ਫਗਵਾੜਾ, 26 ਅਪ੍ਰੈਲ : ਪੰਜਾਬ ‘ਚ ਵਿਲੱਖਣ ਸਾਹਿਤਕ ਸਰਗਰਮੀਆਂ ਲਈ ਜਾਣੀ ਜਾਂਦੀ ਸਕੇਪ ਸਾਹਿਤਕ ਸੰਸਥਾ ਦੀ ਸਲਾਨਾ ਚੋਣ ਸਮੇਂ ਕਵਿੱਤਰੀ ਕਮਲੇਸ਼ ਸੰਧੂ ਸਾਲ 2024–25 ਲਈ ਪ੍ਰਧਾਨ ਚੁਣੇ ਗਏ। ਸੰਸਥਾ ਦੀ ਕੋਰ ਕਮੇਟੀ ਦੇ ਫੈਸਲੇ ਨੂੰ ਜਨਰਲ ਬਾਡੀ ‘ਚ ਪੇਸ਼ ਕਰਦਿਆਂ ਮੌਜੂਦਾ ਪ੍ਰਧਾਨ ਪਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਕਵਿੱਤਰੀ ਕਮਲੇਸ਼ ਸੰਧੂ ਨੂੰ ਪ੍ਰਧਾਨ, ਸੋਢੀ ਸੱਤੋਵਾਲੀਆ ਮੀਤ ਪ੍ਰਧਾਨ, ਪਰਵਿੰਦਰਜੀਤ ਸਿੰਘ ਨੂੰ ਜਨਰਲ ਸਕੱਤਰ, ਦਵਿੰਦਰ ਜੱਸਲ ਸਕੱਤਰ, ਮਨਦੀਪ ਸਿੰਘ ਖਜ਼ਾਨਚੀ, ਅਸ਼ੋਕ ਸ਼ਰਮਾ ਪ੍ਰੈਸ ਸਕੱਤਰ ਚੁਣੇ ਗਏ ਹਨ। ਉਹਨਾਂ ਨੇ ਸਾਹਿਤਕ ਸੰਸਥਾ ਦੀਆਂ ਪਿਛਲੇ ਸਾਲ ਦੀਆਂ ਸਰਗਰਮੀਆਂ ਨੂੰ ਇਜਲਾਸ ਵਿਚ ਪੇਸ਼ ਕੀਤਾ। ਉਹਨਾਂ ਦੱਸਿਆ ਕਿ “ਸ਼ਬਦ ਸਿਰਜਣਹਾਰੇ –4” ਸੰਪਾਦਿਤ ਪੁਸਤਕ ਸਾਲ 2023 ‘ਚ ਛਾਪੀ ਗਈ ਹੈ ਅਤੇ ਨਿਰੰਤਰਤਾ ਨਾਲ ਇਸ ਵਰ੍ਹੇ ਵੀ ਛਾਪੀ ਜਾਏਗੀ। ਉਹਨਾਂ ਨੇ ਜਨਰਲ ਇਜਲਾਸ ਮੈਂਬਰਾਂ ਵਲੋਂ ਉਹਨਾਂ ਨੂੰ ਸਾਹਿਤਕ ਸਰਗਰਮੀਆਂ ਵਧਾਉਣ ਲਈ ਧੰਨਵਾਦ ਕੀਤਾ।