ਕਈ ਸਾਲ ਪਹਿਲਾਂ ਪਟਿਆਲਾ ਰੇਂਜ਼ ਦੇ ਕਿਸੇ ਜਿਲ੍ਹੇ ਦਾ ਕਪਤਾਨ ਬਹੁਤ ਹੀ ਰੰਗੀਨ ਅਤੇ ਸ਼ੌਕੀਨ ਤਬੀਅਤ ਦਾ ਇਨਸਾਨ ਸੀ। ਉਸ ਦੀ ਕਿਸੇ ਨਾ ਕਿਸੇ ਕਾਰਵਾਈ ਦੀ ਚੁੰਝ ਚਰਚਾ ਪੁਲਿਸ ਅਤੇ ਆਮ ਲੋਕਾਂ ਵਿੱਚ ਚੱਲਦੀ ਹੀ ਰਹਿੰਦੀ ਸੀ। ਉਸ ਨੂੰ ਦਰਖਾਸਤ ਆਦਿ ਦੇਣ ਵਾਸਤੇ ਜੇ ਕੋਈ ਆਦਮੀ ਜਾਂ ਸਧਾਰਨ ਜਿਹੀ ਔਰਤ ਆ ਜਾਂਦੀ ਸੀ ਤਾਂ ਦੋ ਮਿੰਟਾਂ ਵਿੱਚ ਹੀ ਫਾਰਗ ਕਰ ਦੇਂਦਾ, ਪਰ ਜੇ ਕੋਈ ਅੱਪ ਟੂ ਡੇਟ ਚਟਕ ਜਿਹੀ ਖੂਬਸੂਰਤ ਬੀਬੀ ਆ ਜਾਂਦੀ ਤਾਂ ਚਾਹ ਪਿਆਏ ਬਗੈਰ ਨਹੀਂ ਸੀ ਜਾਣ ਦੇਂਦਾ। ਉਸ ਦੀਆਂ ਪੁਲਿਸ ਅਤੇ ਸਿਵਲ, ਵੱਡੀ ਗਿਣਤੀ ਵਿੱਚ ਗਰਲ ਫਰੈਂਡਾਂ ਹੋਣ ਬਾਰੇ ਰੌਲਾ ਗੌਲਾ ਆਮ ਹੀ ਸੀ। ਇਸ ਕਾਰਨ ਕਈ ਪੁਲਿਸ ਮੁਲਾਜ਼ਮਾਂ ਤਾਂ ਐਨੀਆਂ ਬੇਖੌਫ ਅਤੇ ਮੂੰਹ ਜ਼ੋਰ ਹੋ ਗਈਆਂ ਸਨ ਕਿ ਪੁਲਿਸ ਲਾਈਨ ਅਤੇ ਥਾਣਿਆਂ ਦੇ ਮੁੰਸ਼ੀਆਂ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਉਨ੍ਹਾਂ ਦੀ ਕਿਤੇ ਡਿਊਟੀ ਲਗਾ ਸਕਣ। ਸ਼ਰੇਆਮ ਕਪਤਾਨ ਦਾ ਨਾਮ ਲੈ ਕੇ ਧਮਕੀ ਦੇ ਦਿੰਦੀਆਂ ਸਨ ਕਿ ਤੂੰ ਸਸਪੈਂਡ ਤਾਂ ਨਹੀਂ ਹੋਣਾ। ਵਿਚਾਰੇ ਮੁੰਸ਼ੀ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੇ ਸਨ ਤੇ ਮਨ ਹੀ ਮਨ ਸੋਚਦੇ ਸਨ ਕਿ ਇਸ ਕਪਤਾਨ ਦੀ ਬਦਲੀ ਹੋ ਲੈਣ ਦੇ, ਫਿਰ ਤੈਨੂੰ ਦੱਸਾਂਗਾ ਕਿ ਡਿਊਟੀ ਕਿਵੇਂ ਕਰੀਦੀ ਹੈ।
ਉਹ ਆਪਣੇ ਸ਼ੌਂਕ ਦੀ ਪੂਰਤੀ ਲਈ ਖਤਰਾ ਉਠਾਉਣ ਤੋਂ ਵੀ ਗੁਰੇਜ਼ ਨਹੀਂ ਸੀ ਕਰਦਾ। ਉਸ ਦਾ ਇੱਕ ਤਲਾਕਸ਼ੁਦਾ ਪੁਲਿਸ ਮੁਲਾਜ਼ਮ ਨਾਲ ਐਨਾ ਜਿਆਦਾ ਪ੍ਰੇਮ ਪੈ ਗਿਆ ਕਿ ਉਸ ਦੀ ਖਾਤਰ ਆਪਣੇ ਰੁਤਬੇ ਅਤੇ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਉਣ ਤੱਕ ਚਲਾ ਗਿਆ। ਉਸ ਨੇ ਦੇਰ ਰਾਤ ਨੂੰ ਆਪਣੀ ਕਾਲੇ ਸ਼ੀਸ਼ੀਆਂ ਵਾਲੀ ਪ੍ਰਾਈਵੇਟ ਗੱਡੀ ਕੱਢਣੀ ਤੇ ਬਿਨਾਂ ਕਿਸੇ ਗੰਨਮੈਨ ਦੇ ਖੁਦ ਹੀ ਗੱਡੀ ਚਲਾ ਕੇ ਉਸ ਦੇ ਘਰ ਪਹੁੰਚ ਜਾਣਾ। ਹੁਣ ਐਨੇ ਵੱਡੇ ਰੈਂਕ ਦੇ ਅਫਸਰ ਦੀਆਂ ਅਜਿਹੀਆਂ ਗੱਲਾਂ ਕਿੱਥੇ ਛਿਪਦੀਆਂ ਹਨ, ਹੌਲੀ ਹੌਲੀ ਮੁਹੱਲੇ ਵਿੱਚ ਖੁਸਰ ਫੁਸਰ ਸ਼ੁਰੂ ਹੋ ਗਈ। ਕਪਤਾਨ ਦੀ ਮਾੜੀ ਕਿਸਮਤ ਕਿ ਉਨ੍ਹਾਂ ਦਿਨਾਂ ਵਿੱਚ ਹੀ ਜਿਲ੍ਹੇ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਤਾਬੜਤੋੜ ਵਾਰਦਾਤਾਂ ਹੋਣ ਲੱਗ ਪਈਆਂ। ਕਪਤਾਨ ਵੱਲੋਂ ਸਾਰੇ ਥਾਣਿਆਂ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਕਿ ਵੱਧ ਤੋਂ ਵੱਧ ਗਸ਼ਤ ਕੀਤੀ ਜਾਵੇ, ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਣ ਤੇ ਸ਼ਹਿਰਾਂ ਵਿੱਚ ਚੌਂਕੀਦਾਰ ਰਖਵਾਏ ਜਾਣ।
ਜਿਲ੍ਹਾ ਹੈੱਡਕਵਾਟਰ ਵਾਲੇ ਸ਼ਹਿਰ ਦੇ ਐਸ.ਐਚ.ਉ. ਨੂੰ ਖਬਰ ਮਿਲੀ ਕਿ ਫਲਾਣੇ ਮੁਹੱਲੇ (ਜਿੱਥੇ ਕਪਤਾਨ ਦਾ ਆਉਣ ਜਾਣ ਸੀ) ਵਾਲੇ ਚੌਂਕੀਦਾਰ ਰੱਖਣ ਤੋਂ ਇਨਕਾਰ ਕਰ ਰਹੇ ਹਨ। ਐਸ.ਐਚ.ਉ. ਖੁਦ ਦਲ ਬਲ ਸਮੇਤ ਉਥੇ ਪਹੁੰਚਿਆ ਤੇ ਮੁਹੱਲੇ ਦੇ ਮੋਹਤਬਰਾਂ ਦੀ ਮੀਟਿੰਗ ਬੁਲਾ ਕੇ ਸਿਆਣਾ ਜਿਹਾ ਬਣ ਕੇ ਸਮਝਾਉਣ ਲੱਗਾ ਕਿ ਚੌਂਕੀਦਾਰ ਰੱਖਣਾ ਬਹੁਤ ਜਰੂਰੀ ਹੈ ਕਿਉਂਕਿ ਪੁਲਿਸ ਵਾਸਤੇ ਹਰ ਇਲਾਕੇ ਵਿੱਚ ਗਸ਼ਤ ਕਰਨੀ ਸੰਭਵ ਨਹੀਂ। ਜਿਸ ਇਲਾਕੇ ਵਿੱਚ ਚੌਂਕੀਦਾਰ ਰਾਤ ਨੂੰ ਡਾਂਗ ਖੜਕਾਉਂਦਾ ਹੋਇਆ ਘੁੰਮਦਾ ਹੈ, ਉਥੇ ਮਾੜੇ ਅਨਸਰ ਆਉਣ ਦੀ ਹਿੰਮਤ ਨਹੀਂ ਕਰ ਸਕਦੇ ਆਦਿ ਆਦਿ। ਮੀਟਿੰਗ ਵਿੱਚ ਕਾਨਾਫੂਸੀ ਹੋਣੀ ਸ਼ੁਰੂ ਹੋ ਗਈ ਪਰ ਕੋਈ ਖੁਲ੍ਹ ਕੇ ਬੋਲਣ ਲਈ ਤਿਆਰ ਨਾ ਹੋਇਆ। ਅਖੀਰ ਐਸ.ਐਚ.ਉ. ਨੇ ਮੁਹੱਲੇ ਦੇ ਮੂੰਹ ਫੱਟ ਪੱਤਰਕਾਰ ਕੌੜੇ (ਕਾਲਪਨਿਕ ਨਾਮ) ਨੂੰ ਕਿਹਾ ਕਿ ਤੂੰ ਹੀ ਕੁਝ ਦੱਸ ਦੇ, ਅਸਲ ਗੱਲ ਕੀ ਹੈ?
ਕੌੜੇ ਨੇ ਆਸੇ ਪਾਸੇ ਵੇਖਿਆ ਤੇ ਲੋਕਾਂ ਨੂੰ ਮੂਕ ਸਹਿਮਤੀ ਵਿੱਚ ਸਿਰ ਹਿਲਾਉਂਦੇ ਵੇਖ ਕੇ ਕਿਹਾ, “ਇੰਸਪੈਕਟਰ ਸਾਹਿਬ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਸਾਡਾ ਮੁਹੱਲਾ ਸ਼ਹਿਰ ਦਾ ਸਭ ਤੋਂ ਵੱਧ ਸੁਰੱਖਿਅਤ ਮੁਹੱਲਾ ਹੈ। ਇਥੇ ਰਾਤ ਦੀ ਗਸ਼ਤ ਕੋਈ ਛੋਟਾ ਮੋਟਾ ਪੁਲਿਸ ਮੁਲਾਜ਼ਮ ਨਹੀਂ, ਤੁਹਾਡਾ ਕਪਤਾਨ ਖੁਦ ਕਰਦਾ ਹੈ। ਉਹ ਦੋ ਚਾਰ ਦਿਨਾਂ ਬਾਅਦ 10 – 11 ਵਜੇ ਆਉਂਦਾ ਹੈ ਤੇ ਤੜ੍ਹਕੇ 2 – 3 ਵਜੇ ਜਾਂਦਾ ਹੈ। ਉਸ ਦੇ ਹੁੰਦਿਆਂ ਕਿਸੇ ਚੋਰ ਉਚੱਕੇ ਜਾਂ ਗੁੰਡੇ ਬਦਮਾਸ਼ ਦੀ ਕੀ ਹਿੰਮਤ ਕਿ ਉਹ ਸਾਡੇ ਮੁਹੱਲੇ ਵੱਲ ਮੂੰਹ ਵੀ ਕਰ ਸਕੇ।” ਇਹ ਸੁਣ ਕੇ ਐਸ.ਐਚ.ਉ. ਦੇ ਕੰਨਾਂ ਵਿੱਚ ਸ਼ਾਂ ਸ਼ਾਂ ਹੋਣ ਲੱਗ ਪਈ ਤੇ ਉਸ ਨੇ ਉਥੋਂ ਰਵਾਨਗੀ ਪਾਉਣ ਵਿੱਚ ਹੀ ਭਲਾਈ ਸਮਝੀ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 95011000623