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ ਧੋਤੇ ਜਾ ਸਕਦੇ ਹਨ।

ਜਿਸ ਮਨੁੱਖ ਨੇ ਆਪਣੇ ਪਾਪਾਂ ਤੋਂ ਮੁਕਤੀ ਹਾਸਲ ਕਰਨੀ ਹੋਵੇ, ਉਹ ਇਸ ਮੰਦਾਕਿਨੀ ਕੁੰਡ ਵਿੱਚ ਟੁੱਭੀ ਲਾ ਕੇ ਇਸ਼ਨਾਨ ਕਰਦਾ ਹੈ। ਉਸਤੋਂ ਬਾਅਦ ਮੰਦਰ ਦੇ ਪੁਜਾਰੀਆਂ ਦੀ ਇੱਕ ਸੰਸਥਾ ‘‘ਅਮੀਨਤ ਕਛਾਰੀ’’ ਵੱਲੋਂ ਗਿਆਰਾਂ ਰੁਪਏ ਲੈ ਕੇ ਉਸ ਵਿਅਕਤੀ ਨੂੰ ‘ਪਾਪ ਮੁਕਤੀ ਸਾਰਟੀਫਿਕੇਟ’ ਦੇ ਦਿੱਤਾ ਜਾਂਦਾ ਹੈ। ਇਸ ਵਿੱਚ ਇੱਕ ਰੁਪਿਆ ਸਾਰਟੀਫਿਕੇਟ ਦੀ ਕੀਮਤ ਹੈ ਅਤੇ ਦਸ ਰੁਪਏ ਪਾਪ ਧੋਣ ਦੀ ਫੀਸ ਹੈ। ਹਰ ਸਾਲ ਸੈਂਕੜੇ ਲੋਕ ਇੱਥੋਂ ਪਾਪ ਮੁਕਤੀ ਸਾਰਟੀਫਿਕੇਟ ਹਾਸਲ ਕਰਦੇ ਹਨ। ਮਈ ਮਹੀਨੇ ਵਿੱਚ ਇਸ ਮੰਦਰ ’ਚ ਅੱਠ ਦਿਨਾਂ ਮੇਲਾ ਵੀ ਭਰਦਾ ਹੈ ਜਿਸ ਵਿੱਚ ਲੱਖਾਂ ਲੋਕ ਇਸ਼ਨਾਨ ਕਰਨ ਪਹੁੰਚਦੇ ਹਨ, ਪਰ ਸਾਰਟੀਫਿਕੇਟ ਹਾਸਲ ਕਰਨ ਵਾਲੇ ਸਾਰੇ ਨਹੀਂ ਹੁੰਦੇ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੁੰਦੀ ਹੈ। ਦੇਸ਼ ਦੀ ਅਜ਼ਾਦੀ ਤੋਂ ਬਾਅਦ ਅੱਜ ਤੱਕ ਜਿਹਨਾਂ ਨੂੰ ਇਹ ਸਾਰਟੀਫਿਕੇਟ ਜਾਰੀ ਕੀਤੇ ਹਨ, ਸਭ ਦਾ ਰਿਕਾਰਡ ਮੰਦਰ ਕਮੇਟੀ ਕੋਲ ਮੌਜੂਦ ਹੈ। ਕਿਸਾਨੀ ਜਾਂ ਹੋਰ ਕੋਈ ਧੰਦਾ ਕਰਦਿਆਂ ਕਿਸੇ ਜਾਨਵਰ ਦੀ ਹੱਤਿਆ ਹੋ ਜਾਵੇ, ਅੰਡਿਆਂ ਦਾ ਨੁਕਸਾਨ ਹੋ ਜਾਵੇ ਜਾਂ ਹੋਰ ਕੋਈ ਮਾੜਾ ਕੰਮ ਹੋ ਜਾਵੇ ਤਾਂ ਅਜਿਹੇ ਲੋਕ ਜਿਹਨਾਂ ਤੋਂ ਇਹ ਬੁਰਾ ਕੰਮ ਹੋ ਗਿਆ ਉਹ ਅਜਿਹਾ ਸਾਰਟੀਫਿਕੇਟ ਹਾਸਲ ਕਰਕੇ ਆਪਣੇ ਆਪ ਨੂੰ ਸੁਰਖਰੂ ਹੋਇਆ ਸਮਝਦੇ ਹਨ।

ਅਜਿਹਾ ਹੀ ਇੱਕ ਮੰਦਰ ਉੜੀਸਾ ਵਿੱਚ ਸੰਵਾਲਪੁਰ ਬਾਲਾਗੀਰ ਤੇ ਕਾਲਾ ਹਾਂਡੀ ਜਿਲਿਆਂ ਦੀ ਹੱਦ ਨਾਲ ਲਗਦੇ ਗੰਧ ਮਰਦਾਨ ਪਹਾੜ ਤੇ ਬਣਿਆ ਹੋਇਆ ਹੈ। ਬੁੱਧ ਧਰਮ ਵਿੱਚ ਇਸ ਸਥਾਨ ਨੂੰ ਪਰਿਮਲਗਿਰੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਇਹ ਬੁੱਧ ਧਰਮ ਦਾ ਰਾਸ਼ਟਰੀ ਪੱਧਰ ਦਾ ਕੇਂਦਰ ਵੀ ਮੰਨਿਆਂ ਜਾਂਦਾ ਰਿਹਾ ਹੈ। ਪਹਾੜ ਤੋਂ ਇੱਕ ਝਰਨਾ ਨਿਕਲਦਾ ਹੈ, ਜਿਸਦਾ ਪਾਣੀ ਇਸ ਕੁੰਡ ਵਿੱਚ ਪੈਂਦਾ ਹੈ ਜਿਸਨੂੰ ‘‘ਪਾਪ ਹਰਣ’’ ਕੁੰਡ ਕਿਹਾ ਜਾਂਦਾ ਹੈ, ਇਸ ਕੁੰਡ ਦੇ ਕੋਲ ਹੀ ਇੱਕ ਮੰਦਰ ਵੀ ਬਣਿਆ ਹੋਇਆ ਹੈ। ਇਸ ਮੰਦਰ ਦੀ ਕਮੇਟੀ ਵੱਲੋਂ ਕੁੰਡ ਵਿੱਚ ਇਸ਼ਨਾਨ ਕਰਕੇ ਪਾਪ ਧੋਣ ਵਾਲੇ ਵਿਅਕਤੀ ਨੂੰ ‘‘ਪਾਪ ਮੁਕਤੀ ਸਾਰਟੀਫਿਕੇਟ’’ ਦਿੱਤਾ ਜਾਂਦਾ ਹੈ। ਪਾਪ ਛੋਟਾ ਹੋਵੇ ਜਾਂ ਵੱਡਾ, ਗਊ ਹੱਤਿਆ ਤੋਂ ਨਸ਼ਾ ਖੋਰੀ ਆਦਿ ਤੱਕ ਦੇ ਪਾਪ ਇੱਥੇ ਧੋਤੇ ਜਾ ਸਕਦੇ ਹਨ। ਪਾਪ ਧੋਣ ਵਾਲਾ ਵਿਅਕਤੀ ਫੀਸ ਅਦਾ ਕਰਕੇ ਪਾਠ ਪੂਜਾ ਕਰਵਾ ਕੇ ਇਹ ਸਾਰਟੀਫਿਕੇਟ ਹਾਸਲ ਕਰ ਸਕਦਾ ਹੈ। ਮੰਦਰ ਦੇ ਦਫ਼ਤਰ ਵਿੱਚ ਵੱਖ ਵੱਖ ਤਰਾਂ ਦੇ ਪਾਪਾਂ ਤੋਂ ਮੁਕਤੀ ਪਾਉਣ ਲਈ ਨਿਸਚਿਤ ਕੀਤੀ ਫੀਸ ਦੀ ਸੂਚੀ ਲਗਾਈ ਹੋਈ ਹੈ।

ਇਸ ਪਰੰਪਰਾ ਤੋਂ ਤਾਂ ਇਉਂ ਪ੍ਰਤੀਤ ਹੁੰਦਾ ਹੈ ਕਿ ਭਾਰਤ ਦੇ ਲੋਕ ਬਹੁਤ ਹੀ ਭਾਗਸ਼ਾਲੀ ਹਨ, ਉਹਨਾਂ ਨੂੰ ਤਾਂ ਹੁਣ ਕੋਈ ਚਿੰਤਾ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਨਰਕਾਂ ਵਿੱਚ ਜਾਣਗੇ। ਜਿਹਨਾਂ ਪੁਜਾਰੀਆਂ ਨੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਨਰਕ ਸੁਰਗ ਦੇ ਚੱਕਰਾਂ ਵਿੱਚ ਫਸਾਇਆ ਹੈ, ਉਹਨਾਂ ਅੰਧ ਵਿਸਵਾਸੀ ਲੋਕਾਂ ਨੂੰ ਸਾਰੇ ਪਾਪ ਧੋ ਕੇ ਸਿੱਧਾ ਸਵਰਗ ਦਾ ਰਸਤਾ ਵਿਖਾ ਕੇ ਹੋਰ ਗੁੰਮਰਾਹ ਕੀਤਾ ਜਾ ਰਿਹਾ ਹੈ। ਜਾਣਬੁੱਝ ਕੇ ਜਾਂ ਅਣਜਾਣੇ ਵਿੱਚ ਉਹ ਕਿੰਨੇ ਵੀ ਪਾਪ ਕਰ ਲੈਣ, ਬੱਸ ਕੁੰਡ ਜਾਂ ਸਰੋਵਰ ਵਿੱਚ ਟੁੱਭੀ ਲਾ ਕੇ ਉਹ ਸਾਫ਼ ਸੁਥਰੇ ਬਣ ਸਕਦੇ ਹਨ, ਉਹਨਾਂ ਦੇ ਪਾਪ ਧੋਤੇ ਜਾ ਸਕਦੇ ਹਨ। ਸਵਾਲ ਉਠਦੈ ਕਿ ਕੀ ਮੁਗ਼ਲ ਸਮਰਾਟ ਬਾਬਰ ਵੀ ਟੁੱਭੀ ਲਾ ਕੇ ਪਾਪ ਮੁਕਤ ਹੋ ਸਕਦਾ ਸੀ ਤੇ ਔਰੰਗਜੇਬ ਵੀ। ਦਿੱਲੀ ਦੰਗਿਆਂ ਦੇ ਦੋਸ਼ੀ ਵੀ ਪਾਪਾਂ ਤੋਂ ਮੁਕਤ ਹੋ ਸਕਦੇ ਹਨ ਅਤੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ ਹੱਤਿਆ ਕਰਨ ਵਾਲੇ ਹਤਿਆਰੇ ਵੀ। ਘਰ ਘਰ ਨਸ਼ਾ ਪਹੁੰਚਾ ਕੇ ਜਵਾਨੀ ਤਬਾਹ ਕਰਨ ਵਾਲੇ ਵੀ ਤੇ ਸੱਤਾ ਤੇ ਕਾਬਜ ਹੋਣ ਲਈ ਆਮ ਲੋਕਾਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਵੀ। ਵਿਗਿਆਨ ਜਵਾਬ ਚਾਹੁੰਦਾ ਹੈ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913