ਸਿਆਣੇ ਕਹਿੰਦੇ ਹਨ ਕਿ ਮੂੰਹ ‘ਚੋਂ ਨਿਕਲੀ ਗੱਲ ਅਤੇ ਕਮਾਨ ‘ਚੋਂ ਨਿਕਲਿਆ ਹੋਇਆ ਤੀਰ ਕਦੇ ਵਾਪਸ ਨਹੀਂ ਮੁੜਦੇ। ਇਹ ਗੱਲ 100 ਫੀਸਦੀ ਸੱਚ ਅਤੇ ਦਰੁਸਤ ਹੈ। ਇਸੇ ਕਰਕੇ ਹੀ ਸੋਚ- ਸਮਝ ਕੇ ਬੋਲਣ ਲਈ ਤਾਕੀਦ ਕੀਤੀ ਜਾਂਦੀ ਹੈ ਅਤੇ ਠਰੰਮੇ ਨਾਲ ਕਦਮ ਪੁੱਟਣ ਲਈ ਕਿਹਾ ਜਾਂਦਾ ਹੈ।
ਅੱਜ ਦਾ ਯੁੱਗ ਭੱਜਦੌੜ ਦਾ ਯੁੱਗ ਹੈ। ਮਨੁੱਖ ਜਿ਼ੰਦਗੀ ਵਿਚ ਅੱਗੇ ਵੱਧਣਾ ਚਾਹੁੰਦਾ ਹੈ/ ਤਰੱਕੀ ਕਰਨਾ ਚਾਹੁੰਦਾ ਹੈ। ਵੱਡੇ ਸ਼ਹਿਰਾਂ ਨੇ ਪਿੰਡਾਂ ਅਤੇ ਛੋਟੇ ਕਸਬਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਖੇਤੀ ਯੋਗ ਜ਼ਮੀਨਾਂ ਘੱਟਦੀਆਂ ਜਾ ਰਹੀਆਂ ਹਨ ਅਤੇ ਪੱਥਰਾਂ ਦੇ ਸ਼ਹਿਰ ਆਬਾਦ ਹੁੰਦੇ ਜਾ ਰਹੇ ਹਨ। ਅੱਜ ਹਾਲਾਤ ਇੰਝ ਦੇ ਹੋ ਗਏ ਹਨ ਕਿ ਹਰ ਪਾਸੇ ਕੰਕਰੀਟ ਹੀ ਕੰਕਰੀਟ ਨਜ਼ਰ ਆਉਂਦਾ ਹੈ। ਪਿੰਡਾਂ ਵਿਚੋਂ ਸ਼ਹਿਰਾਂ ਵੱਲ ਨੂੰ ਲੋਕਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ। ਇਹਨਾਂ ਸਭ ਕਾਰਨਾਂ ਦਾ ਮੂਲ ਮਕਸਦ ਇਹ ਹੈ ਕਿ ਅੱਜ ਦਾ ਮਨੁੱਖ ਆਪਣੇ ਜੀਵਨ ਵਿਚ ਅੱਗੇ ਵੱਧਣਾ ਚਾਹੁੰਦਾ ਹੈ/ ਤਰੱਕੀ ਕਰਨਾ ਚਾਹੁੰਦਾ ਹੈ। ਪੈਸੇ ਦੀ ਭੁੱਖ ਨੇ ਮਨੁੱਖ ਨੂੰ ਮਨੁੱਖਤਾ ਤੋਂ ਹੀਣਾ ਕਰਕੇ ਰੱਖ ਦਿੱਤਾ ਹੈ।
ਅੱਜ ਹਰ ਪਾਸੇ ਇੰਟਰਨੈੱਟ ਦਾ ਬੋਲਬਾਲਾ ਹੈ। ਘੰਟਿਆਂ ਦੇ ਕੰਮ ਮਿੰਟਾਂ ਵਿਚ ਅਤੇ ਮਿੰਟਾਂ ਦੇ ਕੰਮ ਸਕਿੰਟਾਂ ਵਿਚ ਨੇਪਰੇ ਚੜ ਜਾਂਦੇ ਹਨ। ਇਸ ਇੰਟਰਨੈੱਟ ਦੀ ਸਹੂਲਤ ਨੇ ਜਿੱਥੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਆਰਾਮਦਾਇਕ ਕੀਤਾ ਹੈ ਉੱਥੇ ਹੀ ਕਈ ਤਰ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦਾ ਕਾਰਨ ਵੀ ਬਣ ਗਿਆ ਹੈ। ਅੱਜ ਬਜ਼ੁਰਗਾਂ ਤੋਂ ਲੈ ਕੇ ਨਿੱਕੇ ਬੱਚਿਆਂ ਤੱਕ ਮਾਨਸਿਕ ਪ੍ਰੇਸ਼ਾਨੀ ਦਾ ਸਿ਼ਕਾਰ ਆਮ ਹੀ ਦੇਖੇ ਜਾ ਸਕਦੇ ਹਨ। ਮਨੁੱਖ ਨੇ ਤਕਨੀਕ ਕਰਕੇ ਤਰੱਕੀ ਜ਼ਰੂਰ ਕੀਤੀ ਹੈ; ਇਸ ਗੱਲ ਵਿਚ ਕੋਈ ਸ਼ੱਕ ਨਹੀਂ ਪਰੰਤੂ! ਅਜੋਕਾ ਮਨੁੱਖ ਮਾਨਸਿਕ ਵਿਕਾਰਾਂ ਵਿਚ ਆਪਣੀ ਜਿ਼ੰਦਗੀ ਨੂੰ ਗੁਆ ਰਿਹਾ ਹੈ। ਦੂਜੇ ਸ਼ਬਦਾਂ ਵਿਚ; ਅੱਜ ਦਾ ਮਨੁੱਖ ਆਪਣਾ ਮਨੁੱਖੀ ਜੀਵਨ ਆਨੰਦ ਨਾਲ ਜੀਅ ਨਹੀਂ ਰਿਹਾ ਬਲਕਿ ਢੋਹ ਰਿਹਾ ਹੈ/ ਕੱਟ ਰਿਹਾ ਹੈ।
ਅੱਜ ਮੋਬਾਇਲ ਫੋਨ ਨੇ ਲੋਕਾਂ ਨੂੰ ਗੱਲਾਂ ਤੋਂ ਸੱਖਣੇ ਕਰਕੇ ਰੱਖ ਦਿੱਤਾ ਹੈ। ਹੁਣ ਚਿੱਠੀਆਂ/ ਪੱਤਰਾਂ ਨੂੰ ਲਿਖਣਾ ਆਮ ਲੋਕ ਭੁੱਲ ਗਏ ਹਨ। ਅੱਜ ਇੰਟਰਨੈੱਟ ਦੇ ਯੁੱਗ ਵਿਚ ਚੰਦ ਸਕਿੰਟਾਂ ਵਿਚ ਸੰਦੇਸ਼ ਅਪੱੜ ਜਾਂਦੇ ਹਨ / ਭੇਜ ਦਿੱਤੇ ਜਾਂਦੇ ਹਨ। ਇਸ ਲਈ ਅੱਜ ਦੀ ਪੀੜ੍ਹੀ ਚਿੱਠੀਆਂ/ ਪੱਤਰਾਂ ਨੂੰ ਲਿੱਖਣਾ ਭੁੱਲ ਗਈ ਜਾਪਦੀ ਹੈ।
ਦੂਜੀ ਗੱਲ, ਸਾਂਝੇ ਪਰਿਵਾਰ ਹੁਣ ‘ਬੀਤੇ ਵਕਤ ਦੀਆਂ ਬਾਤਾਂ’ ਬਣ ਕੇ ਰਹਿ ਗਏ ਹਨ। ਅੱਜ ਬਹੁਤੇ ਲੋਕਾਂ ਕੋਲ ਆਪਣੇ ਪਰਿਵਾਰ ਵਿਚ ਬਹਿ ਕੇ ਗੱਲਾਂ- ਬਾਤਾਂ ਕਰਨ ਦਾ ਸਮਾਂ ਨਹੀਂ ਹੈ। ਨਾਨੀ- ਦਾਦੀ ਮਾਤਾ ਦੀਆਂ ਕਹਾਣੀਆਂ, ਵਿਆਹਾਂ- ਸ਼ਾਦੀਆਂ ‘ਤੇ ਲੈਡੀਜ਼ ਸੰਗੀਤ, ਨਾਨਕਾ- ਮੇਲ, ਦਾਦਕਾ- ਮੇਲ, ਸੁਹਾਗ, ਘੋੜੀਆਂ ਆਦਿਕ ਰੀਤੀ- ਰਿਵਾਜ਼ ਖ਼ਤਮ ਹੋਣ ਕਿਨਾਰੇ ਹਨ। ਹੁਣ ਲੋਕ ਮੈਰਿਜ਼- ਪੈਲੇਸ ਵਿਚੋਂ ਵਿਆਹ ਦੇਖ ਕੇ ਮੁੜ ਆਉਂਦੇ ਹਨ। ਵਿਆਹਾਂ ਵਿਚ ਬਹੁਤੇ ਲੋਕਾਂ ਕੋਲ ਆਰਾਮ ਨਾਲ ਬਹਿ ਕੇ ਗੱਲਾਂ ਕਰਨ, ਹਾਸਾ- ਠੱਠਾ ਕਰਨ ਅਤੇ ਆਨੰਦ ਮਾਨਣ ਦਾ ਵਕਤ ਨਹੀਂ ਹੈ।
ਵਿਦਵਾਨਾਂ ਦਾ ਕਥਨ ਹੈ ਕਿ ਜੇਕਰ ਮਨੁੱਖ ਆਪਣੇ ਜੀਵਨ ਵਿਚ ਸਕੂਨ ਚਾਹੁੰਦਾ ਹੈ ਤਾਂ ਉਸਨੂੰ ਕੁਝ ਸਮਾਂ ਆਪਣੇ- ਆਪ ਨੂੰ ਦੇਣਾ ਚਾਹੀਦਾ ਹੈ। ਦੋਸਤੋ, ਇੱਕ ਜਾਂ ਦੋ ਦਿਨ ਲਈ ਇੰਟਰਨੈੱਟ ਨੂੰ ਬੰਦ ਕਰਕੇ ਦੇਖੋ ਜਾਂ ਮੋਬਾਇਲ ਨੂੰ ਘਰ ਛੱਡ ਕੇ ਦੇਖੋ; ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ? ਕਦੇ ਕਿਸੇ ਮਿੱਤਰ- ਪਿਆਰੇ ਨੂੰ ਚਿੱਠੀ ਲਿੱਖ ਕੇ ਦੇਖੋ। ਯਕੀਕਨ, ਤੁਹਾਨੂੰ ਚੰਗਾ ਲੱਗੇਗਾ/ ਸਕੂਨ ਮਿਲੇਗਾ।
ਸ਼ਹਿਰ ਦੇ ਰੌਲੇ- ਰੱਪੇ ਤੋਂ ਕੁਝ ਦਿਨ ਲਈ ਦੂਰ ਹੋ ਕੇ ਦੇਖੋ ਜਾਂ ਕਿਸੇ ਪਹਾੜੀ ਸਥਾਨ ਤੇ ਜਾ ਕੇ ਕੁਝ ਦਿਨ ਚੈਨ ਦਾ ਜੀਵਨ ਬਤੀਤ ਕਰਕੇ ਦੇਖੋ। ਕਿਸੇ ਦਿਨ ਸੰਧਿਆ ਵੇਲੇ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਬੈਠ ਕੇ ਗੱਲਬਾਤ ਕਰੋ ਤਾਂ ਤੁਹਾਨੂੰ ਬਹੁਤ ਕੁਝ ‘ਨਵਾਂ’ ਸਿੱਖਣ ਨੂੰ ਮਿਲੇਗਾ। ਪਰਿਵਾਰ ਦੇ ਜੀਆਂ ਦੇ ਵਿਚਾਰ ਸੁਣ ਕੇ ਤੁਹਾਨੂੰ ਨਵੇਂ ਵਿਚਾਰ ਆਉਣਗੇ ਜਿਹੜੇ ਕਿ ਭਵਿੱਖ ਲਈ ਲਾਹੇਵੰਦ ਸਾਬਿਤ ਹੋ ਸਕਦੇ ਹਨ।
ਪਿੰਡ/ ਸ਼ਹਿਰ ਦੀ ਗਲੀ ਜਾਂ ਸੱਥ ਵਿਚ ਬਜ਼ੁਰਗਾਂ ਦੇ ਵਿਚਾਰਾਂ ਨੂੰ ਸੁਣ ਕੇ ਦੇਖੋ ਤੁਹਾਨੂੰ ਉਹ ਗਿਆਨ ਪ੍ਰਾਪਤ ਹੋਵੇਗੇ ਜਿਹੜਾ (ਇੰਟਰਨੈੱਟ) ਗੂਗਲ ਤੋਂ ਕਦੇ ਪ੍ਰਾਪਤ ਨਹੀਂ ਹੋ ਸਕਦਾ। ਅਸਲ ਵਿਚ ਬਜ਼ੁਰਗਾਂ ਤੋਂ ਉਹਨਾਂ ਦੇ ਅਨੂਭਵ ਸੁਣਨੇ ਹਰ ਬੰਦੇ ਦੇ ਹਿੱਸੇ ਨਹੀਂ ਆਉਂਦੇ। ਇਸ ਨਾਲ ਤੁਹਾਨੂੰ ਆਪਣੇ ਜੀਵਨ ਦੀ ਅਹਿਮੀਅਤ ਦਾ ਗਿਆਨ ਹੋਵੇਗਾ।
ਆਖਿ਼ਰ ਵਿਚ; ਕੁਝ ਘੰਟੇ ਜਾਂ ਹੋ ਸਕੇ ਤਾਂ ਕੁਝ ਦਿਨਾਂ ਲਈ ਮੋਬਾਇਲ ਫੋਨ ਤੋਂ ਦੂਰ ਹੋ ਕੇ ਦੇਖੋ। ਜੇਕਰ ਇੰਨਾ ਵੀ ਸੰਭਵ ਨਹੀਂ ਤਾਂ ਕੁਝ ਘੰਟਿਆਂ ਲਈ ਇੰਟਰਨੈੱਟ ਬੰਦ ਕਰਕੇ ਦੇਖੋ ਤੁਹਾਨੂੰ ਸੁਖ ਅਤੇ ਚੈਨ ਦਾ ਅਨੂਭਵ ਹੋਵੇਗਾ। ਸਿਆਣੇ ਦਾ ਕਹਿਣਾ ਹੈ ਕਿ ਉਹ ਰੁੱਖ ਉੱਚਾ ਅਤੇ ਹਰਿਆ-ਭਰਿਆ ਹੁੰਦਾ ਹੈ ਜਿਹੜਾ ਆਪਣੀਆਂ ਜੜਾਂ ਨਾਲ ਜੁੜਿਆ ਹੁੰਦਾ ਹੈ। ਜੜਾਂ ਨਾਲੋਂ ਟੁੱਟਿਆਂ ਰੁੱਖ ਮਾੜੀ ਜਿਹੀ ਹਵਾ ਦੇ ਬੁੱਲੇ ਨਾਲ ਜ਼ਮੀਨ ਤੇ ਡਿੱਗ ਪੈਂਦਾ ਹੈ। ਇਸ ਲਈ ਸਾਨੂੰ ਆਪਣੀਆਂ ਜੜਾਂ ਨਾਲ / ਪਿੰਡਾਂ ਨਾਲ/ ਪਰਿਵਾਰਾਂ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡਾ ਮਨੁੱਖੀ ਜੀਵਨ ਸੁਖਦਾਇਕ ਅਤੇ ਸਕੂਨ ਭਰਿਆ ਹੋ ਸਕੇ। ਪਰੰਤੂ ਇਹ ਹੁੰਦਾ ਕਦੋਂ ਹੈ? ਇਹ ਅਜੇ ਭਵਿੱਖ ਦੀ ਕੁੱਖ ਵਿਚ ਹੈ।
ਡਾ. ਨਿਸ਼ਾਨ ਸਿੰਘ ਰਾਠੌਰ
ਸੰਪਰਕ – 90414-98009