ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਵਾਲੀ ਪਹਿਲੀ ਹਿੰਦੂ ਔਰਤ ਬਣੀ ਡਾ. ਸਵੀਰਾ ਪ੍ਰਕਾਸ਼

ਡਾ. ਸਵੀਰਾ ਪ੍ਰਕਾਸ਼ ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਸੂਬਾਈ ਚੋਣਾਂ ਲੜਨ ਵਾਲੀ ਘੱਟ ਗਿਣਤੀ ਹਿੰਦੂ ਭਾਈਚਾਰੇ ਦੀ ਪਹਿਲੀ ਔਰਤ ਹੈ।

ਪੇਸ਼ੇ ਤੋਂ ਡਾਕਟਰ ਪ੍ਰਕਾਸ਼ (25) ਨੇ ਸ਼ੁਕਰਵਾਰ ਨੂੰ ਖੈਬਰ ਪਖਤੂਨਖਵਾ ਦੇ ਬੁਨੇਰ ਜ਼ਿਲ੍ਹੇ ਦੀ ਪੀ.ਕੇ.-25 ਦੀ ਜਨਰਲ ਸੀਟ ਲਈ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਸ ਦੇ ਪਿਤਾ ਓਮ ਪ੍ਰਕਾਸ਼ ਨੇ ਦਸਿਆ ਕਿ ਉਨ੍ਹਾਂ ਦੀ ਬੇਟੀ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਨ੍ਹਾਂ ਨੇ ਨੇ ਕੇ.ਪੀ.ਕੇ. ਵਿਧਾਨ ਸਭਾ ’ਚ ਔਰਤਾਂ ਲਈ ਰਾਖਵੀਂ ਸੀਟ ਲਈ ਨਾਮਜ਼ਦਗੀ ਪੱਤਰ ਵੀ ਦਾਖਲ ਕੀਤੇ।

ਪਾਰਟੀ ਸੈਨੇਟਰ ਰੁਬੀਨਾ ਖਾਲਿਦ ਅਤੇ ਸੂਬਾਈ ਨੇਤਾਵਾਂ ਦੀਆਂ ਬੇਨਤੀਆਂ ਤੋਂ ਬਾਅਦ ਸਵੀਰਾ ਨੇ ਅਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਬੁਧਵਾਰ ਨੂੰ ਬੁਨੇਰ ’ਚ ਪੀ.ਪੀ.ਪੀ. ਦੀ ਰੈਲੀ ’ਚ ਉਨ੍ਹਾਂ ਨੂੰ ਰਸਮੀ ਤੌਰ ’ਤੇ ਪਾਰਟੀ ਦੀ ਟਿਕਟ ਦਿਤੀ ਜਾਵੇਗੀ। ਪਿਛਲੇ 35 ਸਾਲਾਂ ਤੋਂ ਪਾਰਟੀ ਦੇ ਸਰਗਰਮ ਮੈਂਬਰ ਸੇਵਾਮੁਕਤ ਡਾਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਇਕ ਗੰਭੀਰ ਉਮੀਦਵਾਰ ਹਨ ਅਤੇ 8 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿਚ ਆਮ ਅਤੇ ਸੁਰੱਖਿਅਤ ਸੀਟ ’ਤੇ ਚੋਣ ਲੜਨਗੀਆਂ।