ਬਠਿੰਡਾ, 13 ਅਪਰੈਲ, ਬੀ ਐੱਸ ਭੁੱਲਰ
ਸ੍ਰੋਮਣੀ ਅਕਾਲੀ ਦਲ ਦੇ ਸਿਰਕੱਢ ਆਗੂ ਤੇ ਸਾਬਕਾ ਮੰਤਰੀ ਸ੍ਰ: ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਅਤੇ ਨੂੰਹ ਪਰਮਪਾਲ ਕੌਰ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਪਰਮਪਾਲ ਕੌਰ ਨੇ ਭਾਵੇਂ ਆਈ ਏ ਐੱਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿੱਚ ਸਮੂਲੀਅਤ ਕੀਤੀ ਹੈ, ਪਰ ਉਸਦਾ ਕੱਦ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਜਾਂ ਰਵਨੀਤ ਸਿੰਘ ਬਿੱਟੂ ਤੋਂ ਬਹੁਤ ਛੋਟਾ ਹੈ। ਫੇਰ ਵੀ ਉਸ ਦੇ ਸ਼ਾਮਲ ਹੋਣ ਤੇ ਚਰਚਾ ਵਧੇਰੇ ਹੋ ਰਹੀ ਹੈ। ਜਿਸਦਾ ਕਾਰਨ ਇਹ ਹੈ ਕਿ ਮਲੂਕਾ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਤੇ ਪਰਮਪਾਲ ਕੌਰ ਨੂੰ ਭਾਜਪਾ ਦੀ ਉਮੀਦਵਾਰ ਬਣਾਉਣ ਦਾ ਲੱਗਭੱਗ ਫੈਸਲਾ ਹੋ ਚੁੱਕਾ ਹੈ।
ਬੀਬੀ ਬਾਦਲ ਬਠਿੰਡਾ ਪਾਰਲੀਮਾਨੀ ਹਲਕੇ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਇਸ ਹਲਕੇ ਨੂੰ ਬਾਦਲ ਪਰਿਵਾਰ ਆਪਣਾ ਨਿੱਜੀ ਹਲਕਾ ਮੰਨਦਾ ਹੈ। ਬੀਬੀ ਬਾਦਲ ਇਸ ਹਲਕੇ ਵਿੱਚ ਆਪਣੇ ਵੱਲੋਂ ਕੀਤੇ ਵਿਕਾਸ ਦੇ ਕੰਮਾਂ ਦੇ ਆਧਾਰ ਤੇ ਚੋਣ ਮੈਦਾਨ ਵਿੱਚ ਆ ਰਹੀ ਹੈ। ਭਾਜਪਾ ਵੱਲੋਂ ਇਸ ਹਲਕੇ ਲਈ ਸ੍ਰ: ਜਗਦੀਪ ਸਿੰਘ ਨਕੱਈ, ਸ੍ਰੀ ਸਰੂਪ ਚੰਦ ਸਿੰਗਲਾ, ਸ੍ਰੀ ਦਿਆਲ ਸਿੰਘ ਸੋਢੀ ਸੰਭਾਵੀ ਉਮੀਦਵਾਰ ਸਨ, ਪਰ ਪਰਮਪਾਲ ਕੌਰ ਨੂੰ ਅਸਤੀਫ਼ਾ ਦਿਵਾ ਕੇ ਭਾਜਪਾ ਵਿੱਚ ਸ਼ਾਮਲ ਕਰਾਉਣ ਨਾਲ ਉਸਦਾ ਨਾਂ ਸਭ ਤੋਂ ਉੱਪਰ ਆ ਗਿਆ ਹੈ। ਬੀਬੀ ਬਾਦਲ ਜੇਕਰ ਹਲਕਾ ਬਦਲਦੇ ਹਨ ਤਾਂ ਪ੍ਰਚਾਰ ਇਹ ਹੋਵੇਗਾ ਕਿ ਬਾਦਲ ਪਰਿਵਾਰ ਹਾਰ ਤੋਂ ਡਰ ਕੇ ਮੈਦਾਨ ਛੱਡ ਗਿਆ ਹੈ, ਜਿਸਦਾ ਹੋਰ ਹਲਕਿਆਂ ਤੇ ਵੀ ਬੁਰਾ ਪ੍ਰਭਾਵ ਪਵੇਗਾ। ਬੀਬੀ ਬਾਦਲ ਦੀ ਇਸ ਹਲਕੇ ਨੂੰ ਦੇਣ ਵੀ ਬਹੁਤ ਹੈ। ਏਮਜ਼ ਹਸਪਤਾਲ, ਕੇਂਦਰੀ ਯੂਨੀਵਰਸਿਟੀ ਆਦਿ ਤੋਂ ਇਲਾਵਾ ਸ਼ਹਿਰਾਂ ਪਿੰਡਾਂ ਦੇ ਵਿਕਾਸ ਲਈ ਉਹਨਾਂ ਗਰਾਂਟਾਂ ਵੀ ਖੁਲ ਕੇ ਦਿੱਤੀਆਂ ਹਨ, ਉਹ ਇਸ ਹਲਕੇ ਨੂੰ ਸੁਰੱਖਿਅਤ ਸਮਝਦੇ ਹਨ।
ਇਹ ਵੀ ਸੱਚਾਈ ਹੈ ਕਿ ਕਿਸਾਨ ਸੰਘਰਸ਼ ਸਦਕਾ ਹੋਏ ਵਿਰੋਧ ਕਾਰਨ ਪੰਜਾਬ ਵਿੱਚ ਭਾਜਪਾ ਅਜੇ ਪੱਕੇ ਪੈਰੀਂ ਨਹੀਂ ਹੋ ਸਕੀ। ਪਿੰਡਾਂ ਵਿੱਚ ਉਸਦੇ ਉਮੀਦਵਾਰ ਦੇ ਵਿਰੋਧ ਵਾਲੇ ਪੋਸਟਰ ਲਾਏ ਜਾ ਰਹੇ ਹਨ। ਅਜਿਹੇ ਸਮੇਂ ਭਾਜਪਾ ਵੱਲੋਂ ਅਕਾਲੀ ਦਲ ਨਾਲ ਗੱਠਜੋੜ ਨਾ ਹੋਣ ਦਾ ਗੁੱਸਾ ਇਸ ਹਲਕੇ ਵਿੱਚ ਕੱਢਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦਹਾਕਿਆਂ ਤੋਂ ਅਕਾਲੀ ਦਲ ਵਿੱਚ ਰਹਿ ਕੇ ਵੱਡੇ ਅਹੁਦਿਆਂ ਦਾ ਅਨੰਦ ਮਾਣਨ ਵਾਲੇ ਮਲੂਕਾ ਪਰਿਵਾਰ ਦੀ ਨੂੰਹ ਨੂੰ ਬੀਬੀ ਬਾਦਲ ਦੇ ਖਿਲਾਫ਼ ਮੈਦਾਨ ਵਿੱਚ ਉਤਾਰਨਾ ਇਸ ਦੀ ਇੱਕ ਕੜੀ ਸਮਝੀ ਜਾਂਦੀ ਹੈ। ਮਲੂਕਾ ਪਰਿਵਾਰ ਦਾ ਭਾਵੇ ਸਮੁੱਚੇ ਪਾਰਲੀਮਾਨੀ ਹਲਕੇ ਵਿੱਚ ਕਾਫ਼ੀ ਅਸਰ ਰਿਹਾ ਹੈ, ਪਰੰਤੂ ਵਿਧਾਨ ਸਭਾ ਹਲਕਾ ਮੌੜ ਵਿੱਚ ਕੁੱਝ ਜਿਆਦਾ ਪ੍ਰਭਾਵ ਹੈ।
ਭਾਜਪਾ ਦੇ ਨਿਸ਼ਾਨ ਜਾਂ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਤੇ ਪੈਣ ਵਾਲੀ ਵੋਟ ਤਾਂ ਭਾਰਤੀ ਜਨਤਾ ਪਾਰਟੀ ਨੂੰ ਮਿਲਣੀ ਹੀ ਹੈ ਉਹ ਕੋਈ ਵੀ ੳੋੁਮੀਦਵਾਰ ਹੋਵੇ, ਪਰ ਪਰਮਪਾਲ ਕੌਰ ਅਕਾਲੀ ਦਲ ਦੀ ਵੋਟ ਨੂੰ ਖੋਰਾ ਲਾਉਣ ਵਿੱਚ ਕਾਮਯਾਬ ਹੋਵੇਗੀ। ਇਹੋ ਭਾਜਪਾ ਚਾਹੁੰਦੀ ਹੈ। ਉਹ ਜਿਲਾ ਬਠਿੰਡਾ ਵਿੱਚ ਵੱਖ ਵੱਖ ਆਹੁਦਿਆਂ ਤੇ ਰਹੀ ਹੈ ਅਤੇ ਅਫ਼ਸਰੀ ਕਰਦਿਆਂ ਉਹਨਾਂ ਦਾ ਸੁਭਾਅ ਲੋਕਾਂ ਨਾਲ ਬਹੁਤੇ ਮਿਲਵਰਤਨ ਵਾਲਾ ਨਹੀਂ ਰਿਹਾ, ਪਰ ਅਕਾਲੀ ਦਲ ਨਾਲ ਸਬੰਧਤ ਲੋਕਾਂ ਵਿੱਚ ਉਸਦੇ ਪਰਿਵਾਰ ਦੇ ਸਬੰਧਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸ੍ਰ: ਮਲੂਕਾ ਭਾਵੇਂ ਖ਼ੁਦ ਭਾਜਪਾ ਵਿੱਚ ਸ਼ਾਮਲ ਨਹੀਂ ਹੋ ਰਹੇ, ਪਰ ਉਹਨਾਂ ਦੇ ਪਰਿਵਾਰ ਨਾਲ ਨੇੜਤਾ ਰੱਖਣ ਵਾਲੇ ਲੋਕਾਂ ਨੇ ਲੋਕਸਭਾ ਚੋਣਾਂ ਵਿੱਚ ਕੀ ਕਰਨਾ ਹੈ, ਇਹ ਉਹ ਖ਼ੁਦ ਸਮਝਦੇ ਹਨ।
ਅਜਿਹੇ ਹਾਲਾਤਾਂ ਵਿੱਚ ਭਾਜਪਾ ਨੂੰ ਇਸ ਹਲਕੇ ਤੋਂ ਜਿੱਤ ਹਾਸਲ ਹੋਵੇਗੀ ਜਾਂ ਨਹੀਂ, ਇਸ ਸੁਆਲ ਦਾ ਜੁਆਬ ਤਾਂ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੈ। ਪਰ ਉਹ ਸ੍ਰੋਮਣੀ ਅਕਾਲੀ ਦਲ ਨਾਲ ਆਪਣਾ ਗੁੱਸਾ ਕੱਢਣ ਵਿੱਚ ਜਰੂਰ ਸਫ਼ਲ ਹੁੰਦੀ ਵਿਖਾਈ ਦਿੰਦੀ ਹੈ।