ਦੇਸ਼ ਦੀ ਅਜੋਕੀ ਸਥਿਤੀ ਵਿੱਚ ਪੰਜਾਬ ਦਾ ਰੋਲ” ਵਿਸ਼ੇ ‘ਤੇ ਕਰਵਾਇਆ ਗਿਆ ਸੈਮੀਨਾਰ
ਫਗਵਾੜਾ, 22 ਅਕਤੂਬਰ- ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਪੁਰਸਕਾਰ ਨਾਮਵਰ ਨਾਟਕਕਾਰ, ਸ਼ਾਇਰ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਡਾ. ਸਵਰਾਜਬੀਰ ਸਿੰਘ ਨੂੰ ਇਥੇ ਇੱਕ ਸਮਾਗਮ ਦੌਰਾਨ ਦਿੱਤਾ ਗਿਆ। ਡਾ. ਸਵਰਾਜਬੀਰ ਨੇ ਇੱਕ ਦਰਜਨ ਤੋਂ ਵੱਧ ਨਾਟਕ ਤਿੰਨ ਕਾਵਿ-ਸੰਗ੍ਰਹਿ ਤੇ ਲੇਖ ਪੁਸਤਕ ਪੰਜਾਬੀ ਦੀ ਝੋਲੀ ਪਾਏ ਤੇ ਜਿਹਨਾ ਦੇ ਨਾਟਕ ‘ਮੱਸਿਆ ਦੀ ਰਾਤ’ ਨੂੰ ਸਾਹਿਤ ਅਕਾਡਮੀ ਐਵਾਰਡ ਮਿਲ ਚੁੱਕਾ ਹੈ। ਇਹ ਪਲੇਠੀ ਪੁਰਸਕਾਰ ਡਾ. ਸਵਰਾਜਬੀਰ ਸਿੰਘ ਦੀਆਂ ਪੰਜਾਬ, ਪੰਜਾਬੀ, ਪੰਜਾਬੀਅਤ ਪ੍ਰਤੀ ਉੱਘੀਆਂ ਸੇਵਾਵਾਂ ਨੂੰ ਸਨਮੁੱਖ ਰੱਖਦਿਆਂ ਦਿੱਤਾ ਗਿਆ। ਇਸ ਵਿੱਚ 51000 ਰੁਪਏ ਨਕਦ, ਇੱਕ ਲੋਈ, ਇੱਕ ਮੰਮੰਟੋ ਅਤੇ ਸਨਮਾਨ ਪੱਤਰ ਸ਼ਾਮਲ ਸਨ।
ਇਹ ਪੁਰਸਕਾਰ ਪ੍ਰੋ. ਪਿਆਰਾ ਸਿੰਘ ਭੋਗਲ ਯਾਦਗਾਰੀ ਕਮੇਟੀ, ਜਿਸ ਦੀ ਅਗਵਾਈ ਪ੍ਰੋ. ਜਸਵੰਤ ਸਿੰਘ ਗੰਡਮ ਕਰਦੇ ਹਨ, ਵਲੋਂ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਪ੍ਰੋ. ਪਿਆਰਾ ਸਿੰਘ ਭੋਗਲ, ਜੋ 92 ਸਾਲ ਦੀ ਉਮਰ ਭੋਗਕੇ ਸਾਨੂੰ ਵਿਛੋੜਾ ਦੇ ਗਏ ਸਨ, ਸਾਰੀ ਉਮਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਣਾਏ ਰਹੇ। ਉਹਨਾ ਨੇ ਲਗਭਗ 60 ਦੇ ਕਰੀਬ ਪੁਸਤਕਾਂ ਲਿਖੀਆਂ।
ਇਸ ਮੌਕੇ ਪ੍ਰੋ. ਜਸਵੰਤ ਸਿੰਘ ਗੰਡਮ ਨੇ ਸਭ ਨੂੰ ਜੀਅ ਆਇਆਂ ਕਿਹਾ ਅਤੇ ਡਾ. ਲਖਵਿੰਦਰ ਸਿੰਘ ਜੌਹਲ ਨੇ ਮਾਣ ਪੱਤਰ ਪੜ੍ਹਿਆ।
ਉਹਨਾ ਡਾ. ਸਵਰਾਜਬੀਰ ਸਿੰਘ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਉਹਨਾ ਨੇ ਪੰਜਾਬ ਦੀ ਸਲਾਮਤੀ, ਸੰਘੀ ਢਾਂਚੇ, ਮਾਂ ਬੋਲੀ ਤੇ ਖਿੱਤੇ ਦੀ ਅਜ਼ਮਤ ਨੂੰ ਕਾਇਮ ਰੱਖਿਆ ਅਤੇ ਗੁਰਬਾਣੀ ਦੀ ਪ੍ਰੰਪਰਾ ਬੁਲੰਦ ਕੀਤੀ। ਉਹਨਾ ਕਿਹਾ ਕਿ ਇਸ ਵੇਲੇ ਖੇਤਰੀ ਕੌਮੀਅਤਾਂ, ਭਾਸ਼ਾਵਾਂ ਤੇ ਸੰਘਵਾਦ ਨੂੰ ਪਿਛਾਂਹ ਧਕੇਲਿਆ ਜਾ ਰਿਹਾ ਹੈ, ਜੋ ਕਿ ਇੱਕ ਚਿੰਤਾ ਜਨਤਕ ਵਰਤਾਰਾ ਹੈ।
ਇਸ ਮੌਕੇ “ਦੇਸ਼ ਦੀ ਅਜੋਕੀ ਸਥਿਤੀ ਵਿੱਚ ਪੰਜਾਬ ਦਾ ਰੋਲ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਆਪਣੇ ਕੁੰਜੀਵਤ ਭਾਸ਼ਨ ਵਿੱਚ ਡਾ. ਸਵਰਾਜਬੀਰ ਸਿੰਘ ਨੇ ਵਿਸਥਾਰ ਸਹਿਤ ਚਾਨਣਾ ਪਾਇਆ । ਉਹਨਾ ਪ੍ਰੋ. ਪਿਆਰਾ ਸਿੰਘ ਭੋਗਲ ਦੀ ਪ੍ਰਸੰਸਾ ਕਰਦਿਆਂ ਉਹਨਾ ਨੂੰ ਪੰਜਾਬੀ ਤੇ ਹਿੰਦੀ ਸਾਹਿਤ ਵਿੱਚ ਇੱਕ ਪੁਲ ਕਰਾਰ ਦਿੱਤਾ।
ਉਪਰੋਕਤ ਵਿਸ਼ੇ ‘ਤੇ ਬੋਲਦਿਆਂ ਉਹਨਾ ਕਿਹਾ ਕਿ ਅਸੀਂ ਆਪਣੇ ਆਪ ਨੂੰ ਨਿਰਾਸ਼ਾ ਦੀ ਖੱਡ ‘ਚ ਨਹੀਂ ਡਿੱਗਣ ਦੇ ਸਕਦੇ। ਉਹਨਾ ਅੱਗੋਂ ਕਿਹਾ ਕਿ ਪੰਜਾਬ ਦੀ ਵਿਲੱਖਣ ਭੁਗੋਲਿਕ ਸਥਿਤੀ ਅਤੇ ਕੁਝ ਹੋਰ ਵਰਤਾਰਿਆਂ ਕਾਰਨ ਪੰਜਾਬੀਆਂ ਵਿੱਚ ਨਾਬਰੀ ਦੀ ਭਾਵਨਾ ਪ੍ਰਬਲ ਰਹੀ ਹੈ। ਉਹਨਾ ਨੇ ਵੱਖਰੀਆਂ -ਵੱਖਰੀਆਂ ਸਮਾਜਿਕ, ਧਾਰਮਿਕ ਅਤੇ ਸਿਆਸੀ ਲਹਿਰਾਂ ਦੇ ਹਵਾਲੇ ਦਿੱਤੇ। ਉਹਨਾ ਨੇ ਗੁਰੂ ਨਾਨਕ ਦੇਵ ਜੀ ਦੀ ਬਾਬਰ ਬਾਣੀ ਨੂੰ ਵਿਸ਼ੇਸ਼ ਤੌਰ ‘ਤੇ ਕੋਟ ਕੀਤਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਦੀ ਚਰਚਾ ਕੀਤੀ। ਉਹਨਾ ਕਿਹਾ ਕਿ, “ਭਾਰਤ ਦੀ ਅਜੋਕੀ ਸਿਆਸੀ ਸਥਿਤੀ ਵਿੱਚ ਕੇਂਦਰ ਸਰਕਾਰ ਕੁਝ ਸੂਬਿਆਂ ‘ਤੇ ਹਾਵੀ ਹੋਕੇ ਆਪਣੀ ਸਿਆਸਤ ਵੱਲ ਸਾਰੇ ਦੇਸ਼ ਦੀ ਨੁਹਾਰ ਇੱਕ ਖ਼ਾਸ ਪਾਸੇ ਵੱਲ ਮੋੜਨਾ ਚਾਹੁੰਦੀ ਹੈ। ਪਰ ਅਜਿਹਾ ਕਦੀ ਵੀ ਨਹੀਂ ਹੋ ਸਕਦਾ, ਕਿਉਂਕਿ ਦੇਸ਼ ਇੱਕਸਾਰ ਤੇ ਇੱਕ ਰੰਗ ‘ਚ ਨਹੀਂ ਵੇਖਿਆ ਜਾ ਸਕਦਾ”।
2021 ਵਾਲੇ ਕਿਸਾਨ ਅੰਦੋਲਨ ਦੀ ਖੁਲ੍ਹਕੇ ਪ੍ਰਸੰਸਾ ਕਰਦਿਆਂ ਉਹਨਾ ਕਿਹਾ ਕਿ ਇਸ ਅੰਦੋਲਨ ਨੇ ਸਦੀ ਦੇ ਸਭ ਤੋਂ ਉਦਾਸ ਸਮਿਆਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ। ਉਹਨਾ ਦਾਅਵਾ ਕੀਤਾ ਕਿ ਆਉਣ ਵਾਲੇ ਸਮਿਆਂ ਵਿੱਚ ਵੀ ਕਿਸਾਨ ਅੰਦੋਲਨ ਅਹਿਮ ਭੂਮਿਕਾ ਨਿਭਾਉਣਗੇ ਅਤੇ ਕਿਸਾਨ, ਕਿਰਤੀ, ਦਲਿਤ, ਕਾਰੀਗਰ ਇਕੱਠੇ ਹੋਕੇ ਵੱਖਵਾਦੀ ਨਿਜ਼ਾਮ ਨਾਲ ਲੋਹਾ ਲੈ ਸਕਣ ਦੇ ਸਮਰੱਥ ਹੋਣਗੇ। ਉਹਨਾ ਨੇ ਇਹ ਕਿਹਾ ਕਿ ਨਾਬਰੀ ਦੀ ਇਸ ਭਾਵਨਾ ਕਾਰਨ ਪੰਜਾਬ ਨੂੰ ਕਈ ਸੱਟਾਂ ਲੱਗੀਆਂ। ਜਿਹਨਾ ‘ਚ 1947 ਦੀ ਵੰਡ ਤੇ 1980 ਵਿਆਂ ਦੀਆਂ ਦੁਖਾਂਤਕ ਘਟਨਾਵਾਂ ਸ਼ਾਮਲ ਹਨ। ਉਹਨਾ ਇਹ ਵੀ ਕਿਹਾ ਕਿ ਪੰਜਾਬ ਨੂੰ ਇਤਿਹਾਸ ਹੀਣਤਾ ਕਰਨ ਦੇ ਉਪਰਾਲੇ ਹੋ ਰਹੇ ਹਨ। ਉਹਨਾ ਕਿਹਾ ਕਿ ਇਸ ਵੇਲੇ ਖਿਲਾਅ ਹੈ ਅਤੇ ਜਿਸ “ਆਪ” ਨੂੰ ਤੀਜੀ ਧਿਰ ਵਜੋਂ ਪੰਜਾਬ ਨੇ ਬਦਲ ਵਜੋਂ ਅੱਗੇ ਲਿਆਂਦਾ, ਉਸਦਾ ਬਾਹਰੀ ਖੋਲ ਤਾਂ ਆਦਰਸ਼ਕ ਸੀ, ਪਰ ਅੰਦਰੋਂ ਉਹ ਖੋਖਲਾ ਸਾਬਤ ਹੋਇਆ।
ਇਸ ਮੌਕੇ ਤੇ ਸੀਨਅਰ ਪੱਤਰਕਾਰ ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਬੋਲਦਿਆਂ ਕਿਹਾ ਕਿ 1947 ‘ਚ ਦੇਸ਼ ਦੀ ਦੋ ਕੌਮਾਂ ਦੇ ਸਿਧਾਂਤ ਤਹਿਤ ਕੀਤੀ ਗਈ ਵੰਡ, ਇਤਿਹਾਸ ਦੀ ਸਭ ਤੋਂ ਵੱਡੀ ਗਲਤੀ ਸੀ। ਇਸ ਵਿੱਚ ਦੋਵਾਂ ਪਾਸਿਆਂ ਦੇ 10 ਲੱਖ ਲੋਕ ਮਰੇ ਤੇ ਇੱਕ ਕਰੋੜ ਪੰਜਾਬੀ ਉਜੜੇ। ਉਹਨਾ ਕਿਹਾ ਕਿ ਇਸ ਬਦਨਾਮ ਦੋ ਕੌਮੀ ਥਿਊਰੀ ਨੂੰ 2014 ਤੋਂ ਮੁੜ ਲਾਗੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਅਜਿਹੇ ਮਨਸੂਬਿਆਂ ਨੂੰ ਅਸਫ਼ਲ ਕਰਨ ਅਤੇ ਫਿਰਕੂ ਤਾਕਤਾਂ ਦਾ ਮੁਕਾਬਲਾ ਕਰਨ ਲਈ ਬੁੱਧੀਜੀਵੀਆਂ ਦਾ ਇੱਕ ‘ਥਿੰਕ ਟੈਂਕ’ ਬਣਾਇਆ ਜਾਵੇ ਤੇ ਕੌਮੀ ਪੱਧਰ ‘ਤੇ ਸਾਂਝੇ ਯਤਨ ਹੋਣ ਤਾਂ ਕਿ ਇਸ ਦੋ ਕੌਮੀ ਥਿਊਰੀ ਦਾ ਵਿਰੋਧ ਕਰ ਸਕੀਏ ਤੇ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ‘ਤੇ ਚੱਲ ਸਕੀਏ। ਉਹਨਾ ਨੇ ਇਸ ਗੱਲ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਖੇਤਰੀ ਪਾਰਟੀਆਂ ਵੀ ਖੇਤਰੀ ਸਰੋਕਾਰ ਛੱਡ ਗਈਆਂ, ਜਿਸ ਕਾਰਨ ਉਹਨਾ ਦੀ ਆਪਣੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਗਿਆ। ਉਹਨਾ ਨੇ ਪੰਜਾਬ ਜਾਗਰਤੀ ਮੰਚ ਦੇ ਝੰਡੇ ਥੱਲੇ ਪ੍ਰੋ. ਭੋਗਲ ਸਾਹਿਬ ਨਾਲ ਕੰਮ ਕਰਨ ਦੀਆਂ ਯਾਦਾਂ ਵਿਸਥਾਰ ਨਾਲ ਸਾਂਝੀਆਂ ਕੀਤੀਆਂ।
ਸੀਨੀਅਰ ਖੱਬੇ ਪੱਖੀ ਆਗੂ ਮੰਗਤ ਰਾਮ ਪਾਸਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਹਨਾ ਨੇ ਕਿਹਾ ਕਿ ਇਸ ਸਮੇਂ ਚਿੰਤਾ ਅਤੇ ਚਿੰਤਨ ਕਰਨ ਦੀ ਲੋੜ ਹੈ। ਸਟੇਜ ਦੀ ਕਾਰਵਾਈ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਨਿਭਾਈ। ਪ੍ਰੋ. ਪਿਆਰਾ ਸਿੰਘ ਭੋਗਲ ਦੇ ਪਰਿਵਾਰ ਵਲੋਂ ਡਾ. ਗੁਲਜ਼ਾਰ ਸਿੰਘ ਵਿਰਦੀ ਨੇ ਧੰਨਵਾਦ ਕੀਤਾ। ਹੋਰਨਾਂ ਤੋਂ ਬਿਨ੍ਹਾਂ ਇਸ ਸਮੇਂ ਪ੍ਰੋ. ਪਿਆਰਾ ਸਿੰਘ ਭੋਗਲ ਦੀ ਪੁੱਤਰੀ ਦੀਪ ਭੋਗਲ ਅਤੇ ਦੋਹਤਰੀ ਡਾ. ਹਰਲੀਨ ਕੌਰ ਵਾਲੀਆ ਅਤੇ ਉਹਨਾ ਦੇ ਪਤੀ ਕਰਨਜੀਤ ਸਿੰਘ ਵਾਲੀਆ, ਰਵਿੰਦਰ ਚੋਟ, ਐਡਵੋਕੇਟ ਐਸ.ਐਲ. ਵਿਰਦੀ, ਪਰਵਿੰਦਰਜੀਤ ਸਿੰਘ, ਕਲਮੇਸ਼ ਸੰਧੂ, ਬਲਦੇਵ ਰਾਜ ਕੋਮਲ, ਗਿਆਨ ਸਿੰਘ ਮੋਗਾ, ਹਰਜਿੰਦਰ ਨਿਆਣਾ, ਜਸਵਿੰਦਰ ਫਗਵਾੜਾ, ਕੈਪਟਨ ਦਵਿੰਦਰ ਸਿੰਘ ਜੱਸਲ, ਰਘਵੀਰ ਸਿੰਘ ਮਾਨ, ਸਾਹਿਬਾ ਜੀਟਨ ਕੌਰ, ਦੀਦਾਰ ਸ਼ੇਤਰਾ, ਦੀਪ ਕਲੇਰ, ਭੁਪਿੰਦਰ ਕੌਰ, ਸੁਰਜੀਤ ਜੱਜ, ਸੀਤਲ ਰਾਮ ਬੰਗਾ, ਡਾ. ਇੰਦਰਜੀਤ ਸਿੰਘ ਬਾਸੂ, ਲਸ਼ਕਰ ਢੰਡਵਾੜਵੀ, ਅਮਰ ਸਿੰਘ ਅਮਰ, ਮਹਿੰਦਰ ਸਿੰਘ ਸੂਦ, ਗੁਰਮੁੱਖ ਸਿੰਘ, ਕੁਲਵੰਤ ਸਿੰਘ ਭਿੰਡਰ ਅਤੇ ਸੋਹਣ ਸਿੰਘ ਭਿੰਡਰ, ਵਿਸ਼ਾਲ, ਜੈਪਾਲ ਸਿੰਘ, ਡਾ. ਇੰਦਰਪਾਲ ਸਿੰਘ, ਬਲਬੀਰ ਕੌਰ ਬੱਬੂ ਸੈਣੀ, ਸਿਮਰਤ ਕੌਰ, ਸੋਨੀਕਾ ਰਾਣੀ, ਲਖਬੀਰ ਚੰਦ, ਡਾ. ਰਮਨ, ਸੁਸ਼ੀਲ ਸ਼ਰਮਾ, ਅਸ਼ੋਕ ਸ਼ਰਮਾ, ਜੀਵਨ ਸੰਘਾ, ਸੁਖਵਿੰਦਰ ਸਿੰਘ, ਡਾ. ਜਸਵੰਤ ਸਿੰਘ ਗਿੱਲ, ਸੁਖਬੀਰ ਸਿੰਘ ਛੀਰਾ, ਪ੍ਰੀਤੀ, ਅਜੈ ਕੌਸ਼ਲ ਅਤੇ ਡਾ. ਬਲਦੇਵ ਰਾਜ ਆਦਿ ਹਾਜ਼ਰ ਸਨ।