ਲੜਕੀ ਨੂੰ ਲਾੜੇ ਦਾ ‘ਸਰਵਾਲਾ’ ਬਣਾਉਣ ਨੇ ਨਵੀਂ ਚਰਚਾ ਛੇੜੀ

ਬਠਿੰਡਾ, 07 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸੱਭਿਆਚਾਰ ਵਿੱਚ ਸਦੀਆਂ ਤੋਂ ਚਲਦੇ ਆ ਰਹੇ ਸਰਵਾਲੇ ਦੇ ਰਿਵਾਜ ਨੂੰ ਤੋੜ ਕੇ ਮੁੰਡੇ ਦੀ ਥਾਂ ਕੁੜੀ ਨੂੰ ਇਹ ਰਸਮ ਕਰਨ ਦੀ ਖੁੱਲ ਦੇ ਕੇ ਸਥਾਨਕ ਇੱਕ ਪਰਿਵਾਰ ਨੇ ਵੱਖਰੀ ਪਿਰਤ ਪਾ ਦਿੱਤੀ ਹੈ, ਜਿਸਨੇ ਨਵੀਂ ਚਰਚਾ ਛੇੜ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਡਾ: ਲਾਲ ਸਿੰਘ ਧਨੋਆ ਦਾ ਪੁੱਤਰ ਇੰਜਨੀਅਰ ਸਿਮਰਨਪ੍ਰੀਤ ਸਿੰਘ ਧਨੋਆ ਅਮਰੀਕਾ ਦਾ ਰਹਿਣ ਵਾਲਾ ਹੈ, ਉਹ ਵਿਆਹ ਕਰਵਾਉਣ ਲਈ ਆਇਆ ਹੋਇਆ ਹੈ। ਵਿਆਹ ਵਿੱਚ ਲਾੜੇ ਦੇ ਨਾਲ ਸਰਵਾਲਾ ਬਣਾਉਣ ਦਾ ਰਿਵਾਜ ਸਦੀਆਂ ਤੋਂ ਚੱਲ ਰਿਹਾ ਹੈ ਅਤੇ ਸਰਵਾਲਾ ਲੜਕੇ ਨੂੰ ਹੀ ਬਣਾਇਆ ਜਾਂਦਾ ਰਿਹਾ ਹੈ ਅਤੇ ਲੜਕਾ ਵੀ ਆਮ ਤੌਰ ਤੇ ਲਾੜੇ ਤੋਂ ਛੋਟੀ ਉਮਰ ਦਾ ਤੇ ਰਿਸਤੇ ਵਿੱਚ ਭਰਾ ਹੀ ਹੁੰਦਾ ਹੈ।

ਇੰਜ: ਸਿਮਰਨਪ੍ਰੀਤ ਸਿੰਘ ਨੇ ਇਸ ਰਿਵਾਜ ਨੂੰ ਤੋੜਦਿਆਂ ਆਪਣਾ ਸਰਵਾਲਾ ਆਪਣੀ ਭਤੀਜੀ ਬਰਕਤ ਕੌਰ ਨੂੰ ਬਣਾਇਆ। ਉਸਦਾ ਕਹਿਣਾ ਹੈ ਕਿ ਅੱਜ ਕੁੜੀਆਂ ਅਸਮਾਨ ਨੂੰ ਛੂਹ ਰਹੀਆਂ ਹਨ ਤਾਂ ਸਰਵਾਲਾ ਕਿਉਂ ਨਹੀਂ ਬਣ ਸਕਦੀਆਂ। ਉਸਦੇ ਪਿਤਾ ਡਾ: ਲਾਲ ਸਿੰਘ ਧਨੋਆ ਨੇ ਵੀ ਕਿਹਾ ਕਿ ਲੜਕੀਆਂ ਕਿਸੇ ਵੀ ਪੱਖ ਤੋਂ ਲੜਕਿਆਂ ਤੋਂ ਘੱਟ ਨਹੀਂ ਹਨ, ਇਸ ਲਈ ਸਰਵਾਲਾ ਵੀ ਬਣ ਸਕਦੀਆਂ ਹਨ।

ਵਿਆਹ ਵਿੱਚ ਪਾਈ ਇਸ ਨਿਵੇਕਲੀ ਪਿਰਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਕੁੱਝ ਲੋਕ ਜਾਇਜ਼ ਕਰਾਰ ਦੇ ਰਹੇ ਹਨ ਕਿ ਇਹ ਮੁੰਡੇ ਕੁੜੀ ਨੂੰ ਬਰਾਬਰ ਦਾ ਹੱਕ ਪਰਤੱਖ ਕਰਦਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਸੱਭਿਆਚਾਰ ਨੂੰ ਸੱਟ ਮਾਰਨ ਵਾਲੀ ਗੱਲ ਹੈ, ਸਰਵਾਲਾ ਕੀ ਹੁੰਦਾ ਹੈ? ਕਿਉਂ ਬਣਾਇਆ ਜਾਂਦਾ ਹੈ? ਕਿਸਨੂੰ ਬਣਾਇਆ ਜਾਂਦਾ ਹੈ? ਉਸਦਾ ਲਾੜੇ ਦੇ ਜੀਵਨ ਵਿੱਚ ਕੀ ਰੋਲ ਹੁੰਦਾ ਹੈ? ਆਦਿ ਬਾਰੇ ਜਾਣਕਾਰੀ ਹਾਸਲ ਕਰਕੇ ਹੀ ਅਜਿਹਾ ਕਰਨਾ ਚਾਹੀਦਾ ਸੀ। ਪੁਰਾਤਨ ਸੱਭਿਆਚਾਰ ਵਿੱਚ ਰਿਵਾਜ ਬਣਾਉਣ ਦਾ ਕੋਈ ਕਾਰਨ ਹੁੰਦਾ ਸੀ, ਉਸਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਰ ਪਿਰਤ ਨਵੀਂ ਹੈ ਤੇ ਹਰ ਵਿਅਕਤੀ ਦਾ ਧਿਆਨ ਖਿੱਚਦੀ ਹੈ।