ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ: ਜਸਬੀਰ ਭਾਰਟਾ

ਗੱਲ ਕਰਨ ਜਾ ਰਿਹਾ ਹਾਂ, ਅੱਜ ਐਸੇ ਖਿਡਾਰੀ ਦੀ ਜਿਸ ਲਈ ਫੁੱਟਬਾਲ ਬਚਪਨ ਤੋਂ ਇੱਕ ਜਾਨੂੰਨ ਸੀ ਅਤੇ ਜਿਸ ਦਾ ਪਹਿਲਾ ਪਿਆਰ, ਮੁਹੱਬਤ ਅਤੇ ਅਕੀਦਾ ਹੀ ਫੁੱਟਬਾਲ ਹੈ, ਮੇਰੀ ਮੁਰਾਦ ਫੁੱਟਬਾਲ ਕੋਚ ਜਸਬੀਰ ਸਿੰਘ ਭਾਰਟਾ ਜੀ ਤੋਂ ਹੈ, ਜਿੰਨਾ ਚੜਦੀ ਜਵਾਨੀ ਜੇ.ਸੀ.ਟੀ ਫੁੱਟਬਾਲ ਕਲੱਬ ਫਗਵਾੜਾ ਤੋਂ ਖੇਡਦਿਆਂ ਨਾਮਣਾ ਖੱਟਿਆ ਤੇ ਹੁਣ ਨਵੇਂ ਸਿਖਾਂਦਰੂ ਨੂੰ ਖੇਡਣ ਦੇ ਗੁਣ ਸਿਖਾਉਣ ਲਈ ਕੋਚਿੰਗ ਸੇਵਾਵਾਂ ਸਫਲਤਾਪੂਰਵਕ ਨਿਭਾ ਰਿਹਾ ਹੈ। ਮਾਹਿਲਪੁਰ ਜਿਸ ਨੂੰ ਪੰਜਾਬੀ ਫੁੱਟਬਾਲ ਦਾ ਮੱਕਾ ਕਿਹਾ ਜਾਂਦਾ ਹੈ, ਉਸ ਤੋਂ ਮਹਿਜ਼ ਚਾਰ ਕਿਲੋਮੀਟਰ ਦੂਰ ਮੇਰਾ ਪਿੰਡ ਭਾਰਟਾ ਗਣੇਸ਼ਪੁਰ ਤੇ ਮੇਰੇ ਪਿੰਡ ਦੇ ਮਾਣ, ਜਸਬੀਰ ਭਾਰਟਾ ਦਾ, ਪਿੰਡ ਦੀ ਜੂਹ ਤੋਂ ਉੱਠ ਕੇ ਸਟਾਰ ਖਿਡਾਰੀ ਬਣਨ ਤੱਕ ਦਾ ਸਫ਼ਰ ਬੜਾ ਹੀ ਸੰਘਰਸ਼ਾਂ ਨਾਲ ਭਰਿਆ ਰਿਹਾ । ਤੰਗੀ-ਤੁਰਸ਼ੀਆ ਵਿੱਚ ਫੁੱਟਬਾਲ ਨੂੰ ਮਸ਼ਾਲ ਬਣਾ ਕੇ ਆਪਣਾ ਰਾਹ ਰੁਸ਼ਨਾਉਣ ਵਾਲਾ ਆਪਣੇ ਸਮੇਂ ਦਾ ਨਾਮਵਰ ਖਿਡਾਰੀ ਜਸਬੀਰ ਭਾਰਟਾ ਅੱਜਕਲ੍ਹ ਇੱਕ ਕੋਚ ਵਜੋਂ ਆਪਣੀਆਂ ਵਡਮੁੱਲੀਆਂ ਸੇਵਾਵਾਂ ਫੁੱਟਬਾਲ ਜਗਤ ਦੀ ਝੋਲੀ ਵਿੱਚ ਪਾ ਰਿਹਾ ਹੈ।

ਸਵ: ਗੁਰਦਿਆਲ ਸਿੰਘ ਦੇ ਘਰ 1 ਅਗਸਤ 1966 ਨੂੰ ਪਿੰਡ ਭਾਰਟਾ ਗਣੇਸ਼ਪੁਰ ਵਿਖੇ ਜਨਮੇ ਜਸਬੀਰ ਸਿੰਘ ਨੇ ਮਿਡਲ ਤੱਕ ਦੀ ਪੜਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ। ਪਿੰਡ ਦੇ ਨਾਮਵਰ ਲੀਡਰ ਕਲੱਬ ਦੇ ਖਿਡਾਰੀ ਨਿਰਮਲ ਸਿੰਘ ਨਿੰਮਾ ਤੋਂ ਪ੍ਰਭਾਵਿਤ ਜਸਬੀਰ ਭਾਰਟਾ ਨੂੰ ਫੁੱਟਬਾਲ ਦਾ ਸ਼ੋਕ ਬਚਪਨ ਤੋਂ ਹੀ ਸੀ। 1982-83 ਦਾ ਦੂਰਦਰਸ਼ਨ ਉਪਰ ਪ੍ਰਸਾਰਿਤ ਫੁੱਟਬਾਲ ਵਿਸ਼ਵ ਕੱਪ ਦਾ ਉਸ ਦੇ ਦਿਲ-ਦਿਮਾਗ ਉਪਰ ਬਹੁਤ ਗਹਿਰਾ ਅਸਰ ਹੋਇਆ। ਮੈਰਾਡੋਨਾ ਦੀ ਜਾਦੂਈ ਖੇਡ ਦਾ ਦੀਵਾਨਾ ਹੋ ਕੇ ਉਹ ਫੁੱਟਬਾਲ ਵਲ ਖਿੱਚਿਆ ਗਿਆ। ਉਹ 83-1984 ‘ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ ਮੈਟ੍ਰਿਕ ਕਰਦਿਆਂ ਸਕੂਲ ਦੀ ਟੀਮ ਵਿੱਚ ਖੇਡਦਾ ਰਿਹਾ। ਫਿਰ 1985 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਵਿਖੇ ਪੜਦਿਆ ਜਿਲ੍ਹੇ ਦੀ ਟੀਮ ਵਲੋਂ ਖੇਡਦਿਆਂ ਆਪਣੀ ਖੇਡ ਕਲਾ ਦੇ ਜੋਹਰ ਵਿਖਾਏ ਤੇ ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਤੋਂ 1988 ਵਿੱਚ ਆਪਣੀ ਗ੍ਰੈਜੂਏਸ਼ਨ ਦੀ ਪੜਾਈ ਕਰਨ ਲੱਗ ਪਿਆ। ਮਾਹਿਲਪੁਰ ਕਾਲਜ ਵਿਖੇ ਖੇਡਦਿਆਂ ਉਸਦੀ ਖੇਡ ਵਿੱਚ ਹੋਰ ਨਿਖਾਰ ਆਇਆ। ਉਸ ਦੇ ਮੁਤਾਬਕ ਕੋਚ ਰਜਿੰਦਰ ਸ਼ਰਮਾਂ ਦੀ ਦੇਣ ਉਹ ਕਦੇ ਵੀ ਨਹੀਂ ਦੇ ਸਕਦਾ। ਉਸ ਦੀਆਂ ਖੇਡ ਪ੍ਰਾਪਤੀਆਂ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਹੈ। ਕਾਲਜ ਵਿੱਚ ਖੇਡਦਿਆਂ ਸਮੇਂ ਉਸ ਨੇ ਨੋਰਥ-ਜ਼ੋਨ ਇੰਟਰ ਵਰਸਿਟੀ ਟੂਰਨਾਮੈਂਟ ਵਿੱਚ ਸ੍ਰੀਨਗਰ ਵਿਖੇ ਭਾਗ ਲਿਆ। ਉਹ ਪਣਜੀ ਗੋਆ ਵਿਖੇ ਹੋਏ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਵਿੱਚ ਰਨਰ ਅੱਪ ਟੀਮ ਦਾ ਵੀ ਹਿੱਸਾ ਸੀ। ਇਸ ਤੋਂ ਬਾਅਦ ਉਹ ਰੇਲ ਕੋਚ ਫੈਕਟਰੀ ਫੁੱਟਬਾਲ ਟੀਮ ਵਿੱਚ 1989 ਤੋਂ 1990 ਤੱਕ ਖੇਡਿਆ ਤੇ ਫਿਰ ਇਕ ਅਹਿਮ ਪ੍ਰਾਪਤੀ ਅਧੀਨ ਉਸ ਦੀ ਚੋਣ ਉਸ ਸਮੇਂ ਦੇ ਨਾਮਵਰ ਫੁੱਟਬਾਲ ਕਲੱਬ ਜੇਸੀਟੀ ਵਿੱਚ ਹੋਈ ਜਿੱਥੇ ਉਸ ਨੇ 1990 ਤੋਂ 2001 ਤੱਕ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ। ਮਾਹਿਲਪੁਰ ਤੋਂ ਸੀਨੀਅਰ ਬਿਜਲੀ ਬੋਰਡ ਦੇ ਖਿਡਾਰੀ ਯਸ਼ਪਾਲ ਜੱਸੀ ਅਤੇ ਜੀਤ ਖਾਬੜਾ ਨੂੰ ਪ੍ਰੇਰਣਾ ਸਰੋਤ ਮੰਨਣ ਵਾਲਾ ਜਸਬੀਰ ਭਾਰਟਾ, ਜੇਸੀਟੀ ਵਲੋਂ ਹਾਫਬੈਂਕ ਵਜੋਂ ਖੇਡਦਿਆਂ ਵੱਡੇ ਮੁਕਾਬਲਿਆਂ ਵਿੱਚ ਟੀਮ ਦੀ ਸਫਲਤਾ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦਾ ਰਿਹਾ। ਜੀਤ ਖਾਬੜਾ ਦੇ ਨਾਲ ਜੇਸੀਟੀ ਵਲੋਂ ਖੇਡਣਾ ਵੀ ਉਹ ਆਪਣੀ ਜ਼ਿੰਦਗੀ ਦੀ ਅਹਿਮ ਪ੍ਰਾਪਤੀ ਮੰਨਦਾ ਹੈ।

ਇਸ ਸਮੇਂ ਉਸ ਨੇ 92, 93 ਅਤੇ 96 ਤਿੰਨ ਵਾਰ ਸੰਤੋਸ਼ ਟ੍ਰਾਫੀ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। 1992 ਦਾ ਡੁਰੰਡ ਕੱਪ ਜਿੱਤਣਾ ਉਸ ਦੇ ਖੇਡ ਜੀਵਨ ਦੇ ਯਾਦਗਾਰੀ ਪਲ ਹਨ। ਇਸ ਟੂਰਨਾਮੈਂਟ ਵਿੱਚ ਉਸ ਨੇ ਪਹਿਲੇ ਹੀ ਮੈਚ ਵਿੱਚ ਈਸਟ ਬੰਗਾਲ ਦੀ ਟੀਮ ਖਿਲਾਫ਼ ਆਪਣੀ ਸ਼ਾਨਦਾਰ ਖੇਡ ਵਿਖਾਉਂਦਿਆਂ 2 ਗੋਲ ਕੀਤੇ। ਗੋਆ ਵਿਖੇ 1996 ਹੋਈ ਸੰਤੋਸ਼ ਟ੍ਰਾਫੀ ਵਿੱਚ ਉਸ ਦੀ ਕਾਬਲੀਅਤ ਕਾਰਨ ਉਸ ਨੂੰ ਪੰਜਾਬ ਦੀ ਟੀਮ ਦਾ ਕਪਤਾਨ ਥਾਪਿਆ ਗਿਆ। 1996 ‘ਚ ਸਿਜਰਜ਼ ਕੱਪ ਵਿੱਚ ਮਲੇਸ਼ੀਆ ਦੇ ਪਰਲਿਸ ਫੁੱਟਬਾਲ ਕਲੱਬ ਵਿਰੁੱਧ ਖੇਡਦਿਆਂ ਕੀਤੇ ਗੋਲ ਨੂੰ ਜਸਬੀਰ ਭਾਰਟਾ ਇਕ ਸੁਨਹਿਰੀ ਗੋਲ ਵਜੋਂ ਯਾਦ ਕਰਦਾ ਭਾਵੁਕ ਹੋ ਜਾਂਦਾ ਹੈ। 1996 ਵਿੱਚ ਮਾਲਦੀਵ ਵਿਖੇ ਹੋਈ ਏਸ਼ੀਆਈ ਫੁੱਟਬਾਲ ਚੈਪੀਅਨਸ਼ਿਪ ਵਿੱਚ ਵੀ ਖੇਡਣ ਦਾ ਮੌਕਾ ਮਿਲਿਆ। ਉਸ ਨੇ ਜੇ. ਸੀ. ਟੀ ਫੁੱਟਬਾਲ ਕਲੱਬ ਵਲੋਂ ਵਲੋਂ ਡੁਰੰਡ ਕੱਪ, ਆਈ ਐਫ ਏ ਸ਼ੀਲਡ, ਸਿਜਰਜ਼ ਕੱਪ, ਰੋਵਰਜ ਕੱਪ, ਫੈਡਰੇਸ਼ਨ ਕੱਪ ਆਦਿ ਖੇਡਦਿਆਂ ਹਰ ਪਾਸੇ ਵਾਹ-ਵਾਹ ਖੱਟੀ। ਉਸ ਨੂੰ 1994 ਵਿੱਚ ਸੀਜ਼ਨ ਦੌਰਾਨ ਜੇ. ਸੀ. ਟੀ ਟੀਮ ਦੀ ਕਪਤਾਨੀ ਕਰਨ ਦਾ ਵੀ ਮੌਕਾ ਮਿਲਿਆ। ਉਸ ਨੂੰ ਮਾਣ ਹੈ ਕਿ ਉਸ ਨੂੰ ਇਕ ਟੀਮ ਪਲੇਅਰ ਵਜੋਂ ਜਾਣਿਆ ਜਾਂਦਾ ਸੀ। ਉਸ ਸਮੇਂ ਜੇ ਸੀ ਟੀ ਦੇ ਖਿਡਾਰੀ ਅਕਸਰ ਕਹਿੰਦੇ ਹੁੰਦੇ ਸਨ ਕਿ ਭਾਰਟੇ ਵਾਲੇ ਜਸਬੀਰ ਵਾਂਗ ਨਹੀਂ ਕੋਈ ਭੱਜ ਸਕਦਾ ਤੇ ਜਸਬੀਰ ਮੁਤਾਬਕ ਉਹ ਆਪਣੀ ਸਪੀਡ ਕਾਰਨ ਹੀ ਇਨ੍ਹਾਂ ਸਮਾਂ ਜੇ.ਸੀ.ਟੀ ਵਿੱਚ ਟਿਕ ਸਕਿਆ। ਜੇ.ਸੀ.ਟੀ ਤੋਂ ਬਾਅਦ ਜਸਬੀਰ ਭਾਰਟਾ ਪੀ.ਏ.ਪੀ ਵਲੋਂ ਫੈਡਰੇਸ਼ਨ ਕੱਪ ਵੀ ਖੇਡਿਆ। ਕੁੱਝ ਸਮਾਂ ਬਿਜਲੀ ਬੋਰਡ ਵਲੋਂ ਗੈਸਟ ਪਲੇਅਰ ਵਜੋਂ ਵੀ ਖੇਡਦਾ ਰਿਹਾ।

2001 ਤੋਂ ਬਾਅਦ ਉਸ ਨੇ ਪੇਸ਼ਾਵਰ ਫੁੱਟਬਾਲ ਤੋਂ ਸੰਨਿਆਸ ਲੈ ਕੇ ਕੋਚਿੰਗ ਵਲ ਰੁਖ ਕੀਤਾ। 2003 ਵਿੱਚ ਐਨ.ਆਈ.ਐਸ ਪਟਿਆਲਾ ਤੋਂ ਡਿਪਲੋਮਾ ਇਨ ਸਪੋਰਟਸ ਕੋਚਿੰਗ ਪਾਸ ਕੀਤਾ। ਇਸ ਦੇ ਨਾਲ ਹੀ ਏਐਫਸੀ ‘ਸੀ’ ਕੋਚਿੰਗ ਸਰਟੀਫਿਕੇਟ ਅਤੇ ਏਆਈਐਫਐਫ ਗਰਾਸਰੂਟਸ ਲੀਡਰ ਕੋਰਸ ਵੀ ਉਸ ਦੀ ਯੋਗਤਾ ਨੂੰ ਹੋਰ ਵਧਾਉਂਦੇ ਹਨ। ਉਸ ਨੂੰ ਪੰਜਾਬ ਦੀ ਅੰਡਰ-21 ਦੀ 2006 ਤੋਂ 2010 ਤੱਕ ਦੀ ਟੀਮ ਦੀ ਚੋਣ ਕਮੇਟੀ ਦਾ ਮੈਂਬਰ ਹੋਣ ਦਾ ਮਾਣ ਪ੍ਰਾਪਤ ਹੈ। ਉਹ ਸਿੱਖ ਨੈਸ਼ਨਲ ਕਾਲਜ ਬੰਗਾ, ਗੁਰੂ ਨਾਨਕ ਕਾਲਜ ਫਗਵਾੜਾ, ਸਰਦਾਰ ਜਗਤ ਸਿੰਘ ਪਲਾਹੀ ਫੁੱਟਬਾਲ ਐਕਡਮੀ ਫਗਵਾੜਾ, ਨਾਮਧਾਰੀ ਫੁੱਟਬਾਲ ਐਕਡਮੀ ਸ਼੍ਰੀ ਭੈਣੀ ਸਾਹਿਬ ਲੁਧਿਆਣਾ, ਯੰਗਸਟਰ ਫੁੱਟਬਾਲ ਐਕਡਮੀ ਚੰਡੀਗੜ੍ਹ, ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਐਕਡਮੀ ਅੰਡਰ-19 ਮਾਹਿਲਪੁਰ ਬਤੋਰ ਕੋਚ ਸੇਵਾਵਾਂ ਨਿਭਾ ਚੁੱਕਾ ਹੈ ਅਤੇ ਅੱਜਕੱਲ੍ਹ ਉਹ ਯੰਗ ਫੁੱਟਬਾਲ ਕਲੱਬ ਦੇ ਕੋਚ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ। ਹਾਲ ਹੀ ਵਿੱਚ ਹੋਈ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਵਿੱਚ ਉਸ ਦੀ ਟੀਮ ਯੰਗ ਐਫ ਸੀ ਰਨਰ ਅੱਪ ਰਹੀ। ਉਪਰੋਕਤ ਐਕਡਮੀਆਂ, ਕਾਲਜਾਂ ਅਤੇ ਕਲੱਬਾਂ ਦੇ ਕੋਚ ਵਜੋਂ ਅਨੇਕਾਂ ਹੀ ਉਪਲਬਧੀਆਂ ਉਸ ਦੇ ਨਾਮ ਹਨ। ਉਸ ਦੇ ਦੇਖ-ਰੇਖ ਹੇਠ ਖੇਡੇ ਖਿਡਾਰੀ ਵੱਖ-ਵੱਖ ਕਲੱਬਾਂ ਵਿੱਚ ਆਪਣਾ ਖੇਡ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਇਸ ਦੇ ਨਾਲ ਹੀ ਉਹ ਆਪਣੇ ਪਿੰਡ ਦੇ ਨੋਜਵਾਨਾਂ ਲਈ ਵੀ ਰਾਹ ਦਸੇਰਾ ਬਣਿਆ। ਉਸ ਦੇ ਛੋਟੇ ਭਰਾ ਪਰਮਿੰਦਰ ਸਿੰਘ ਬਿਜਲੀ ਬੋਰਡ ਅਤੇ ਜਤਿੰਦਰ ਸਿੰਘ ਜੇ ਐਂਡ ਕੇ ਬੈਂਕ ਵਿੱਚ ਖੇਡੇ। ਇਕਬਾਲ ਸਿੰਘ ਬਾਲੀ ਬੀ.ਐਸ.ਐਫ ਅਤੇ ਸਤਵਿੰਦਰ ਸਿੰਘ ਸੀ.ਆਰ.ਪੀ.ਐਫ ਵੀ ਜਸਬੀਰ ਭਾਰਟਾ ਤੋਂ ਪ੍ਰੇਰਣਾ ਲੈ ਕੇ ਅੱਗੇ ਵਧੇ।

ਇਕ ਖਿਡਾਰੀ ਅਤੇ ਕੋਚ ਦੇ ਨਾਲ-ਨਾਲ ਜਸਬੀਰ ਭਾਰਟਾ ਸੋਨੇ ਦੇ ਦਿਲ ਵਰਗਾ ਇਨਸਾਨ ਹੈ। ਹਮੇਸ਼ਾ ਆਪਣੇ ਖਿਡਾਰੀਆਂ ਦੇ ਹੱਕ ਵਿੱਚ ਡਟਣ ਵਾਲਾ ਇਹ ਇਨਸਾਨ ਹਰ ਸਮੇਂ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ ਤਤਪਰ ਰਹਿੰਦਾ ਹੈ। ਅਨੁਸ਼ਾਸਨ ਨਾਲ ਸਮਝੌਤਾ ਉਸ ਦੀ ਡਾਇਰੀ ਵਿੱਚ ਹੈ ਨਹੀਂ। ਪੈਸਾ ਉਸ ਲਈ ਕਦੇ ਤਰਜੀਹ ਨਹੀਂ ਰਿਹਾ ਬਲਕਿ ਫੁੱਟਬਾਲ ਨਾਲ ਸੱਚਾ ਇਸ਼ਕ ਹੀ ਉਸ ਦੀ ਪ੍ਰਾਪਤੀ ਹੈ ਜੋ ਉਸ ਨੂੰ ਇਕ ਖਿਡਾਰੀ ਅਤੇ ਸਫ਼ਲ ਕੋਚ ਵਜੋਂ ਪਹਿਚਾਣ ਦਿੰਦਾ ਹੈ। ਉਮੀਦ ਹੈ ਕਿ ਉਹ ਇਸੇ ਤਰ੍ਹਾਂ ਆਪਣੇ ਜੀਵਨ ਪੰਧ ਵਿੱਚ ਅੱਗੇ ਵੱਧਦਾ ਰਹੇ.. ਆਮੀਨ..!

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ, ਹੁਸ਼ਿਆਰਪੁਰ,
ਸੰਪਰਕ:94655-76022