ਚੋਣਾਂ ’ਚ ਤਿੰਨ ਖੇਤੀ ਕਾਲੇ ਕਾਨੂੰਨਾਂ ਦਾ ਸੰਘਰਸ਼ ਵੀ ਆਪਣਾ ਰੰਗ ਵਿਖਾ ਰਿਹਾ ਹੈ

ਹੌਟ ਸੀਟ ਸਮਝਿਆ ਜਾਂਦਾ ਲੋਕ ਸਭਾ ਹਲਕਾ ਬਠਿੰਡਾ ਨੂੰ ਭਾਵੇਂ ਬਾਦਲ ਪਰਿਵਾਰ ਦਾ ਗੜ ਮੰਨਿਆਂ ਜਾਂਦਾ ਹੈ, ਪਰ ਇਸਦੇ ਵੋਟਰ ਕਿਸੇ ਦੇ ਬੱਝੇ ਹੋਏ ਨਹੀਂ ਹਨ। ਇਸ ਹਲਕੇ ਤੋਂ ਵੱਖ ਵੱਖ ਪਾਰਟੀਆਂ ਦੇ ਆਗੂ ਜਿੱਤਦੇ ਰਹੇ ਹਨ। ਇਹ ਸਪਸ਼ਟ ਹੈ ਕਿ ਸਭ ਤੋਂ ਸਭ ਤੋਂ ਵੱਧ ਵਾਰ ਤਾਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ ਹਨ, ਪਰ ਇਸ ਹਲਕੇ ਦੇ ਲੋਕਾਂ ਨੇ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ ਤੇ ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ ਦੇ ਉਮੀਦਵਾਰਾਂ ਨੂੰ ਵੀ ਵੋਟਾਂ ਪਾ ਕੇ ਦੇਸ਼ ਦੀ ਸੰਸਦ ਵਿੱਚ ਭੇਜਿਆ ਹੈ। ਇਸ ਹਲਕੇ ਦੇ ਲੋਕ ਪਾਰਟੀ ਦੇ ਨਾਲ ਨਾਲ ਉਮੀਦਵਾਰ ਦੀ ਸਖ਼ਸੀਅਤ, ਚਰਿੱਤਰ, ਵਿਵਹਾਰ ਤੇ ਪਿਛੋਕੜ ਨੂੰ ਵੀ ਘੋਖ ਕੇ ਵੋਟ ਪਾਉਂਦੇ ਹਨ। ਇਸ ਹਲਕੇ ਤੋਂ 10 ਵਾਰ ਸ੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਇੱਕ ਵਾਰ ਅਕਾਲੀ ਦਲ ਅਮਿ੍ਰਤਸਰ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ ਦੀ ਦਹਿਲੀਜ਼ ਲੰਘੇ ਹਨ। ਦੇਸ਼ ਦੀਆਂ 17 ਵਾਰ ਹੋਈਆਂ ਲੋਕ ਸਭਾ ਵਿੱਚ ਇਸ ਹਲਕੇ ਤੋਂ 19 ਸੰਸਦ ਮੈਂਬਰ ਜਿੱਤੇ ਹਨ। 1952 ਅਤੇ 1957 ਵਿੱਚ ਇਸ ਹਲਕੇ ਤੋਂ ਦੋ ਦੋ ਲੋਕ ਸਭਾ ਮੈਂਬਰ ਬਣੇ, ਇੱਕ ਜਨਰਲ ਅਤੇ ਇੱਕ ਰਿਜ਼ਰਵ। ਇਸ ਤਰਾਂ ਕਾਂਗਰਸ ਨੇ 4 ਚੋਣਾਂ ਵਿੱਚ ਜਿੱਤ ਹਾਸਲ ਕਰਦਿਆਂ 6 ਸੰਸਦ ਮੈਂਬਰ ਸੰਸਦ ਵਿੱਚ ਭੇਜੇ।

ਇਸ ਹਲਕੇ ਤੋਂ 1952 ਅਤੇ 1957 ਵਿੱਚ ਕਾਂਗਰਸ ਦੇ ਹੁਕਮ ਸਿੰਘ ਤੇ ਅਜੀਤ ਸਿੰਘ ਸੰਸਦ ਮੈਂਬਰ ਬਣੇ। 1962 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1967 ਵਿਚ ਅਕਾਲੀ ਦਲ ਦੇ ਕਿੱਕਰ ਸਿੰਘ, 1971 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 1977 ਵਿੱਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1980 ਵਿੱਚ ਕਾਂਗਰਸ ਦੇ ਹਾਕਮ ਸਿੰਘ, 1984 ਵਿੱਚ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ, 1989 ਵਿੱਚ ਅਕਾਲੀ ਦਲ ਅਮਿ੍ਰਤਸਰ ਦੇ ਸੁੱਚਾ ਸਿੰਘ ਮਲੋਆ, 1991 ਵਿੱਚ ਕਾਂਗਰਸ ਦੇ ਕੇਵਲ ਸਿੰਘ, 1996 ਵਿੱਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿੱਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ, 1999 ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 2004 ਵਿੱਚ ਅਕਾਲੀ ਦਲ ਦੇ ਬੀਬੀ ਪਰਮਜੀਤ ਕੌਰ ਗੁਲਸ਼ਨ ਲੋਕ ਸਭਾ ਮੈਂਬਰ ਬਣੇ। ਇਸ ਉਪਰੰਤ 2009, 2014 ਅਤੇ 2019 ਵਿੱਚ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਪ੍ਰਾਪਤ ਕਰਕੇ ਸੰਸਦ ਮੈਂਬਰ ਬਣੀ। ਇਹ ਹਲਕੇ ਦੇ ਲੋਕਾਂ ਦੀ ਪਰਖ ਦੀ ਨਿਗਾਹ ਹੀ ਮੰਨੀ ਜਾ ਸਕਦੀ ਹੈ ਕਿ ਜੇ ਉਹਨਾਂ ਉੱਘੇ ਕਵੀਸ਼ਰ ਤੇ ਟਕਸਾਲੀ ਅਕਾਲੀ ਧੰਨਾ ਸਿੰਘ ਗੁਲਸ਼ਨ ਨੂੰ ਦੋ ਵਾਰ ਲੋਕ ਸਭਾ ਵਿੱਚ ਭੇਜਿਆ ਤਾਂ ਲੋਕ ਹੱਕਾਂ ਲਈ ਜੂਝਣ ਵਾਲੇ ਸੱਚੇ ਸੁੱਚੇ ਕਮਿਊਨਿਸਟ ਆਗੂ ਭਾਨ ਸਿੰਘ ਭੌਰਾ ਨੂੰ ਵੀ ਇਹ ਮਾਣ ਬਖਸ਼ਿਆ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਹੁਕਮਾਂ ਤੇ ਫੁੱਲ ਚੜਾਉਂਦਿਆਂ ਉਹਨਾਂ ਦੇ ਅਣਪੜ ਡਰਾਇਵਰ ਕਿੱਕਰ ਸਿੰਘ ਨੂੰ ਜਿਤਾਇਆ ਅਤੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਸ੍ਰ: ਬੇਅੰਤ ਸਿੰਘ ਦੇ ਪਿਤਾ ਬਾਬਾ ਸੁੱਚਾ ਸਿੰਘ ਮਲੋਆ ਨੂੰ ਵੀ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜੇਤੂ ਬਣਾਇਆ। ਮਹਿਲਾਵਾਂ ਦੀ ਕਦਰ ਕਰਦਿਆਂ ਜਿੱਥੇ ਸ਼ਰੀਫ ਤੇ ਪੜੀ ਲਿਖੀ ਔਰਤ ਉਮੀਦਵਾਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਜੇਤੂ ਬਣਾਇਆ ਉੱਥੇ ਅਕਾਲੀ ਦਲ ਦੇ ਸੁਪਰੀਮੋ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਤਿੰਨ ਵਾਰ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਹੈ।

ਲੋਕ ਸਭਾ ਹਲਕਾ ਬਠਿੰਡਾ ਲੰਬਾ ਸਮਾਂ ਰਿਜਰਵ ਰਿਹਾ, ਸਾਲ 2009 ਵਿੱਚ ਚੋਣ ਕਮਿਸਨ ਵੱਲੋਂ ਵੋਟਾਂ ਦੇ ਆਧਾਰ ਤੇ ਮੁੜ ਸੀਮਾ ਤਹਿ ਕਰਨ ਦਾ ਪ੍ਰੋਗਰਾਮ ਅਰੰਭ ਕੀਤਾ। ਇਸ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਮੇਂ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਬਠਿੰਡਾ ਨੂੰ ਸ੍ਰੋਮਣੀ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਦਾ ਗੜ ਬਣਾ ਕੇ ਇਸਤੇ ਆਪਣਾ ਕਬਜਾ ਕਰਨ ਦੀ ਸਾਜਿਸ਼ ਰਚੀ। ਇਸ ਤਹਿਤ ਉਹਨਾਂ ਇਸ ਹਲਕੇ ਵਿਚਲੇ ਵਿਧਾਨ ਸਭਾ ਹਲਕਾ ਰਾਮਪੁਰਾਫੂਲ ਨੂੰ ਲੋਕ ਸਭਾ ਹਲਕਾ ਬਠਿੰਡਾ ਨਾਲੋਂ ਤੋੜ ਕੇ ਫਰੀਦਕੋਟ ਨਾਲ ਜੋੜ ਦਿੱਤਾ ਅਤੇ ਜਿਲਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਲੰਬੀ ਨੂੰ ਫਰੀਦਕੋਟ ਹਲਕੇ ਨਾਲੋਂ ਤੋੜ ਕੇ ਲੋਕ ਸਭਾ ਹਲਕਾ ਬਠਿੰਡਾ ਨਾਲ ਜੋੜ ਦਿੱਤਾ। ਇਸ ਜੋੜ ਤੋੜ ਨਾਲ ਬਠਿੰਡਾ ਹਲਕੇ ਵਿੱਚ ਸਡਿਊਲਿਡ ਕਾਸਟ ਵੋਟਾਂ ਘਟ ਗਈਆਂ ਅਤੇ ਫਰੀਦਕੋਟ ਦੀਆਂ ਵਧ ਗਈਆਂ, ਨਤੀਜੇ ਵਜੋਂ ਹਲਕਾ ਬਠਿੰਡਾ ਜਨਰਲ ਬਣ ਗਿਆ ਅਤੇ ਫਰੀਦਕੋਟ ਰਿਜ਼ਰਵ ਹੋ ਗਿਆ। ਇਸਦਾ ਬਾਦਲ ਪਰਿਵਾਰ ਨੇ ਚੰਗਾ ਫਾਇਦਾ ਉਠਾਇਆ, ਇਸ ਪਰਿਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਲਗਾਤਾਰ ਸੰਸਦ ਮੈਂਬਰ ਵੀ ਬਣ ਗਈ। ਇਸ ਹਲਕੇ ਨੂੰ ਬਾਦਲ ਪਰਿਵਾਰ ਦਾ ਗੜ ਮੰਨਿਆਂ ਜਾਣ ਲੱਗਾ।

ਹਲਕਾ ਬਠਿੰਡਾ ਦੇ ਲੋਕ ਜਾਗਰੂਕ ਹਨ, ਉਹ ਸਮਝਦੇ ਹਨ ਕਿ ਗੜ ਨਾ ਕਿਸੇ ਪਾਰਟੀ ਦਾ ਹੁੰਦਾ ਹੈ ਅਤੇ ਨਾ ਹੀ ਕਿਸੇ ਪਰਿਵਾਰ ਦਾ। ਗੜ ਤਾਂ ਲੋਕਾਂ ਦਾ ਹੀ ਹੁੰਦਾ ਹੈ, ਉਹ ਆਪਣੀ ਆਈ ਤੇ ਆ ਜਾਣ ਤਾਂ ਸਾਰੀਆਂ ਹੱਦਾਂ ਤੋੜ ਦਿੰਦੇ ਹਨ। ਜੇ ਹਲਕਾ ਜਨਰਲ ਬਣ ਜਾਣ ਤੋਂ ਬਾਅਦ ਦੀ ਵਿਚਾਰ ਕਰੀਏ ਤਾਂ ਇਸ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਦੀ ਵੋਟ ਘਟਦੀ ਰਹੀ ਹੈ। ਸਾਲ 2009 ਵਿੱਚ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਯੁਵਰਾਜ ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 2014 ਵਿੱਚ ਹਰਸਿਮਰਤ ਕੌਰ ਨੇ ਹੀ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ਼ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ। 2019 ਵਿੱਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,722 ਵੋਟਾਂ ਨਾਲ ਹਰਾਇਆ ਸੀ, ਇਹ ਫ਼ਰਕ ਸਿਰਫ਼ 1.8 ਫੀਸਦੀ ਸੀ।
ਇਸ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਜਿਹਨਾਂ ਚੋਂ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੇ ਰਲਵੇਂ ਮਿਲਵੇਂ ਵਿਧਾਇਕ ਹੋਇਆ ਕਰਦੇ ਸਨ। ਹੁਣ ਇਹਨਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਲੋਕ ਸਭਾ ਹਲਕਾ ਲੰਬੀ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸ੍ਰ: ਪ੍ਰਕਾਸ ਸਿੰਘ ਬਾਦਲ ਨੂੰ ਦਰਵੇਸ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਸ੍ਰ: ਗੁਰਮੀਤ ਸਿੰਘ ਖੁੱਡੀਆਂ ਨੇ ਹਰਾ ਕੇ ਜਿੱਤ ਹਾਸਲ ਕੀਤੀ ਸੀ, ਜਿਹਨਾਂ ਨੂੰ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾਇਆ। ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਆਮ ਆਦਮੀ ਪਾਰਟੀ ਨੇ ਸ੍ਰ: ਗੁਰਮੀਤ ਸਿੰਘ ਨੂੰ ਮੁੜ ਬਾਦਲ ਪਰਿਵਾਰ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿੱਚ ਉਤਾਰ ਦਿੱਤਾ ਹੈ। ਉਹ ਧਾਰਮਿਕ ਵਿਚਾਰਾਂ ਵਾਲੇ, ਬੇਦਾਗ, ਸ਼ਰੀਫ਼ ਤੇ ਇਮਾਨਦਾਰ ਸਿਆਸਤਦਾਨ ਮੰਨੇ ਜਾਂਦੇ ਹਨ। ਸ੍ਰੋਮਣੀ ਅਕਾਲੀ ਦਲ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਹੈ, ਉਹ ਇਸ ਹਲਕੇ ਦੇ ਵਿਕਾਸ ਵਿੱਚ ਚੰਗਾ ਯੋਗਦਾਨ ਪਾਇਆ ਹੈ। ਕਾਂਗਰਸ ਪਾਰਟੀ ਵੱਲੋਂ ਸ੍ਰ: ਜੀਤਮੁਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ, ਜੋ ਇੱਕ ਧੜੱਲੇਦਾਰ ਆਗੂ ਸਮਝੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਨੇ ਉੱਚ ਸਰਕਾਰੀ ਅਹੁਦਾ ਛੱਡ ਕੇ ਆਈ ਮਲੂਕਾ ਪਰਿਵਾਰ ਦੀ ਨੂੰਹ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ। ਸ੍ਰੋਮਣੀ ਅਕਾਲੀ ਦਲ ਅਮਿ੍ਰਤਸਰ ਨੇ ਲੱਖਾ ਸਿਧਾਣਾ ਨੂੰ ਮੈਦਾਨ ਵਿੱਚ ਲਿਆਂਦਾ ਹੈ।

ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਇਸਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਰਿਹਾ ਹੈ ਅਤੇ ਹਰਸਿਮਰਤ ਕੌਰ ਦੋਵਾਂ ਪਾਰਟੀਆਂ ਦੀਆਂ ਵੋਟਾਂ ਹਾਸਲ ਕਰਦੀ ਰਹੀ ਹੈ, ਇਸ ਵਾਰ ਇਹ ਗੱਠਜੋੜ ਟੁੱਟ ਜਾਣ ਸਦਕਾ ਭਾਜਪਾ ਨੇ ਵੱਖਰਾ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਸ ਲਈ ਅਕਾਲੀ ਦਲ ਦੇ ਉਮੀਦਵਾਰ ਲਈ ਜਿੱਤ ਹਾਸਲ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਹੋਵੇਗੀ। ਕਾਂਗਰਸ ਪਾਰਟੀ ਦੀ ਅੰਦਰੂਨੀ ਲੜਾਈ ਵੀ ਕਿਸੇ ਤੋਂ ਭੁੱਲੀ ਨਹੀਂ ਹੈ, ਜੋ ਉਮੀਦਵਾਰ ਲਈ ਚਣੌਤੀਆਂ ਪੈਦਾ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਿਸਾਨ ਜਥੇਬੰਦੀਆਂ ਡਟ ਕੇ ਕਰ ਰਹੀਆਂ ਹਨ, ਤਿੰਨ ਖੇਤੀ ਕਾਲੇ ਕਾਨੂੰਨਾਂ ਦਾ ਸੰਘਰਸ਼ ਆਪਣਾ ਰੰਗ ਵਿਖਾ ਰਿਹਾ ਹੈ। ਪਰ ਕਮਜੋਰ ਉਮੀਦਵਾਰ ਵੀ ਕਿਸੇ ਨੂੰ ਨਹੀਂ ਮੰਨਿਆਂ ਜਾ ਸਕਦਾ। ਇਸ ਹਲਕੇ ਵਿਚਲੀਆਂ ਖੱਬੀਆਂ ਪਾਰਟੀਆਂ ਅਤੇ ਬਹੁਜਨ ਸਮਾਜ ਪਾਰਟੀ ਦੀਆਂ ਵੋਟਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਆਪਣੇ ਉਮੀਦਵਾਰ ਤਾਂ ਮੈਦਾਨ ਵਿੱਚ ਨਹੀਂ ਲਿਆਂਦੇ, ਪਰ ਉਹਨਾਂ ਦੀ ਵੋਟ ਕਿਸ ਪਾਰਟੀ ਜਾਂ ਕਿਸ ਉਮੀਦਵਾਰ ਨੂੰ ਜਾਵੇਗੀ, ਇਹ ਅਜੇ ਸਪਸ਼ਟ ਨਹੀਂ ਹੋਇਆ। ਪਰ ਜਿਸਨੂੰ ਵੀ ਇਹ ਵੋਟਾਂ ਮਿਲਣਗੀਆਂ ਉਹ ਨਤੀਜੇ ਨੂੰ ਪ੍ਰਭਾਵਿਤ ਜਰੂਰ ਕਰਨਗੀਆਂ।

ਹਲਕਾ ਬਠਿੰਡਾ ਭਾਵੇਂ ਹਰ ਵਾਰ ਹੀ ਹੌਟ ਸੀਟ ਬਣਦਾ ਹੈ, ਪਰ ਇਸ ਵਾਰ ਮੁਕਾਬਲਾ ਕੁੱਝ ਜਿਆਦਾ ਹੀ ਸਖ਼ਤ ਤੇ ਦਿਲਚਸਪ ਹੋਵੇਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕਿਸੇ ਪਾਰਟੀ ਵੱਲੋਂ ਵੀ ਲੋਕ ਮੁੱਦਿਆਂ ਤੇ ਆਧਾਰਤ ਚੋਣ ਨਹੀਂ ਲੜੀ ਜਾ ਰਹੀ। ਉਹ ਇੱਕ ਦੂਜੀ ਪਾਰਟੀ ਜਾਂ ਉਮੀਦਵਾਰ ਦਾ ਵਿਰੋਧ ਕਰਕੇ ਹੀ ਲੋਕਾਂ ਨੂੰ ਆਪਣੇ ਹੱਕ ਵਿੱਚ ਭੁਗਤਣ ਲਈ ਤਿਆਰ ਕਰਦੇ ਹਨ, ਅਸਲ ਸ਼ਬਦਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਦੇ ਹਨ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913