ਸਾਰੇ ਮੱਖਣ-ਮਖਾਣਿਆਂ ਨੂੰ, ਸਤਿਕਾਰ ਸਹਿਤ, ਸਤ ਸ਼੍ਰੀ ਅਕਾਲ, ਬੁਲਾਉਂਦੇ ਹਾਂ ਜੀ। ਇੱਥੇ ਅਸੀਂ ਹਰੀ, ਹਰੀ-ਭਾਅ ਮਾਰਦੇ ਹਾਂ। ਬਾਬਾ ਨਾਨਕ ਤੁਹਾਨੂੰ ਵੀ ਰੰਗ-ਭਾਗ ਲਾਏ। ਅੱਗੇ ਸਮਾਚਾਰ ਇਹ ਹੈ ਕਿ ਸਬੱਬੀਂ ਕੱਲ੍ਹ, ‘ਧੀਰਾ-ਮੁਦਗਰਮਿਲ ਗਿਆ। ਪੈਂਦੀ ਸੱਟੇ ਕਹਿੰਦਾ, “ਓ ਯਾਰ, ਦੁਨੀਆਂ-ਜਹਾਨ ਦਾ ਲਿਖੀ ਜਾਨੈਂ, ਛੋਟਿਆ-ਵੀਰਾ, ਕਦੇ ਵੱਡੇ ਭਰਾ ਬਾਰੇ ਵੀ ਚਾਰ-ਲਾਈਨਾਂ ਲਿਖ ਛੱਡ!" “ਆ ਜਾ ਹੁਣੇਂ ਈ, ਇਹ ਕਿਹੜਾ ਕੁੰਭ ਦਾ ਮੇਲਾ।" ਜੱਫ਼ੀ ਪਾ ਮਿਲਦਿਆਂ ਅਸੀਂ, ਟਹਿਣੇ ਕੇ ਘਰ ਕੰਨੀਂ ਅਹੁਲੇ। ਸਾਹਮਣੇ ਖਾਲੀ ਪਏ ਮੰਜੇ ਉੱਤੇ ਬੈਠਦਿਆਂ, ਮੈਂ ਜੇਬ
ਚੋਂ ਨੋਟ-ਬੁੱਕ ਕੱਢ, ਪੈਨ ਖੋਹਲ, ਪਹਿਲਾ ਸਵਾਲ ਠੇਲ੍ਹਤਾ, “ਇਹ ਦੱਸ ਬਈ ਤੇਰੇ ਨਾਂ ਨਾਲ ਕਿਹੜੇ-ਕਿਹੜੇ ਵਿਸ਼ੇਸ਼ਣ ਲੋਕਾਂ ਲਾਏ ਐ ਅਤੇ ਕਿਉਂ?” “ਲੈ ਲਿਖ ਫੇਰ, ਮੈਂ ਜੱਦੀ ਨੰਬਰਦਾਰ ਹਕੀਕ ਸਿੰਘ ਦਾ ਮੁੰਡਾ ਹਾਂ। ਖਾਨਦਾਨੀ ਰਹਿਣ-ਸਹਿਣ ਅਤੇ ਖਾਣ-ਪੀਣ ਕਰਕੇ, ਭਲਵਾਨੀ ਕੀਤੀ, ਓਹ ਦੇ ਸਿਰ ਤੇ ਪੁਲਸ
ਚ ਲੱਗਿਆ। ਮਰਜੀ ਨਾਲ ਵਿੱਚੇ ਛੱਡ ਕੇ, ਪ੍ਰਾਈਵੇਟ ਕੰਮ ਕੀਤੇ, ਹੁਣ ਖੇਤੀ ਕਰਦਾਂ। ਮੇਰੇ ਕਾਰਨਾਮਿਆਂ ਕਰਕੇ ਲੋਕਾਂ ਮੇਰੇ ਕਈ ਨਾਂ ਰੱਖੇ। ਮੈਨੂੰ ਕੋਈ ਗੁੱਸਾ ਨੀਂ। ਆ ਤਾਏ ਬਾਘੜ ਨੂੰ ਪੁੱਛ ਲੈ।” ਬਾਂਹ ਨੂੰ ਥੱਲੇ ਲਿਆਂਉਂਦਿਆਂ, ਰਣਧੀਰ ਸਿੰਘ ਨੇ ਆ ਪੁੱਜੇ ਤਾਏ ਕੰਨੀਂ, ਉਂਗਲੀ ਕੀਤੀ। “ਏਹਦਾ ਨਾਂ ‘ਧੀਰਾ-ਮੁਦਗਰ, ਤਕੜੇ ਜੁੱਸੇ ਕਰਕੇ ਰੱਖਿਆ,
ਕੇਰਾਂ ਸੂਰ ਪਾਲਣ ਕਰਕੇ ਇਹਨੂੰ ‘ਧੀਰਾ ਸੂਰਾਂ ਵਾਲਾ, ਕੜਾਹਾ ਚੱਕਣ ਕਰਕੇ ‘ਧੀਰਾ ਕੜਾਹਾ
, ਖੇਤ ਚ ‘ਬਰੂ-ਘਾਹ
ਜ਼ਿਆਦਾ ਹੋਣ ਕਰਕੇ ‘ਧੀਰਾ-ਬਰੂ, ਬਹਾਦਰੀ ਕਰਕੇ ‘ਧੀਰਾ-ਸੂਰਮਾਂ
ਅਤੇ ਸੇਵਾ ਕਰਨ ਕਰਕੇ ‘ਧੀਰਾ-ਪ੍ਰਧਾਨਰੱਖਿਆ ਆ। ਹੋਰ ਦੱਸਾਂ? ਗੁੱਸਾ ਨੀਂ ਕਰਦਾ ਜਵਾਂ ਵੀ, ਕਿਸਾਨ-ਅੰਦੋਲਨ, ਸਾਂਝੇ ਕੰਮਾਂ
ਚ ਮੂਹਰੇ ਲੱਗਦੈ ਅਤੇ ਗਲਤ ਬੰਦੇ ਨੂੰ ਮੂਹਰੇ ਲਾ ਲੈਂਦਾ। ਰੱਬ ਇਹਨੂੰ ਏਂਵੇਂ ਚੜ੍ਹਦੀ ਕਲਾ ਚ ਰੱਖੇ, ਨਜ਼ਰ ਨਾ ਲੱਗਜੇ।" ਤਾਏ ਨੇ ਧੀਰੇ ਦੇ ਸਿਰ ਉੱਤੇ ਪਿਆਰ ਨਾਲ ਹੱਥ ਫੇਰਦਿਆਂ, ਥੂਹ-ਥੂਹ ਕਰਕੇ ਨਜ਼ਰ-ਉਤਾਰੀ ਅਤੇ ਬਾਹਰ ਨੂੰ ਰਮਤਾ ਹੋ ਗਿਆ। ਮੈਂ ਤੇ ਧੀਰਾ ਤਾਏ ਕੇ ਘਰੋਂ ਆਈ, ਦੁੱਧ ਦੀ ਮਿੱਠੀ ਲੱਸੀ ਦੇ ਗਿਲਾਸ ਡਕਾਰਨ ਲੱਗੇ। ਹੋਰ, ਪਿੰਡ
ਚ ਹੀ ਜੇਨੂ ਕਬਾੜੀਆ, ਚੰਗਾ ਤੋਰਾ-ਤੋਰੀ ਜਾਂਦੈ। ਥਾਂ-ਥਾਂ ਟੀਨ ਦੀਆਂ ਕੰਧਾਂ-ਆਲੇ, ਕਾਰਖਾਨੇ ਉੱਗ ਰਹੇ ਹਨ। ਛੱਤਾਂ ਤੇ ਚਮਕਦੇ ਬੱਠਲ ਘੁੰਮ ਰਹੇ ਹਨ। ਪਸ਼ੂ ਲਾਵਾਰਸ ਹੋ ਰਹੇ ਹਨ, ਸਕੂਟਰ-ਰੇੜ੍ਹੀਆਂ ਘਰ-ਘਰ ਹਨ। ਸਾਵਣ ਸਿੰਹੁ, ਸਾਉਣ ਮਹੀਨੇ
ਚ ਵੀ ਹਰਾ ਨਹੀਂ ਹੋਇਆ। ਸੋਗ, ਰੋਗ, ਭੋਗ ਅਤੇ ਵਿਯੋਗ ਵੱਧ ਰਹੇ ਹਨ। ਕਹਿੰਦੇ ਹੁਣ ਕਾਲੇ-ਪਾਣੀਆਂ ਵਿਰੁੱਧ ਮੋਰਚਾ ਲੱਗੇਗਾ। ਕਾਲੀਆਂ ਘਟਾਵਾਂ ਸਾਹਮਣੇ ਚਿੱਟੇ ਬਗਲੇ ਬਲੀਂਈਂ ਸੋਹਣੇ ਉੱਡਦੇ ਹਨ। ਟੀਂਡੇ ਕਾ ਝੋਨਾ, ਸਰਕਾਰ ਵਾਂਗੂੰ ਮੱਛਰ ਰਿਹੈ। ਚੰਗਾ, ਸਾਡੇ ਵਾਂਗੂੰ, ਕਾਇਮ ਰਹਿਣਾ। ਮਿਲਾਂਗੇ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061