ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਤਿੰਨ ਦਿਨਾਂ ਤੋਂ ਜਾਰੀ ਹੈ। ਇਸ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਹੈ, ਪਰ ਉਹ ਇਸ ਨੂੰ ਖਤਮ ਜ਼ਰੂਰ ਕਰ ਦੇਵੇਗਾ। ਬੈਂਜਾਮਿਨ ਨੇਤਨਯਾਹੂ ਦੀ ਇਹ ਚਿਤਾਵਨੀ ਹਮਾਸ ਦੀ ਧਮਕੀ ਤੋਂ ਬਾਅਦ ਆਈ ਹੈ। ਹਮਾਸ ਨੇ ਧਮਕੀ ਦਿਤੀ ਸੀ ਕਿ ਜਦੋਂ ਵੀ ਇਜ਼ਰਾਈਲ ਬਿਨਾਂ ਚਿਤਾਵਨੀ ਦਿਤੇ ਫਲਸਤੀਨੀ ਘਰਾਂ ‘ਤੇ ਬੰਬ ਸੁੱਟੇਗਾ ਤਾਂ ਉਹ ਇਕ ਇਜ਼ਰਾਈਲੀ ਨਜ਼ਰਬੰਦ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ।
ਬੈਂਜਾਮਿਨ ਨੇਤਨਯਾਹੂ ਨੇ ਕਿਹਾ, “ਇਜ਼ਰਾਈਲ ਜੰਗ ਵਿਚ ਹੈ, ਅਸੀਂ ਇਹ ਜੰਗ ਨਹੀਂ ਚਾਹੁੰਦੇ ਸੀ। ਇਹ ਸਾਡੇ ‘ਤੇ ਬਹੁਤ ਹੀ ਬੇਰਹਿਮ ਅਤੇ ਵਹਿਸ਼ੀ ਢੰਗ ਨਾਲ ਥੋਪੀ ਗਈ। ਹਾਲਾਂਕਿ ਇਜ਼ਰਾਈਲ ਨੇ ਇਹ ਯੁੱਧ ਸ਼ੁਰੂ ਨਹੀਂ ਕੀਤਾ ਸੀ, ਪਰ ਇਜ਼ਰਾਈਲ ਇਸ ਨੂੰ ਖਤਮ ਜ਼ਰੂਰ ਕਰੇਗਾ। ਕਿਸੇ ਸਮੇਂ ਯਹੂਦੀ ਲੋਕ ਰਾਜਹੀਣ, ਬੇਸਹਾਰਾ ਸਨ ਪਰ ਹੁਣ ਨਹੀਂ। ਹਮਾਸ ਸਮਝ ਜਾਵੇਗਾ ਕਿ ਉਸ ਨੇ ਸਾਡੇ ‘ਤੇ ਹਮਲਾ ਕਰਕੇ ਇਤਿਹਾਸਕ ਗਲਤੀ ਕੀਤੀ ਹੈ। ਅਸੀਂ ਉਹ ਕੀਮਤ ਵਸੂਲਾਂਗੇ ਜੋ ਹਮਾਸ ਅਤੇ ਇਜ਼ਰਾਈਲ ਦੇ ਹੋਰ ਦੁਸ਼ਮਣ ਆਉਣ ਵਾਲੇ ਦਹਾਕਿਆਂ ਤਕ ਯਾਦ ਰੱਖਣਗੇ।”