ਹਾਂ ਬਈ, ਭਾਈ ਤੇ ਭੈਣੋਂ ਮੇਰਿਓ, ਗੁਰਫਤਹਿ ਸਾਰਿਆਂ ਨੂੰ। ਅਸੀਂ ਇੱਥੇ ਛਣਕੀ ਹੋਈ ਖੰਘ ਵਰਗੇ ਹਾਂ। ਆਪ ਜੀ ਦੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਭਲੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਅਕਾਲੀਆਂ ਦੇ ਬਿੱਕਰ ਨੇ ਸਵੇਰੇ-ਸਵੇਰੇ, ਕੋਠੀ ਆਲਿਆਂ ਦੇ ਘਰ ਆ, ਗੱਲ ਕੱਢ ਮਾਰੀ, “ਪੁੱਛਦੈਂ, ਬਾਈ ਨਿਸ਼ਾਨ ਸਿੰਹਾਂ, ਬਈ ਤੇਰੇ ਕੋਲ, ਚਾਲੀ ਕਿੱਲਿਆਂ ਦਾ ਵਾਹਣ ਐ, ਕੋਠੀ-ਕਾਰ ਵੀ ਐ, ਇੱਕੋ ਟਿੰਡ ਐ ਤੇਰੀ, ਜੇ ਤੂੰ ਮੇਰੀ ਜਾਣੋਂ ਵੀਹ ਲੱਖ ਰੁਪੈ ਠੇਕੇ ਚੋਂ, ਪੰਜਾਹ ਹਜਾਰ ਮਹੀਨੇ ਦਾ ਪਿੰਡ
ਚ ਲਾ ਦਿਆਂ ਕਰੇਂ, ਤੈਨੂੰ ਤਾਂ ਫੇਰ ਵੀ ਲੱਖ ਬਚ ਜੂ ਖਰਚਣ ਨੂੰ, ਸਾਡਾ ਹਮਾਤੜਾਂ ਦਾ ਤੇੜ-ਨੰਗ ਢੱਕ ਜੂ, ਊਂ ਮਰਜੀ ਤੇਰੀ ਐ, ਮੇਰੇ ਤਾਂ ਰਾਤ ਉੱਚੜ-ਚਿੱਤੀ ਜੀ ਲੱਗ ਗੀ, ਮੈਂ ਆਖਿਆ, ਬਾਈ ਜੀ ਆਏ ਐ, ਸ਼ਹਿਰੋਂ, ਗੱਲ ਕਰ ਈ ਆਵਾਂ, ਐਂਵੇਂ ਭਾਰ ਲੱਦੀ ਫਿਰੂੰਗਾ, ਡਮਾਕ ਤੇ, ਕੀ ਕਹਿੰਨਾਂ?” ਕੇਰਾਂ ਤਾਂ ਬਾਈ ਸਿੱਧੀ ਮੱਥੇ ਚ ਵੱਜੀ ਤੋਂ ਬੌਂਦਲ ਜਿਹਾ ਗਿਆ ਸ਼ਾਨਾਂ। ਅਜੇਹਾ ਸੁਆਲ ਤਾਂ ਉਹਨੂੰ ਕਦੇ
ਸਾਬ੍ਹ ਆਲੇ ਮਾਸ਼ਟਰ ਨੇ ਵੀ ਨਹੀਂ ਸੀ ਪਾਇਆ।
ਮਸਾਂ ਈਂ ਸੰਭਲ ਕੇ ਜੇ ਬੋਲਿਆ, “ਬੈਠ ਜਾ ਚਾਚਾ ਸਿੰਹਾਂ, ਕਰਦੇ ਆਂ ਤੇਰੀ ਗੱਲ ਉੱਤੇ ਵਿਚਾਰ” ਸ਼ਾਨੇਂ ਨੇ ਚੌਂਕੜੀ ਉੱਤੇ ਬੈਠੇ-ਬਿਆਏ ਈ, ਨਾਲ ਵਾਲੀ ਕੁਰਸੀ ਖਿੱਚ ਕੇ, ਨੇੜੇ ਕਰਦਿਆਂ, ਨੇੜੇ ਪੱਠੇ ਪਾਂਉਂਦੇ ਕਾਕੇ ਛੇੜੂ ਨੂੰ ਵੀ ਹੁਕਮ ਕਰਤਾ, “ਦੋ ਕੱਪ ਕਾਫ਼ੀ ਬਣਾ ਕੇ ਲਿਆ, ਛੋਟੇ-ਛੇਤੀ, ਘੱਟ ਮਿੱਠੇ ਵਾਲੀ!” ਬਿੱਕਰ ਬਾਈ ਦੇ ਉੱਚੇ ਸਪੀਕਰ ਕਰਕੇ, ਸਾਰੀ ਗੱਲ ਬਿੜਕ ਲੈਂਦੇ ਕਾਕੇ ਨੂੰ ਵੀ ਸੁਣਗੀ। ਉਹਨੇ ਛੇਤੀ-ਛੇਤੀ ਟੋਕਰੀ ਮੱਝ ਦੀ ਖੁਰਲੀ ਚ ਝਾੜੀ, ਮੁੜਨ ਲੱਗਾ ਤਾਂ ਧਿਆਨ ਵੰਡਣ ਕਰਕੇ ਮੱਝ ਦੇ ਹਿਲਾਏ ਸਿੰਗ ਨਾਲ ਟੋਕਰੀ ਚੋਂ ਸਿਲਤ ਉਹਦੇ ਵੱਜ ਗੀ। ਟੋਕਰੀ ਸਿੱਟ, ਸਿਲਤ ਕੱਢ, ਉਂਗਲ ਨੱਪ ਕੇ ਲਹੂ ਉਸ ਨੇ ਮੂੰਹ
ਚ ਪਾ ਲਿਆ। ਚੂਸਦਾ-ਚੂਸਦਾ, ਉਹ ਲੱਖ-ਡੂਢ ਲੱਖ ਦੇ ਗੇੜ ਚ ਗਿੜਦਾ, ਅੰਦਰ ਆਡਰ ਸੁੱਟ, ਫੇਰ ਮੁੜ ਆਇਆ। ਆਨੇ-ਬਹਾਨੇ ਹੌਦ ਨੇੜੇ ਠੀਆ-ਠੱਪ ਕਰਦੇ, ਦੇ ਉਸਦੇ ਸੱਜੇ ਕੰਨ ਨੇ ਸੁਣਿਆਂ, “ਅਸਲ ਗੱਲ ਇਹ ਐ ਚਾਚਾ, ਗੱਲ ਤਾਂ ਤੇਰੀ ਬੜੇ ਪਤੇ ਦੀ ਐ, ਮੈਨੂੰ ਵੀ ਤੇਰੀ ਨੋਂਹ ਕਰਮਜੀਤ ਕਹਿੰਦੀ ਰਹਿੰਦੀ ਐ, ਬਈ ਰੱਬ ਨੇ ਰਿਜਕ ਦਿੱਤਾ, ਕੋਈ ਪਿੰਡ
ਚ ਪੁੰਨ-ਦਾਨ ਕਰਿਆ ਕਰੀਏ ਪਰ ਖ਼ਰਚ ਸਾਲੇ, ਸਾਹ ਈ ਨੀਂ ਲੈਣ ਦਿੰਦੇ।
ਫਸਲ ਆਂਉਂਦੀ ਐ ਛੀ ਮਹੀਨਿਆਂ ਤੋਂ, ਨੋਟ ਜਾਂਦੇ ਐ ਰੋਜ। ਮੁੰਡੇ ਦੀ ਪੜ੍ਹਾਈ ਉੱਤੇ ਥੱਬਾ ਲੱਗਦੈ, ਕਿਤੇ ਨਾ ਕਿਤੇ ਦੁੱਖ-ਸੁੱਖ ਉੱਤੇ ਜਾਣੈਂ ਪੈਂਦੈ ਰੋਜ, ਤੇਲ ਈ ਨੀਂ ਮਾਣ। ਫੇਰ ਸ਼ਹਿਰ ਚ ਕਲੱਬ ਅਤੇ ਹੋਰ ਥਾਂਵਾਂ ਦੇ ਚੰਦੇ ਦੇਣੇਂ ਹੁੰਦੇ ਐ। ਨੱਕ-ਨਮੂਜ ਲਈ ਪਾਰਟੀਆਂ ਨੂੰ ਵੀ ਹੱਥ ਝਾੜੀਦੈ, ਹੁਣ ਕਿਸਾਨ ਭਰਾਂਵਾਂ ਲਈ ਉਗਰਾਹੀ ਕੀਤੀ ਐ। ਮੈਂ ਤਾਂ ਨਵੀਂ ਗੱਡੀ ਵੇਖੀ ਐ, ਪੁਰਾਣੀ ਖ਼ਰਾਬ ਕਰਦੀ ਐ, ਸੋਲਰ ਦੀਆਂ ਕਿਸ਼ਤਾਂ ਲਹਿਣ, ਤਾਂ ਕੁਛ ਕਰੀਏ। ਊਂ ਗੱਲ ਤੇਰੀ ਕੰਮ ਦੀ ਐ, ਕਰਾਂਗੇ ਗੌਰ, ਅਗਲੇ ਗੇੜੇ ਆਵੇਂਗਾ ਤਾਂ ਬੈਠਾਂਗੇ।" ਤੇਰੇ ਤਾਂ ਆਵਦੇ ਈ ਪਾਂਜੇ ਨੀ ਪੂਰੇ ਆਂਉਂਦੇ, ਸਾਡਾ ਤਾਂ ਫੇਰ ਡੂਢ ਕਿੱਲਿਆਂ ਆਲਿਆਂ ਦਾ ਰੱਬ ਈ ਐ। ਚੱਲ ਫੇਰ ਤੂੰ ਆਵਦਾ ਠੀਕ ਕਰ ਲੈ, ਸਾਡਾ ਤਾਂ ਆਂਏਂ ਈ ਚੱਲਦਾ ਰਹੂ।" ਜਾਂਦਿਆਂ ਫੇਰ ਹੱਡ ਉੱਤੇ ਮਾਰਦਾ, ਬਿੱਕਰ ਸਿੰਹੁ, ਖਾਲੀ ਸ਼ਾਨੇ ਦਾ, ਖਾਲੀ ਕੱਪ, ਠਾਹ ਕਰਕੇ, ਚੌਂਕੜੀ ਉੱਤੇ ਰੱਖਦਾ, ਬਿਨ੍ਹਾਂ ਭੌਂਇਓਂ, ਬਾਰ ਟੱਪ ਗਿਆ। ਹੋਰ, ਤਾਈ ਗੂੰਗੀ ਬੈਂਕ
ਚ ਲੱਗ ਗਈ ਹੈ। ਢਾਣੀ ਆਲਾ ਬਿਧੀ ਬਾਈ ਠੀਕ ਹੈ। ਘੀਸਾ ਦੇਹ ਨੂੰ ਘੜੀਸ ਰਿਹੈ। ਪੰਜਾਬੀ ਆਲੇ ਭੈਣ ਜੀ ਰਟੈਰ ਹੋ ਰਹੇ ਹਨ। ਭੈਣਾਂ-ਭੂਆ, ਦੋਹਤੀਆਂ-ਪੋਤੀਆਂ ਠੀਕ ਹਨ। ਤਾਇਆ ਗਾਮਾ ਚੌਕੜੀ ਤੇ ਬੈਠੇ ਦਰਸ਼ਨ ਦਿੰਦੈ। ਬੈਂਕ ਦੀਆਂ ਕਾਪੀਆਂ ਖਾਲੀ ਹਨ।
ਪਿੰਡਾਂ
‘ਚ ਸ਼ਹਿਰੀ ਰਿਵਾਜ ਆ ਰਹੇ ਹਨ। ਚੰਗਾ, ਚੜ੍ਹਦੀ ਕਲਾ ਚ ਰਹਿਓ, ਚੱਕ ਦਿਆਂਗੇ ਫੱਟੇ, ਹਰ ਮੈਦਾਨ ਫਤਹਿ। ਮਿਲਾਂਗੇ ਅਗਲੇ ਐਤਵਾਰ, ਤਦ ਤੱਕ ਕਮਾਓ ਡਾਲੇ, ਕੱਢੋ ਬਾਲੇ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061