ਸ਼ੌਕ ਤੇ ਮਜ਼ਬੂਰੀ ਦੀ ਘੁੰਮਣਘੇਰੀ ‘ਚ ਘਿਰਿਆ ਬੰਦਾ

ਮੈਂ ਭਾਵੇਂ ‘ਅਖ਼ਬਾਰ’ ਦਾ ਪੱਕਾ ਮੁਲਾਜ਼ਮ ਨਹੀਂ ਸਾਂ ਪਰ! ਫੇਰ ਵੀ ਬਿਨਾਂ ਨਾਗਿE ਦਫ਼ਤਰ ਪਹੁੰਚ ਜਾਂਦਾ ਸਾਂ। ਪੱਕੇ ਮੁਲਾਜ਼ਮ ਮਗ਼ਰੋਂ ਆਉਂਦੇ ਤੇ ਮੈਂ ਪਹਿਲਾਂ ਅਪੱੜ ਜਾਂਦਾ। ਦੇਰ ਰਾਤ ਤੱਕ ਉੱਥੇ ਹੀ ਰਹਿੰਦਾ। ਅਖ਼ਬਾਰ ਦੇ ‘ਬਿਊਰੋ ਚੀਫ਼’ ਦੂਰੋਂ ਆਉਂਦੇ ਸਨ। ਇਸ ਲਈ ਉਹ ਰਾਤੀਂ ਅੱਠ ਕੁ ਵਜੇ ਨਿਕਲ ਜਾਂਦੇ ਕਿਉਂਕਿ ਉਹਨਾਂ ਬੱਸ ਫੜਨੀ ਹੁੰਦੀ ਸੀ। ਉਨ੍ਹਾਂ ਦੇ ਮਗ਼ਰੋਂ ਸਾਰੇ ਹੌਲੀ ਹੌਲੀ ਮੁਲਾਜ਼ਮ ਖਿਸਕ ਜਾਂਦੇ ਪਰ! ਮੈਂ ਇਕੱਲਾ ਹੀ ਬੈਠਾ ਰਹਿੰਦਾ।

ਛੇਆਂ ਮਹੀਨਿਆਂ ਵਿਚ ਹੀ ‘ਟਾਈਪ’ ਕਰਨੀ ਸਿੱਖ ਗਿਆ ਤੇ ਮੁੜ ਆਪਣੀਆਂ ਖ਼ਬਰਾਂ ਆਪ ਹੀ ਟਾਈਪ ਕਰਨ ਲੱਗਿਆ। ਅਖ਼ਬਾਰ ਦਾ ਪੂਰਾ ਸਟਾਫ਼ ਹੈਰਾਨ ਸੀ ਕਿ ਇਹ ਮੁੰਡਾ ਕੱਲ੍ਹ ਆਇਆ ਹੈ ਤੇ ਆਉਂਦਿਆਂ ਹੀ ਛਾਅ ਗਿਆ ਹੈ। ਉਦੋਂ ਮੈਨੂੰ ਇਹਨਾਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਹੁਣ ਸੋਚਦਾ ਹਾਂ ਕਿ ਇਹ ਸਭ ਬੰਦੇ ਦੇ ਸੌਕ ਉੱਪਰ ਨਿਰਭਰ ਕਰਦਾ ਹੈ। ਜਿਸ ਕੰਮ ਨੂੰ ਕਰਨ ਲੱਗਿਆਂ ਤੁਹਾਨੂੰ ਚੰਗਾ ਲੱਗੇ; ਤੁਸੀਂ ਉਹੀ ਕੰਮ ਕਰਦੇ ਹੋ। ਬਿਲਕੁਲ ਇੰਝ ਹੀ ਮੇਰੇ ਨਾਲ ਹੋਇਆ। ਜਿਹੜੇ ਬੰਦੇ ਅਖ਼ਬਾਰ ਦੇ ਦਫ਼ਤਰ ਵਿਚ ਕੰਮ ਕਰਦੇ ਸਨ ਉਹ ‘ਅੱਕੇ’ ਪਏ ਸਨ ਪਰ! ਮੈਨੂੰ ਸ਼ੌਕ ਸੀ। ਮੈਂ ਜਲਦ ਹੀ ਖ਼ਬਰਾਂ ਲਿਖਣੀਆਂ ਸਿੱਖ ਗਿਆ।

ਹਫ਼ਤਾ ਕੁ ਪਹਿਲਾਂ ਇੱਕ ‘ਧਾਰਮਿਕ’ ਜਗ੍ਹਾ ਤੇ ਜਾਣ ਦਾ ਸਬੱਬ ਬਣ ਗਿਆ। ਉੱਥੇ ਕੰਮ ਕਰਦੇ ‘ਧਾਰਮਿਕ’ ਆਗੂ ਨੂੰ ਮਿਿਲਆ ਤਾਂ ਉਹ ਢਿੱਲੇ ਜਾਪੇ। ਪੁੱਛਣ ਤੇ ਕਹਿਣ ਲੱਗੇ ਕਿ ਮੈਂ ਬਹੁਤ ਪ੍ਰੇਸ਼ਾਨ ਹਾਂ। ਇਸ ਕੰਮ ਵਿਚ ਹੁਣ ਭੋਰਾ ਵੀ ਇੱਜਤ ਨਹੀਂ ਰਹੀ। ਉੱਪਰੋਂ ਤਨਖ਼ਾਹ ਵੀ ਬਹੁਤ ਘੱਟ ਮਿਲਦੀ ਹੈ। ਘਰ ਦਾ ਗੁਜ਼ਾਰਾ ਮਸਾਂ ਚੱਲਦਾ ਹੈ। ਇਸ ਕੰਮ ਨਾਲੋਂ ਚੰਗਾ ਤਾਂ ਬੰਦਾ ‘ਰੇਹੜੀ’ ਲਾ ਲਵੇ; ਪ੍ਰਬੰਧਕਾਂ ਦੀ ਗੱਲਾਂ ਤਾਂ ਨਾ ਸੁਣਨੀਆਂ ਪੈਣ। ਉਹ ਸੱਚਮੁੱਚ ਪ੍ਰੇਸ਼ਾਨ ਲੱਗਿਆ।

ਕੱਲ੍ਹ ਸ਼ਾਮ ਨੂੰ ਮੇਰਾ ਨਿੱਕਾ ਬੇਟਾ ਆਲੂ- ਟਿੱਕੀ ਖਾਣ ਦੀ ਜਿੱਦ ਕਰਨ ਲੱਗਿਆ। ਉਹਨਾਂ ਨੂੰ ਲੈ ਕੇ ਬਾਜ਼ਾਰ ਗਿਆ ਤਾਂ ਨੇੜੇ ਹੀ ਖੜੀ ‘ਰੇਹੜੀ’ ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ। ਮੈਂ ਵੀ ਬੱਚਿਆਂ ਲਈ ਟਿੱਕੀ ਬਣਾਉਣ ਲਈ ਕਿਹਾ। ਬੱਚੇ ਤਾਂ ਟਿੱਕੀ ਖਾਣ ਲੱਗ ਗਏ ਅਤੇ ਰੇਹੜੀ ਵਾਲਾ ਮੇਰੇ ਨਾਲ ਗੱਲੀਂ ਲੱਗ ਗਿਆ। ਅਖੇ, ‘ਸਰਦਾਰ ਜੀ, ਸਾਡੀ ਕਿਹੜੀ ਜਿ਼ੰਦਗੀ ਹੈ? ਸਾਰਾ ਦਿਨ ਲੋਕਾਂ ਦਾ ਜੂਠੇ ਭਾਂਡੇ ਧੋਂਦੇ ਹਾਂ।’ ਮੈਂ ਕਿਹਾ, ‘ਕੋਈ ਨਾ, ਰੁਜ਼ਗਾਰ ਤਾਂ ਮਿਿਲਆ ਹੋਇਆ ਹੈ, ਬਥ੍ਹੇਰੀ ਦੁਨੀਆਂ ਬੇਰੁਜ਼ਗਾਰ ਤੁਰੀ ਫਿਰਦੀ ਹੈ ਅੱਜਕਲ੍ਹ।’ ਉਹ ਕਹਿੰਦਾ, ‘ਇਸ ਕੰਮ ਨਾਲੋਂ ਚੰਗਾ ਤਾਂ ਬੰਦਾ ‘ਬਾਬਿਆਂ ਦੇ ਡੇਰੇ’ ਉੱਪਰ ਰੋਟੀ ਖਾ ਲਵੇ। ਸੇਵਾ ਕਰਕੇ ‘ਅਗਲਾ ਜਨਮ’ ਵੀ ਸਵਾਰੇ ਅਤੇ ਇਸ ਕੁੱਤਖ਼ਾਨੇ ਤੋਂ ਖਹਿੜਾ ਵੀ ਛੁੱਟ ਜਾਵੇ। ਮੈਨੂੰ ਉਹ ਸੱਚਮੁੱਚ! ਦੁਖੀ ਲੱਗਿਆ।

ਇਹ ਮਨੁੱਖੀ ਫਿ਼ਤਰਤ ਹੈ ਕਿ ਬਹੁਤੇ ਬੰਦੇ ਆਪਣੇ ਕੰਮ ਨੂੰ ਸ਼ੌਕ ਨਾਲ ਨਹੀਂ ਕਰਦੇ ਬਲਕਿ ਮਜ਼ਬੂਰੀ ਵੱਸ ਕਰਦੇ ਹਨ। ਬਹੁਤੇ ਬੰਦਿਆਂ ਨੂੰ ਆਪਣਾ ਕੰਮ ਪਸੰਦ ਨਹੀਂ ਹੁੰਦਾ। ਖ਼ਬਰੇ! ਇਸੇ ਕਰਕੇ ਬੰਦਾ ਆਪਣੇ ਨਿੱਤ ਦੇ ਕੰਮ ਤੋਂ ਨਿਜ਼ਾਤ ਚਾਹੁੰਦਾ ਹੈ। ਅਸਲ ਵਿਚ ਉਹ ਆਪਣੇ ਨਿੱਤ ਦੇ ਕੰਮ ਤੋਂ ਬੋਰੀਅਤ ਮਹਿਸੂਸ ਕਰਦਾ ਹੈ। ਹਰ ਰੋਜ਼ ਇੱਕੋ ਹੀ ਕੰਮ। ਇਸ ਕਰਕੇ ਬੰਦਾ ਤਬਦੀਲੀ ਚਾਹੁੰਦਾ ਹੈ। ਖ਼ਬਰੇ! ਇਸੇ ਕਰਕੇ ਲਿੱਖਣ- ਲਿਖਾਉਣ ਦਾ ਕੰਮ ‘ਅਧਿਆਪਕ’ ਘੱਟ ਹੀ ਕਰਦੇ ਹਨ। ਉਹ ਦਿਨ- ਰਾਤ ਪੜ੍ਹ- ਪੜ੍ਹਾ ਕੇ ਤੰਗ ਹੋਏ ਹੁੰਦੇ ਹਨ। ਇਸ ਕਰਕੇ ਵੱਡੇ ਲੇਖਕ ਅਮੁਮਨ ‘ਅਧਿਆਪਕ’ ਕਿੱਤੇ ਨਾਲ ਸੰਬੰਧਤ ਨਹੀਂ ਹੁੰਦੇ। ਉਹ ਹੋਰ ‘ਕਿੱਤਿਆਂ’ ਨਾਲ ਸੰਬੰਧ ਰੱਖਦੇ ਹਨ। ਅਧਿਆਪਕ ਆਪਣੇ ਸਿਲੇਬਸ ਨੂੰ ਹੀ ਪੜ੍ਹ- ਪੜ੍ਹਾ ਲੈਣ ਇੰਨਾ ਹੀ ਕਾਫ਼ੀ ਹੈ; ਲਿਖਣਾ- ਲਿਖਾਉਣਾ ਤਾਂ ‘ਸ਼ੌਕ’ ਦਾ ਕੰਮ ਹੈ।

ਕਹਿੰਦੇ; ਟੇਲਰ ਮਾਸਟਰ ਦੀ ਆਪਣੀ ਕਮੀਜ਼ ਪਾਟੀ ਹੁੰਦੀ ਹੈ। ਮਾਸਟਰਾਂ ਦੇ ਬੱਚੇ ਘੱਟ ਹੀ ਪੜ੍ਹਦੇ ਹਨ ਅਤੇ ਡਾਕਟਰਾਂ ਦੇ ਬੱਚੇ ਬਿਮਾਰ ਹੀ ਹੁੰਦੇ ਹਨ। ਇਸ ਗੱਲ ਭਾਵੇਂ 100 ਫ਼ੀਸਦੀ ਦਰੁੱਸਤ ਨਹੀਂ ਪਰ! ਪੰਜਾਹ ਫ਼ੀਸਦੀ ਲਾਜ਼ਮੀ ਦਰੁੱਸਤ ਹੈ। ਅਸਲ ਵਿਚ ਇਹ ਲੋਕ ਆਪਣੇ ‘ਕਿੱਤਿਆਂ’ ਤੋਂ ਅੱਕੇ ਹੁੰਦੇ ਹਨ ਅਤੇ ਧਿਆਨ ਦੀ ਅਣਹੋਂਦ ਅਜਿਹੀ ‘ਸਥਿਤੀ’ ਪੈਦਾ ਕਰ ਦਿੰਦੀ ਹੈ। ਰੱਬ ਤੋਂ ਜਿੰਨਾ ਆਮ ਬੰਦਾ ਡਰਦਾ ਹੈ ਉੰਨਾ ‘ਧਾਰਮਿਕ’ ਬੰਦਾ ਨਹੀਂ ਡਰਦਾ। ਅਸਲ ਵਿਚ ਚੌਵੀ ਘੰਟੇ ਧਾਰਮਿਕ ਜਗ੍ਹਾ ਤੇ ਰਹਿਣ ਕਰਕੇ ਉਹਨਾਂ ਦਾ ਡਰ ਨਿਕਲ ਚੁਕਿਆ ਹੁੰਦਾ ਹੈ। ਧਾਰਮਿਕ ਜਗ੍ਹਾ ਤੇ ਚੋਰੀ ਧਾਰਮਿਕ ਬੰਦਾ ਹੀ ਕਰ ਸਕਦਾ ਹੈ ‘ਅਧਰਮੀ’ ਦੇ ਵੱਸ ਦੀ ਗੱਲ ਨਹੀਂ। ਰੇਪ ਮਾਮਲਿਆਂ ਵਿਚ ਜ਼ੇਲ੍ਹਾਂ ਵਿਚ ਬੰਦ ਵੱਡੇ ‘ਧਾਰਮਿਕ ਆਗੂਆਂ’ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਮਨਾਂ ਵਿਚ ਕਿੰਨੀ ਕੁ ਧਾਰਮਿਕਤਾ ਹੁਲਾਰੇ ਮਾਰਦੀ ਹੋਵੇਗੀ। ਖ਼ੈਰ,

ਬੰਦਾ ਜਿੱਥੇ ਆਪਣੇ ਕੰਮ ਤੋਂ ਖੁਸ਼ ਨਹੀਂ ਹੁੰਦਾ ਉੱਥੇ ਹੀ ‘ਵਰਤਮਾਨ’ ਸਮੇਂ ਵਿਚ ਵੀ ਖੁਸ਼ ਨਹੀਂ ਹੁੰਦਾ। ਉਹ ਭੂਤਕਾਲ ਦੀਆਂ ਯਾਦਾਂ ਵਿਚ ਗੁਆਚ ਕੇ ਖੁਸ਼ ਹੁੰਦਾ ਹੈ। ਭਵਿੱਖ ਦੀਆਂ ਮੁਸ਼ਕਿਲਾਂ ਨੂੰ ਸੋਚ- ਸੋਚ ਕੇ ਪ੍ਰੇਸ਼ਾਨ ਹੁੰਦਾ ਰਹਿੰਦਾ ਹੈ। ਪਰ! ਇਹ ਜਿ਼ੰਦਗੀ ਜਿਉਣ ਦਾ ‘ਉੱਤਮ’ ਢੰਗ ਨਹੀਂ ਹੈ। ਚੰਦ ਸਕਿੰਟ ਲਈ ਸੋਚ ਕੇ ਦੇਖੋ; ਜਿਸ ਜਗ੍ਹਾ ਤੇ ਤੁਸੀਂ ਹੋ ਇਸ ਜਗ੍ਹਾ ਤੇ ਪਹੁੰਚਣ ਲਈ ਲੱਖਾਂ ਲੋਕ ਯਤਨ ਕਰ ਰਹੇ ਹਨ। ਜੋ ਕੁਝ ਤੁਹਾਡੇ ਕੋਲ ਹੈ ਉਸ ਵਾਸਤੇ ਲੱਖਾਂ ਲੋਕ ਦਿਨ- ਰਾਤ ਤਰਲੋਮੱਛੀ ਹੋ ਰਹੇ ਹਨ। ਤੁਹਾਡੇ ਵਰਗੇ ਰੁਜ਼ਗਾਰ ਨੂੰ ਪ੍ਰਾਪਤ ਕਰਨਾ; ਲੱਖਾਂ ਲੋਕਾਂ ਦਾ ਸੁਪਨਾ ਹੈ। ਆਪਣੇ ਕਿੱਤੇ ਨੂੰ ਮਨੋਂ ਅਪਣਾE। ਤੁਸੀਂ ਜੋ ਕੁਝ ਵੀ ਹੋ ਇਸ ਕਿੱਤੇ ਦੀ ਬਦੌਲਤ ਹੋ। ਚੰਦ ਸਕਿੰਟ ਲਈ ਬੇਰੁਜ਼ਗਾਰ ਹੋ ਕੇ ਵੇਖੋ; ਤੁਹਾਨੂੰ ਹਕੀਕਤ ਸਮਝ ਆ ਜਾਵੇਗੀ।

ਆਖ਼ਰ ਵਿਚ; ਕੱਲ੍ਹ ਦੀਆਂ ਸਮੱਸਿਆਵਾਂ ਕੱਲ੍ਹ ਦੇਖੀਆਂ ਜਾਣਗੀਆਂ। ਕੱਲ੍ਹ ਦੀਆਂ ਸਮੱਸਿਆਵਾਂ ਲਈ ‘ਅੱਜ’ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ। ਅੱਜ ਨੂੰ ਖੁੱਲ੍ਹਦਿਲੀ ਨਾਲ ਜਿਉਣਾ ‘ਸਿਆਣਪ’ ਹੈ ਅਤੇ ਬਰਬਾਦ ਕਰਨਾ ‘ਮੂਰਖ਼ਤਾ’ ਇਸ ਲਈ ਸਿਆਪਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਖੁੱਲ੍ਹਦਿਲੀ ਨਾਲ ਜੀਵਨ ਜਿਉਣਾ ਚਾਹੀਦਾ ਹੈ।

ਸੂਫ਼ੀ ਗਾਇਕ ਸਤਿੰਦਰ ਸਰਤਾਜ ਦੇ ਗੀਤ ਦੀਆਂ ਇਹਨਾਂ ਸਤਰਾਂ ਨਾਲ ਟਿੱਪਣੀ ਖ਼ਤਮ ਕਰਦੇ ਹਾਂ;
‘ਚਾਰ ਹੀ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ
ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ।’

ਡਾ: ਨਿਸ਼ਾਨ ਸਿੰਘ ਰਾਠੌਰ
# 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ: 90414-98009