ਪੰਜਾਬੀ ਸਾਹਿਤ ਸਭਾ ਵੱਲੋਂ ਪੁਸਤਕ ‘ਦਰਦ-ਏ-ਬਲਜੀਤ’ ਲੋਕ ਅਰਪਣ ਸਮਾਗਮ

(ਬਠਿੰਡਾ, 5 ਸਤੰਬਰ, ਬਲਵਿੰਦਰ ਸਿੰਘ ਭੁੱਲਰ) ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਸ੍ਰੀ ਜਸਵੀਰ ਸਿੰਘ ਢਿੱਲੋਂ ਦੀ ਪੁਸਤਕ ‘ਦਰਦ-ਏ-ਬਲਜੀਤ’ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਟਕਕਾਰ ਤੇ ਸਾਹਿਤਕਾਰ ਸ੍ਰੀ ਕੁਲਦੀਪ ਸਿੰਘ ਦੀਪ ਨੇ ਕੀਤੀ। ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਨਵਦੀਪ ਜੀਦਾ ਚੇਅਰਮੈਨ ਸੂਗਰਫੈੱਡ ਸ਼ਾਮਲ ਹੋਏ, ਜਦੋਂ ਕਿ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਸਿੱਧੂ ਦਮਦਮੀ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਸ੍ਰਪਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ ਤੇ ਜਸਵੀਰ ਢਿੱਲੋਂ ਵੀ ਹਾਜਰ ਸਨ। ਇਸ ਮੌਕੇ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ, ਇਸ ਉਪਰੰਤ ਦੋ ਵਿਦਿਆਰਥੀਆਂ ਮੋਨੂ ਪਾਸਵਾਨ ਤੇ ਪਵਨ ਕੁਮਾਰ ਵੱਲੋਂ ਸ੍ਰੀਮਤੀ ਬਲਜੀਤ ਕੌਰ ਦੇ ਹੱਥ ਚਿੱਤਰ ਭੇਂਟ ਕੀਤੇ ਅਤੇ ਦੇਸ ਰਾਜ ਸਰਕਾਰੀ ਸਕੂਲ ਦੇ ਸਟਾਫ਼ ਵੱਲੋਂ ਵੀ ਸ੍ਰੀ ਢਿੱਲੋਂ ਦਾ ਸਨਮਾਨ ਕੀਤਾ ਗਿਆ।

ਸਮਾਗਮ ਦੇ ਸੁਰੂ ਵਿੱਚ ਸ੍ਰੀ ਮਾਨਖੇੜਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਸ੍ਰੀ ਢਿੱਲੋਂ ਨਾਲ ਵਾਪਰੀ ਦੁਖਦ ਘਟਨਾ ਹੀ ਪੁਸਤਕ ਦਾ ਸਬੱਬ ਬਣੀ। ਇੱਥੇ ਇਹ ਵਰਨਣਯੋਗ ਹੈ ਕਿ ਸ੍ਰੀ ਢਿੱਲੋਂ ਦੀ ਧਰਮਪਤਨੀ ਸ੍ਰੀਮਤੀ ਬਲਜੀਤ ਕੌਰ ਦੀ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਹੋਈ ਮੌਤ ਉਪਰੰਤ ਵਿਯੋਗ ਵਿੱਚ ਉੱਠੇ ਦਿਲ ਦੇ ਦਰਦ ਨੂੰ ਉਹਨਾਂ ਕਲਮਬੱਧ ਕਰਨ ਲਈ ਲਿਖਣਾ ਸੁਰੂ ਕੀਤਾ ਸੀ। ਸ੍ਰੀ ਦਮਦਮੀ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਢਿੱਲੋਂ ਨੇ ਨਿੱਜੀ ਦੁਖਾਂਤ ਨੂੰ ਕਵਿਤਾ ਵਿੱਚ ਪ੍ਰੀਵਰਤਨ ਕਰਕੇ ਵੱਡਾ ਕੰਮ ਕੀਤਾ ਹੈ ਤੇ ਮਿਸਾਲ ਕਾਇਮ ਕੀਤੀ ਹੈ।

ਪੁਸਤਕ ਤੇ ਚਰਚਾ ਕਰਦਿਆਂ ਡਾ: ਗੁਰਪ੍ਰੀਤ ਸਿੰਘ ਨੇ ਕਿਹਾ ਕਿ ਹਰ ਇਨਸਾਨ ਹੀ ਕਵੀ ਹੁੰਦਾ ਹੈ, ਸ੍ਰੀ ਢਿੱਲੋਂ ਵੀ ਪਹਿਲਾਂ ਹੀ ਕਵੀ ਸੀ, ਪਰ ਦੁਖਦਾਈ ਘਟਨਾ ਨੇ ਉਸਦੇ ਅੰਦਰਲੇ ਕਵੀ ਨੂੰ ਪਛਾਣਨ ਦੀ ਸ਼ਕਤੀ ਦਿੱਤੀ ਹੈ। ਦਰਦ ਤੋਂ ਇਲਾਵਾ ਕਵਿਤਾਵਾਂ ਵਿੱਚ ਹੋਰ ਵਿਸ਼ਾਲ ਵਿਸ਼ੇ ਵੀ ਹਨ, ਜਿਵੇਂ ਭਰੂਣ ਹੱਤਿਆ, ਨਸ਼ੇ, ਵਿੱਦਿਆ, ਮਜਦੂਰੀ, ਕਿਸਾਨੀ ਆਦਿ। ਉਹ ਰਚਨਾਵਾਂ ਰਾਹੀਂ ਲੋਕਾਈ ਨੂੰ ਸੁਨੇਹਾ ਵੀ ਦਿੰਦੇ ਹਨ। ਸ੍ਰੀ ਗੁਰਦੇਵ ਖੋਖਰ ਨੇ ਕਿਹਾ ਕਿ ਸ੍ਰੀ ਢਿੱਲੋਂ ਦੀ ਕਵਿਤਾ ਦੀ ਮੂਲ ਸੁਰ ਦਰਦ ਹੈ, ਦੁਖਦਾਈ ਘਟਨਾ ਕਾਰਨ ਉਹਨਾਂ ਦੇ ਮਨ ਚੋਂ ਜੋ ਕਾਵਿਕ ਸੰਵੇਦਨਾ ਉੱਭਰੀ ਉਹ ਮੁੱਲਵਾਨ ਹੈ। ਮੁੱਖ ਮਹਿਮਾਨ ਸ੍ਰੀ ਨਵਦੀਪ ਜੀਦਾ ਨੇ ਕਿਹਾ ਕਿ ਮੌਜੂਦਾ ਸਮੇਂ ਜਦੋਂ ਪਤੀ ਪਤਨੀ ਦੇ ਝਗੜਿਆਂ ਸਦਕਾ ਅਦਾਲਤਾਂ ਭਰੀਆਂ ਪਈਆਂ ਹਨ, ਸ੍ਰੀ ਢਿੱਲੋਂ ਨੇ ਆਪਣੀ ਧਰਮਪਤਨੀ ਦੇ ਵਿਛੋੜੇ ਦੇ ਦਰਦ ਬਾਰੇ ਕਿਤਾਬ ਲਿਖ ਕੇ ਪਤੀ ਪਤਨੀ ਪਿਆਰ ਨੂੰ ਅਮਰ ਕਰ ਦਿੱਤਾ ਹੈ। ਉੱਘੇ ਕਹਾਣੀਕਾਰ ਸ੍ਰੀ ਅਤਰਜੀਤ ਨੇ ਕਿਹਾ ਕਿ ਸ੍ਰੀ ਢਿੱਲੋਂ ਨੇ ਹਿਰਦੇ ਦੇ ਹਾਉਂਕੇ ਨੂੰ ਸ਼ਬਦੀ ਰੂਪ ਦਿੱਤਾ ਹੈ, ਹੁਣ ਉਹਨਾਂ ਵੱਲੋਂ ਦਰਦ ਸਮੇਟ ਕੇ ਕਵਿਤਾ ਨੂੰ ਇਨਕਲਾਬੀ ਰੰਗਤ ਦੇਣ ਦਾ ਯਤਨ ਕਰਨਾ ਚਾਹੀਦਾ ਹੈ।

ਪੁਸਤਕ ਦੇ ਰਚੇਤਾ ਸ੍ਰੀ ਜਸਵੀਰ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਤਨੀ ਦੇ ਵਿਛੋੜੇ ਦੇ ਦਰਦ ਸਦਕਾ ਰੱਬ, ਮਨੁੱਖਤਾ ਆਦਿ ਪ੍ਰਤੀ ਪੈਦਾ ਹੋਏ ਰੋਸ਼ਿਆਂ ਨੂੰ ਕਾਗਜ ਤੇ ਲਿਖਣਾ ਸੁਰੂ ਕੀਤਾ ਸੀ ਤੇ ਇਸ ਪੁਸਤਕ ਰਾਹੀਂ ਉਹਨਾਂ ਬਲਜੀਤ ਤੇ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣਾ ਦਾ ਯਤਨ ਹੀ ਕੀਤਾ ਹੈ। ਉਹਨਾਂ ਮੰਨਿਆਂ ਕਿ ਮਿੱਤਰਾਂ ਸਨੇਹੀਆਂ ਨੇ ਦਰਦ ਭੁਲਾਉਣ ਦੀਆਂ ਸਲਾਹਾਂ ਦਿੱਤੀਆਂ ਹਨ, ਇਹ ਭੁਲਾਇਆ ਤਾਂ ਨਹੀਂ ਜਾ ਸਕਦਾ, ਪਰ ਅੱਗੇ ਲਈ ਆਪਣੀਆਂ ਰਚਨਾਵਾਂ ਵਿੱਚ ਲੋਕਾਈ ਨਾਲ ਸਬੰਧਤ ਹੋਰ ਵਿਸ਼ੇ ਸ਼ਾਮਲ ਕੀਤੇ ਜਾਣਗੇ। ਅੰਤ ਵਿੱਚ ਪ੍ਰਧਾਨਗੀ ਭਾਸ਼ਣ ਕਰਦਿਆਂ ਸ੍ਰੀ ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪੁਸਤਕ ਵਿਚਲੀਆਂ ਕਵਿਤਾਵਾਂ ਵਿੱਚ ਵਿਯੋਗ ਦੀਆਂ ਅਵਸਥਾਵਾਂ ਦਾ ਬਾਖੂਬੀ ਜਿਕਰ ਕੀਤਾ ਗਿਆ ਹੈ। ਅਸਲ ਵਿੱਚ ਸ੍ਰੀ ਢਿੱਲੋਂ ਵੱਲੋਂ ਬਲਜੀਤ ਦੇ ਬਹਾਨੇ ਔਰਤ ਦੀ ਮਹੱਤਤਾ ਨੂੰ ਹੀ ਪੇਸ਼ ਕੀਤਾ ਹੈ। ਉਸਦੀ ਰਚਨਾ ਔਰਤ ਦੀ ਹੋਂਦ ਦੇ ਅਹਿਸਾਸ ਕਰਾਉਣ ਦੀ ਕਵਿਤਾ ਹੈ। ਉਹਨਾਂ ਕਿਹਾ ਕਿ ਇਹ ਵੀ ਦੁਖਦਾਈ ਪਹਿਲੂ ਹੈ ਕਿ ਔਰਤਾਂ ਦੀਆਂ ਪ੍ਰਾਪਤੀਆਂ ਦਾ ਇਤਿਹਾਸ ਨਹੀਂ ਲਿਖਿਆ ਜਾਂਦਾ, ਜੋ ਸਮੇਂ ਦੀ ਲੋੜ ਹੈ। ਸ੍ਰੀ ਢਿੱਲੋਂ ਨੇ ਬਲਜੀਤ ਨੂੰ ਯਾਦ ਕਰਦਿਆਂ ਔਰਤਾਂ ਦੀਆਂ ਜੁਮੇਵਾਰੀਆਂ, ਮਜਬੂਰੀਆਂ, ਪ੍ਰਾਪਤੀਆਂ ਆਦਿ ਨੂੰ ਉਜਾਗਰ ਕਰਨ ਦੀ ਕੋਸਿਸ਼ ਕੀਤੀ ਹੈ, ਜਿਸ ਸਦਕਾ ਉਹ ਵਧਾਈ ਦੇ ਪਾਤਰ ਹਨ। ਸ੍ਰੀ ਗੁਰਸੇਵਕ ਲੰਬੀ ਨੇ ਵੀ ਚਰਚਾ ਵਿੱਚ ਹਿੱਸਾ ਲਿਆ। ਸ੍ਰੀ ਅਮਨ ਦਾਤੇਵਾਸੀਆਂ ਨੇ ਇੱਕ ਗ਼ਜ਼ਲ ਪੇਸ਼ ਕਰਕੇ ਹਾਜਰੀ ਲੁਆਈ। ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਉਪਰੰਤ ਕਵੀ ਦਰਬਾਰ ਵੀ ਕਰਵਾਇਆ ਗਿਆ