ਮਹਾਰਾਜਾ ਚਾਰਲਸ ਕੈਂਸਰ ਤੋਂ ਪੀੜਤ

ਲੰਡਨ: ਬਰਤਾਨੀਆ ਦੇ ਮਹਾਰਾਜਾ ਚਾਰਲਸ ਤੀਜੇ ਨੂੰ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ। ਬਕਿੰਘਮ ਪੈਲੇਸ ਨੇ ਅੱਜ ਦੱਸਿਆ ਕਿ ਉਨ੍ਹਾਂ ਦਾ ਨਿਯਮਤ ਇਲਾਜ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਚਾਰਲਸ ਦਾ ਪ੍ਰੋਸਟੇਟ ਵਧਣ ਲਈ ਇਲਾਜ ਕੀਤਾ ਗਿਆ ਸੀ। ਇਸੇ ਦੌਰਾਨ ਡਾਕਟਰਾਂ ਨੂੰ ਕੈਂਸਰ ਬਾਰੇ ਪਤਾ ਲੱਗਿਆ।

ਕੈਂਸਰ ਦੀ ਪੁਸ਼ਟੀ ਹੋਣ ਮਗਰੋਂ ਫਿਲਹਾਲ ਡਾਕਟਰੀ ਸਲਾਹ ਉਤੇ ਚਾਰਲਸ ਆਪਣੀਆਂ ਜਨਤਕ ਜ਼ਿੰਮੇਵਾਰੀਆਂ ਤੋਂ ਪਾਸੇ ਹੋ ਰਹੇ ਹਨ। ਉਨ੍ਹਾਂ ਨੂੰ ਹੋਏ ਕੈਂਸਰ ਦੀ ਕਿਸਮ ਬਾਰੇ ਹਾਲੇ ਨਹੀਂ ਦੱਸਿਆ ਗਿਆ ਹੈ। ਬਕਿੰਘਮ ਪੈਲੇਸ ਮੁਤਾਬਕ ਉਹ ਮੁਲਕ ਦੇ ਮੁਖੀ ਵਜੋਂ ਜ਼ਰੂਰੀ ਕਾਗਜ਼ੀ ਕਾਰਵਾਈਆਂ ਤੇ ਪ੍ਰਾਈਵੇਟ ਮੀਟਿੰਗਾਂ ਕਰਦੇ ਰਹਿਣਗੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਮਹਾਰਾਜਾ ਚਾਰਲਸ ਦੇ ਜਲਦੀ ਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਾਰਾਜਾ ਚਾਰਲਸ ਦੇ ਜਲਦੀ ਤੰਦਰੁਸਤ ਹੋਣ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ। ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਤੇ ਕਾਮਨਜ਼ ਦੇ ਸਪੀਕਰ ਨੇ ਵੀ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਮਹਾਰਾਜੇ ਨਾਲ ਗੱਲ ਕਰਨਗੇ। ਵੇਰਵਿਆਂ ਮੁਤਾਬਕ ਚਾਰਲਸ ਨੇ ਆਪਣੇ ਪੁੱਤਰਾਂ ਵਿਲੀਅਮ ਤੇ ਹੈਰੀ ਨੂੰ ਬਿਮਾਰੀ ਬਾਰੇ ਜਾਣੂ ਕਰਵਾ ਦਿੱਤਾ ਹੈ।