ਭਾਰਤ ਵਿੱਚ ਇੱਕ ਤੋਂ ਵੱਧ ਕੇ ਇੱਕ ਅਜੂਬੇ ਭਰੇ ਪਏ ਹਨ, ਪਰਮਾਧਾਪਾਰ ਪਿੰਡ ਆਪਣੀ ਦੌਲਤ ਅਤੇ ਠਾਠ ਬਾਠ ਕਾਰਨ ਇੱਕ ਅਲੱਗ ਹੀ ਹੈਸੀਅਤ ਰੱਖਦਾ ਹੈ। ਗੁਜਰਾਤ ਦੇ ਕੱਛ ਜਿਲ੍ਹੇ ਵਿਖੇ ਸਥਿੱਤ ਇਹ ਪਿੰਡ ਭਾਰਤ ਦਾ ਹੀ ਨਹੀਂ, ਸ਼ਾਇਦ ਵਿਸ਼ਵ ਦਾ ਸਭ ਤੋਂ ਵੱਧ ਅਮੀਰ ਪਿੰਡ ਹੈ। ਕਰੀਬ 7600 ਪਰਿਵਾਰਾਂ ਵਾਲੇ ਇਸ ਪਿੰਡ ਦੇ ਵਸਨੀਕਾਂ ਦਾ 31 ਦਸੰਬਰ 2022 ਤੱਕ ਲਗਭਗ 2100 ਕਰੋੜ ਰੁਪਿਆ ਪਿੰਡ ਵਿੱਚ ਸਥਿੱਤ 17 ਬੈਂਕਾਂ ਵਿੱਚ ਜਮ੍ਹਾਂ ਹੈ। ਵਿਦੇਸ਼ਾਂ ਅਤੇ ਦੇਸ਼ ਦੀਆਂ ਹੋਰ ਬੈਂਕਾਂ ਵਿੱਚ ਜਮ੍ਹਾਂ ਰੁਪਿਆ ਇਸ ਨਾਲੋਂ ਵੱਖਰਾ ਹੈ ਜੋ ਕਈ ਗੁਣਾ ਹੋ ਸਕਦਾ ਹੈ। ਇਸ ਪਿੰਡ ਦੀ ਸਥਾਪਨਾ 1473 ਈਸਵੀ ਵਿੱਚ ਸੋਲੰਕੀ ਵੰਸ਼ ਦੇ ਰਾਜੇ ਮਾਧਾ ਕਾਂਜੀ ਸੋਲੰਕੀ ਨੇ ਰੱਖੀ ਸੀ। ਸਮੁੰਦਰ ਦੇ ਨਜ਼ਦੀਕ ਹੋਣ ਕਾਰਨ ਜਲਦੀ ਹੀ ਇਹ ਪਿੰਡ ਅਰਬ ਦੇਸ਼ਾਂ ਨਾਲ ਵਪਾਰ ਦਾ ਉੱਘਾ ਕੇਂਦਰ ਬਣ ਗਿਆ। ਨਵੀਆਂ ਕਲੋਨੀਆਂ ਵੱਸਣ ਕਾਰਨ ਹੁਣ ਇਹ ਪਿੰਡ ਪੁਰਾਣੇ ਮਾਧਾਪਾਰ ਅਤੇ ਨਵੇਂ ਮਾਧਾਪਾਰ ਨਾਮਕ ਦੋ ਮੁਹੱਲਿਆਂ ਵਿੱਚ ਵੰਡਿਆ ਹੋਇਆ ਹੈ। ਪੁਰਾਣੇ ਮਾਧਾਪਾਰ ਵਿੱਚ ਵਿਰਾਸਤੀ ਮਹਿਲ, ਹਵੇਲੀਆਂ ਅਤੇ ਮੰਦਰ ਹਨ ਤੇ ਨਵੇਂ ਮਾਧਾਪਾਰ ਵਿੱਚ ਆਧੁਨਿਕ ਮਕਾਨ। 26 ਜਨਵਰੀ 2001 ਨੂੰ ਗੁਜਰਾਤ ਵਿੱਚ ਆਏ ਭਿਆਨਕ ਭੁਚਾਲ ਨਾਲ ਇਸ ਪਿੰਡ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਪੁਰਾਣਾ ਮਾਧਾਪਾਰ ਬਿਲਕੁਲ ਸਹੀ ਸਲਾਮਤ ਖੜਾ ਰਿਹਾ ਸੀ।
ਇਹ ਪਿੰਡ ਸ਼ੁਰੂ ਤੋਂ ਹੀ ਖੁਸ਼ਹਾਲ ਰਿਹਾ ਹੈ ਤੇ ਦੇਸ਼ ਵਿਦੇਸ਼ ਨਾਲ ਵਪਾਰ ਹੋਣ ਕਾਰਨ ਇਥੋਂ ਦੇ ਵਸਨੀਕ ਬਹੁਤ ਸੂਝਵਾਨ ਅਤੇ ਅਗਾਂਹਵਧੂ ਹਨ। ਵਿਦਿਆ ਦਾ ਇਨ੍ਹਾਂ ਲਈ ਮੁੱਢ ਤੋਂ ਹੀ ਬਹੁਤ ਮਹੱਤਵ ਰਿਹਾ ਹੈ ਜਿਸ ਕਾਰਨ ਇਥੇ ਕੱਛ ਜਿਲ੍ਹੇ ਦੇ ਸਭ ਤੋਂ ਪਹਿਲੇ ਲੜਕਿਆਂ (1884 ਈਸਵੀ) ਅਤੇ ਲੜਕੀਆਂ ਦੇ (1899 ਈਸਵੀ) ਹਾਈ ਸਕੂਲ ਖੋਲ੍ਹੇ ਗਏ ਸਨ। ਇਥੋਂ ਦੇ ਜਿਆਦਾਤਰ ਬਾਸ਼ਿੰਦੇ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਯੂਰਪੀਨ ਤੇ ਅਰਬ ਦੇਸ਼ਾਂ ਵਿੱਚ ਵੱਸੇ ਹੋਏ ਹਨ। ਉਨ੍ਹਾਂ ਲੋਕਾਂ ਨੇ ਇਥੇ ਆਲੀਸ਼ਾਨ ਹਵੇਲੀਆਂ ਬਣਾਈਆਂ ਹੋਈਆਂ ਹਨ ਜੋ ਅਜੋਕੇ ਪੰਜਾਬੀ ਪਿੰਡਾਂ ਵਾਂਗ ਖਾਲੀ ਪਈਆਂ ਹਨ। ਇਸ ਪਿੰਡ ਦੇ ਲੋਕ ਆਪਣੀ ਮਾਤ ਭੂਮੀ ਨੂੰ ਜਨੂੰਨ ਦੀ ਹੱਦ ਤੱਕ ਪਿਆਰ ਕਰਦੇ ਹਨ। ਖੁਦ ਭਾਵੇਂ ਵਿਦੇਸ਼ਾਂ ਵਿੱਚ ਵੱਸਦੇ ਹਨ, ਪਰ ਆਪਣੀ ਆਮਦਨ ਦਾ ਵੱਡਾ ਹਿੱਸਾ ਆਪਣੇ ਪਿੰਡ ਦੇ ਬੈਂਕਾਂ ਵਿੱਚ ਜਮ੍ਹਾਂ ਕਰਾਉਣਾ ਮਾਣ ਵਾਲੀ ਗੱਲ ਸਮਝਦੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਥੋਂ ਦੇ ਲੋਕਾਂ ਦਾ ਕੁਲਦੇਵੀ ਮੋਮਾਈ ਮਾਤਾ ਮੰਦਰ ਵਿੱਚ ਅਥਾਹ ਸ਼ਰਧਾ ਹੋਣਾ ਹੈ। ਮੰਨਿਆਂ ਜਾਂਦਾ ਹੈ ਕਿ ਕੁਲਦੇਵੀ ਨੇ ਇਸ ਪਿੰਡ ਦੇ ਸੰਸਥਾਪਕ ਮਾਧਾ ਕਾਂਜੀ ਸੋਲੰਕੀ ਨੂੰ ਸੁਪਨੇ ਵਿੱਚ ਆ ਕੇ ਆਦੇਸ਼ ਦਿੱਤਾ ਸੀ ਕਿ ਇਸ ਪਿੰਡ ਦਾ ਪੈਸਾ ਪਿੰਡ ਵਿੱਚ ਹੀ ਰਹਿਣਾ ਚਾਹੀਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਪਿੰਡ ਵਿੱਚ ਭਾਰਤ ਦੇ ਹੋਰ ਕਿਸੇ ਵੀ ਪਿੰਡ ਨਾਲੋਂ ਜਿਆਦਾ ਵਿਦੇਸ਼ੀ ਧੰਨ ਆਉਂਦਾ ਹੈ।
ਗੁਜਰਾਤ ਸਰਕਾਰ ਨੂੰ ਇਸ ਪਿੰਡ ਦੇ ਵਿਕਾਸ ਲਈ ਕੋਈ ਜਿਆਦਾ ਪੈਸਾ ਨਹੀਂ ਖਰਚਣਾ ਪੈਂਦਾ। ਐਨ.ਆਰ.ਆਈਜ਼ ਆਪਣੇ ਪਿੰਡ ਦੀ ਤਰੱਕੀ ਲਈ ਦਿਲ ਖੋਲ੍ਹ ਕੇ ਦਾਨ ਕਰਦੇ ਹਨ। ਗੁਜਰਾਤ ਦਾ ਕੱਛ ਜਿਲ੍ਹਾ ਬੇਹੱਦ ਖੁਸ਼ਕ ਹੈ ਪਰ ਇਸ ਪਿੰਡ ਦੇ ਅੰਦਰ ਅਤੇ ਆਲੇ ਦੁਆਲੇ ਮੀਲਾਂ ਤੱਕ ਸੰਘਣੀ ਹਰਿਆਲੀ ਦਿਖਾਈ ਦਿੰਦੀ ਹੈ। ਵਿਦੇਸ਼ਾਂ ਵਿੱਚ ਵੱਸਣ ਵਾਲੇ ਪਿੰਡ ਵਾਸੀਆਂ ਨੇ ਮਾਧਾਪਾਰ ਨੂੰ ਪਾਣੀ ਨਾਲ ਮਾਲਾ ਮਾਲ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਉਨ੍ਹਾਂ ਨੇ ਬਰਸਾਤ ਦਾ ਪਾਣੀ ਸੰਭਾਲਣ ਲਈ ਦੋ ਮਸਨੂਈ ਝੀਲਾਂ, ਨਜ਼ਦੀਕੀ ਪਹਾੜੀਆਂ ‘ਤੇ 7 ਛੋਟੇ ਡੈਮ ਅਤੇ ਧਰਤੀ ਹੇਠਲਾ ਪਾਣੀ ਵਰਤਣ ਵਾਸਤੇ ਡੂੰਘੇ ਸਾਂਝੇ ਟਿਊਬਵੈੱਲ ਲਗਵਾਉਣ ਲਈ 90% ਆਰਥਿਕ ਸਹਾਇਤਾ ਕੀਤੀ ਹੈ ਤੇ ਬਾਕੀ 10% ਸਰਕਾਰ ਨੇ ਦਿੱਤਾ ਹੈ। ਪਾਣੀ ਦੀ ਬਹੁਤਾਤ ਕਾਰਨ ਇਥੇ ਖੂਬ ਖੇਤੀਬਾੜੀ ਹੁੰਦੀ ਹੈ। ਇਥੋਂ ਦੇ ਅੰਬ ਆਪਣੇ ਨਿਵੇਕਲੇ ਸਵਾਦ ਅਤੇ ਖੁਸ਼ਬੂ ਲਈ ਵਿਸ਼ਵ ਪ੍ਰਸਿੱਧ ਹਨ। ਇਸ ਤੋਂ ਇਲਾਵਾ ਐਨ.ਆਰ.ਆਈਜ਼ ਨੇ ਹਸਪਤਾਲ ਅਤੇ ਸਕੂਲਾਂ ਦੀਆਂ ਸ਼ਾਨਦਾਰ ਇਮਾਰਤਾਂ, ਪਾਰਕ, ਖੇਡ ਮੈਦਾਨ, ਗਊਸ਼ਾਲਾ ਅਤੇ ਮੰਦਰ ਵੀ ਬਣਵਾਏ ਹਨ। ਇਥੋਂ ਦੀ ਗਊਸ਼ਾਲਾ ਵੀ ਭਾਰਤ ਵਿੱਚ ਸਭ ਤੋਂ ਵੱਧ ਆਧੁਨਿਕ ਹੈ ਤੇ ਅਮਰੀਕਾ ਦੇ ਕਿਸੇ ਡੇਅਰੀ ਫਾਰਮ ਵਰਗੀ ਲੱਗਦੀ ਹੈ।
ਵਿਦੇਸ਼ਾਂ ਵਿੱਚ ਵੀ ਇਸ ਪਿੰਡ ਦੇ ਲੋਕਾਂ ਵਿੱਚ ਬਹੁਤ ਸਹਿਚਾਰ ਹੈ। ਉਹਨਾਂ ਨੇ ਆਪਸ ਵਿੱਚ ਮੇਲ ਮਿਲਾਪ ਰੱਖਣ ਲਈ ਹਰੇਕ ਦੇਸ਼ ਵਿੱਚ ਮਾਧਾਪਾਰ ਸੋਸਾਇਟੀਆਂ ਬਣਾਈਆਂ ਹੋਈਆਂ ਹਨ। ਹੈਰਾਨ ਵਾਲੀ ਗੱਲ ਇਹ ਹੈ ਕਿ ਕਈ ਪਰਿਵਾਰ ਚਾਰ ਚਾਰ ਪੀੜ੍ਹੀਆਂ ਤੋਂ ਵਿਦੇਸ਼ਾਂ ਵਿੱਚ ਵੱਸੇ ਹੋਏ ਹਨ, ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਜਿਹੇ ਸ਼ਾਨਦਾਰ ਸੰਸਕਾਰ ਦਿੱਤੇ ਹਨ ਕਿ ਉਹ ਹੁਣ ਵੀ ਇਥੋਂ ਦੀ ਮਿੱਟੀ ਨੂੰ ਆਪਣੇ ਪੁਰਖਿਆਂ ਵਾਂਗ ਪਿਆਰ ਕਰਦੇ ਹਨ ਤੇ ਹੁਣ ਵੀ ਕਾਫੀ ਪੈਸਾ ਇਥੋਂ ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰਵਾਉਂਦੇ ਹਨ। ਪੱਛਮੀ ਦੇਸ਼ਾਂ ਅਤੇ ਭਾਰਤ ਦੇ ਸਮੇਂ ਵਿੱਚ ਅੰਤਰ ਹੋਣ ਕਾਰਨ ਐਨ.ਆਰ.ਆਈਜ਼ ਦੀ ਸਹੂਲਤ ਲਈ ਪਿੰਡ ਵਿੱਚ ਇੱਕ ਕੰਟਰੋਲ ਰੂਮ ਬਣਾਇਆ ਗਿਆ ਜੋ ਚੌਵੀ ਘੰਟੇ ਕੰਮ ਕਰਦਾ ਹੈ ਤਾਂ ਜੋ ਉਨ੍ਹਾਂ ਨੂੰ ਬੈਂਕਿੰਗ ਜਾਂ ਹੋਰ ਕਿਸੇ ਕੰਮ ਬਾਰੇ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਪੰਜਾਬ ਦੇ ਬੱਚੇ ਵੀ ਹੁਣ ਧੜਾ ਧੜ ਵਿਦੇਸ਼ਾਂ ਵੱਲ ਜਾ ਰਹੇ ਹਨ। ਚੰਗੀ ਗੱਲ ਹੈ, ਹਰ ਕਿਸੇ ਨੂੰ ਤਰੱਕੀ ਕਰਨੀ ਚਾਹੀਦੀ ਹੈ। ਪਰ ਸਾਨੂੰ ਮਾਧਾਪਾਰ ਪਿੰਡ ਵਾਲਿਆਂ ਤੋਂ ਜਰੂਰ ਸੇਧ ਲੈਣੀ ਚਾਹੀਦੀ ਹੈ ਤੇ ਵਿਦੇਸ਼ਾਂ ਵਿੱਚ ਰਹਿ ਕੇ ਵੀ ਆਪਣੀ ਮਿੱਟੀ ਦਾ ਮੋਹ ਨਹੀਂ ਤਿਆਗਣਾ ਚਾਹੀਦਾ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ 9501100062