ਸੁਰਜੀਤ ਪਾਤਰ ਦੀ ਨਿੱਘੀ ਯਾਦ ‘ਚ ਸ਼ਰਧਾਂਜਲੀ ਸਮਾਗਮ

‘ਮਾਰਕਸਵਾਦ ਸਦਾ ਰਾਹ ਦਸੇਰਾ ਹੈ’ ਲੋਕ ਅਰਪਿਤ

(ਹਰਜੀਤ ਲਸਾੜਾ, ਬ੍ਰਿਸਬੇਨ 4 ਜੂਨ) ਇੱਥੇ ‘ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ’ ਵੱਲੋਂ ਪੰਜਾਬੀ ਸ਼ਾਇਰੀ ਤੇ ਸਾਹਿਤ ਦੇ ਨਾਮਵਰ ਹਸਤਾਖ਼ਰ ਮਰਹੂਮ ਸੁਰਜੀਤ ਪਾਤਰ ਜੀ ਦੀ ਯਾਦ ‘ਚ ਸ਼ਰਧਾਂਜਲੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ‘ਚ ਕਾਮਰੇਡ ਜਗਰੂਪ ਦੀ ਕਿਤਾਬ ‘ਮਾਰਕਸਵਾਦ ਸਦਾ ਰਾਹ ਦਸੇਰਾ ਹੈ’ ਲੋਕ ਅਰਪਿਤ ਹੋਈ। ਗਲੋਬਲ ਇੰਨਟੀਚਿਊਟ ਵਿਖੇ ਹਾਜ਼ਰ ਲੇਖਕਾਂ, ਸਾਹਿਤ ਪ੍ਰੇਮੀਆਂ ਅਤੇ ਪਾਤਰ ਜੀ ਦੇ ਨਜ਼ਦੀਕੀਆਂ ਵੱਲੋਂ ਉਨ੍ਹਾਂ ਦੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੰਚ ਸੰਚਾਲਕ ਜਸਵੰਤ ਵਾਗਲਾ ਨੇ ਉਨ੍ਹਾਂ ਦੇ ਜੀਵਨ ਅਤੇ ਸਾਹਿਤਕ ਸਫ਼ਰ ਦੀ ਗੱਲ ਤੋਰਦਿਆਂ ਦੱਸਿਆ ਕਿ 14 ਜਨਵਰੀ 1945 ਨੂੰ ਪਾਤੜ ਕਲਾਂ ਦੀ ਪੈਦਾਇਸ਼, ਪੰਜਾਹ ਸਾਲ ਤੋਂ ਵੱਧ ਪੰਜਾਬੀ ਸਾਹਿਤ ਜਗਤ ਦੀ ਆਭਾ ਬਣੀ ਰਹੀ। ਰਿਤੂ ਅਹੀਰ ਨੇ ਪਾਤਰ ਜੀ ਦੇ ਜੀਵਨ ਤੇ ਉਹਨਾਂ ਦੀਆਂ ਲਿਖਤਾਂ ਬਾਰੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਦਰਵੇਸ਼ ਸ਼ਾਇਰ ਨੂੰ ਅਸੀਂ ਕਾਲਜ ਦੇ ਸਮੇਂ ਤੋਂ ਹੀ ਪੜ੍ਹਦੇ ਅਤੇ ਸੁਣਦੇ ਆਏ ਹਾਂ। ਉਨ੍ਹਾਂ ਦੇ ਬਹੁਤ ਸਾਰੇ ਗੀਤ ਅਤੇ ਸ਼ਿਅਰ ਸਾਡੇ ਮਨਾਂ ਵਿਚ ਵੱਸੇ ਹੋਏ ਹਨ। ਪੰਜਾਬੀ ਹਿਤੈਸ਼ੀ ਇਕਬਾਲ ਸਿੰਘ ਧਾਮੀ ਨੇ ਸੁਰਜੀਤ ਪਾਤਰ ਨੂੰ ਨਾਅਰੇ ਜਾਂ ਲਲਕਾਰੇ ਦਾ ਨਹੀਂ, ਰਮਜ਼ ਤੇ ਇਸ਼ਾਰੇ ਦਾ ਸ਼ਾਇਰ ਕਹਿੰਦਿਆਂ

ਉਹਨਾਂ ਨਾਲ ਬਿਤਾਏ ਸਮੇਂ ਦੀਆਂ ਨਿੱਘੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਨਜ਼ਮ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਮਸ਼ਹੂਰ ਪੰਜਾਬੀ ਗੀਤਕਾਰ ਨਿਰਮਲ ਦਿਉਲ ਅਨੁਸਾਰ ਪਾਤਰ ਅਸੀਮ ਸ਼ਾਇਰ ਸੀ, ਜੋ ਖ਼ੂਬਸੂਰਤ ਸਾਹਿਤਕ ਜੀਵਨ ਜੀ ਕੇ ਨਵਿਆਂ ਰਾਹਾਂ ਨੂੰ ਤੁਰ ਗਿਆ। ਕਵਿੱਤਰੀ ਚੇਤਨਾ ਗਿੱਲ, ਗਜ਼ਲਗੋ ਜਸਵੰਤ ਵਾਗਲਾ, ਹਰਮਨਦੀਪ ਗਿੱਲ, ਦਿਨੇਸ਼ ਸ਼ੇਖੂਪੁਰੀ, ਪ੍ਰਿਯੰਕਾ, ਲੇਖਕ ਗੁਰਜਿੰਦਰ ਸੰਧੂ ਵੱਲੋਂ ਵੀ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ ਹਰ ਪਾਤਰ ਪਿਆਰੇ ਨੇ ਮਹਿਸੂਸ ਕੀਤਾ ਕਿ ਸੁਰਜੀਤ ਪਾਤਰ ਆਪਣੇ ਸ਼ਬਦਾਂ ਦੇ ਨਾਲ ਹਮੇਸ਼ਾ ਉਨ੍ਹਾਂ ਦੇ ਨਾਲ ਹਨ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਮੋਰੋਂ, ਮੋਨਿਕਾ ਧਾਲੀਵਾਲ, ਬਿੱਟੂ, ਜਸਕਰਨ ਸ਼ੀਂਹ, ਦਲਜੀਤ ਸਿੰਘ, ਹਿਰਦੇਪਾਲ ਸਿੰਘ, ਜਸਵਿੰਦਰ ਕੌਰ, ਮੋਨਿਕਾ, ਇਸ਼ਾਨ, ਬਲਵਿੰਦਰ ਸਿੰਘ ਆਦਿ ਨੇ ਸ਼ਿਰਕਤ ਕੀਤੀ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਜਸਵੰਤ ਵਾਗਲਾ ਨੇ ਬਾਖ਼ੂਬੀ ਨਿਭਾਇਆ।