ਜਦੋਂ ਸਾਨੂੰ ਕਲੱਬ ਵਾਲਿਆਂ ਨੇ ਭਾਰਤੀ ਕੱਪੜੇ ਪਾ ਕੇ ਅੰਦਰ ਜਾਣ ਤੋਂ ਰੋਕਿਆ

ਕਈ ਸਾਲ ਪਹਿਲਾਂ (2002) ਦੀ ਗੱਲ ਹੈ ਕਿ ਅਸੀਂ ਕੁਝ ਜਣੇ ਆਪਣੇ ਇੱਕ ਦੋਸਤ ਨਾਲ ਜੋ ਕਿ ਚੰਡੀਗੜ੍ਹ ਕਲੱਬ ਦਾ ਮੈਂਬਰ ਸੀ, ਨਾਲ ਚੰਡੀਗੜ੍ਹ ਕਲੱਬ ਗਏ। ਬਾਕੀ ਸਾਰਿਆਂ ਨੇ ਪੈਂਟਾਂ ਕਮੀਜ਼ਾਂ ਪਹਿਨੀਆਂ ਹੋਈਆਂ ਸਨ ਪਰ ਦੋ ਲੀਡਰ ਟਾਈਪ ਬੰਦਿਆਂ ਦੇ ਕੁੜਤੇ ਪਜ਼ਾਮੇ ਪਾਏ ਹੋਏ ਸਨ। ਅਸੀਂ ਤਾਂ ਅੰਦਰ ਲੰਘ ਗਏ ਪਰ ਕੁੜਤੇ ਪਜ਼ਾਮੇ ਵਾਲਿਆਂ ਨੂੰ ਗਾਰਡ ਨੇ ਘੇਰ ਲਿਆ ਕਿਉਂਕਿ ਕੁੜਤਾ ਪਜ਼ਾਮਾ ਪਹਿਨ ਕੇ ਅੰਦਰ ਜਾਣਾ ਮਨ੍ਹਾਂ ਸੀ। ਉਨ੍ਹਾਂ ਨੂੰ ਕਲੱਬ ਵੱਲੋਂ ਉਥੇ ਰੱਖੀਆਂ ਹੋਈਆਂ ਮੈਲੀਆਂ ਜਿਹੀਆਂ ਨਹਿਰੂ ਜੈਕਟਾਂ ਪਹਿਨ ਕੇ ਹੀ ਅੰਦਰ ਜਾਣ ਦਿੱਤਾ ਗਿਆ। ਭਾਰਤੀ ਪਹਿਰਾਵੇ ਦੀ ਅਜਿਹੀ ਬੇਇੱਜ਼ਤੀ ਵੇਖ ਕੇ ਸਾਰੇ ਹੈਰਾਨ ਰਹਿ ਗਏ। ਭਾਰਤ ‘ਤੇ ਰਾਜ ਕਰਨ ਸਮੇਂ ਅੰਗਰੇਜ਼ਾਂ ਨੇ ਆਪਣੇ ਮੰਨੋਰੰਜਨ ਲਈ ਭਾਰਤ ਦੇ ਹਰੇਕ ਵੱਡੇ ਸ਼ਹਿਰ ਵਿੱਚ ਕਲੱਬਾਂ ਦੀ ਉਸਾਰੀ ਕਰਵਾਈ ਸੀ। ਉਹ ਸਿਰਫ ਗੋਰਿਆਂ ਵਾਸਤੇ ਸਨ ‘ਤੇ ਭਾਰਤੀਆਂ ਦਾ ਉਥੇ ਜਾਣਾ ਮਨ੍ਹਾਂ ਸੀ। ਇੰਡੀਅਨਜ਼ ਐਂਡ ਡੌਗਜ਼ ਆਰ ਨੌਟ ਅਲਾਊਡ ਵਾਲਾ ਬੋਰਡ ਇਨ੍ਹਾਂ ਵਿੱਚੋਂ ਕਈ ਕਲੱਬਾਂ ਦੇ ਬਾਹਰ ਹੀ ਟੰਗਿਆ ਗਿਆ ਸੀ।

ਲਾਰਡ ਮੈਕਾਲੇ (ਜਿਸ ਨੇ ਭਾਰਤੀ ਵਿਦਿਅਕ ਢਾਂਚਾ ਤਿਆਰ ਕੀਤਾ ਸੀ) ਨੇ ਅਜ਼ਾਦੀ ਤੋਂ ਬਹੁਤ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਸਾਡਾ ਵਿਦਿਅਕ ਸਿਸਟਮ ਇੱਕ ਅਜਿਹਾ ਭਾਰਤੀ ਵਰਗ ਪੈਦਾ ਕਰੇਗਾ ਜੋ ਸਿਰਫ ਰੰਗ ਵਿੱਚ ਹੀ ਅੰਗਰੇਜ਼ਾਂ ਤੋਂ ਵੱਖਰਾ ਹੋਵੇਗਾ। ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਜੇ ਕ੍ਰਾਂਤੀ ਨਾ ਹੋਈ ਤਾਂ ਭਾਰਤ ਦੇ ਅਜ਼ਾਦ ਹੋਣ ਨਾਲ ਕੋਈ ਫਰਕ ਨਹੀਂ ਪੈਣਾ। ਗੋਰੇ ਅੰਗਰੇਜ਼ ਚਲੇ ਜਾਣਗੇ ਤੇ ਕਾਲੇ ਅੰਗਰੇਜ਼ ਸੱਤਾ ਵਿੱਚ ਆ ਜਾਣਗੇ। ਅੱਜ ਭਾਰਤ ਵਿੱਚ ਚੱਲ ਰਹੇ ਸੈਂਕੜੇ ਕਲੱਬ ਲਾਰਡ ਮੈਕਾਲੇ ਅਤੇ ਸ਼ਹੀਦ ਭਗਤ ਸਿੰਘ ਦੀਆਂ ਭਵਿੱਖਬਾਣੀਆਂ ‘ਤੇ ਅੱਖਰ ਅੱਖਰ ਖਰੇ ਉੱਤਰ ਰਹੇ ਹਨ। ਜਦੋਂ ਗੋਰੇ ਚਲੇ ਗਏ ਤਾਂ ਇਹ ਕਲੱਬ ਭੂਰੇ ਸਾਹਿਬਾਂ (ਭਾਰਤੀਆਂ) ਦੇ ਹੱਥਾਂ ਵਿੱਚ ਆ ਗਏ ਤੇ ਸਿਰਫ ਫਰਾਟੇਦਾਰ ਇਗਲਿਸ਼ ਬੋਲਣ ਵਾਲੇ ਅਮੀਰਾਂ, ਤਾਕਤਵਰ ਨੇਤਾਵਾਂ, ਆਈ.ਏ.ਐਸ, ਆਈ.ਪੀ.ਐਸ ਅਤੇ ਸੀਨੀਅਰ ਫੌਜੀ ਅਫਸਰਾਂ ਆਦਿ ਦੇਸ਼ ਦੀ ਕਰੀਮ ਨੂੰ ਹੀ ਮੈਂਬਰਸ਼ਿਪ ਦਿੱਤੀ ਜਾਂਦੀ ਸੀ। ਅਜ਼ਾਦੀ ਲਈ ਜਾਨਾਂ ਵਾਰਨ ਵਾਲੇ, ਜ਼ਮੀਨ ਜਾਇਦਾਦਾਂ ਕੁਰਕ ਕਰਾਉਣ ਵਾਲ ਅਤੇੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿੱਚ ਸੜਨ ਵਾਲੇ ਅਜ਼ਾਦੀ ਦੇ ਮਤਵਾਲਿਆਂ ਲਈ ਇਨ੍ਹਾਂ ਵਿੱਚ ਕੋਈ ਜਗ੍ਹਾ ਨਹੀਂ ਸੀ। ਅੱਜ ਵੀ ਸਥਿੱਤੀ ਜਿਉਂ ਦੀ ਤਿਉਂ ਹੈ ਕਿਉਂਕਿ ਮੈਂਬਰਸ਼ਿੱਪ ਫੀਸ ਤੇ ਵੇਟਿੰਗ ਲਿਸਟ ਐਨੀ ਜਿਆਦਾ ਹੈ ਜੋ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ।

ਇਹ ਕਲੱਬ ਕਿਉਂਕਿ ਖੁਦਮੁਖਤਿਆਰ ਸੰਸਥਾਵਾਂ ਹਨ, ਇਸ ਕਾਰਨ ਅਜ਼ਾਦੀ ਤੋਂ ਬਾਅਦ ਵੀ ਕਈ ਸਾਲਾਂ ਤੱਕ ਇਨ੍ਹਾਂ ਦੇ ਪ੍ਰਬੰਧਕ ਦਿਮਾਗੀ ਤੌਰ ‘ਤੇ ਅੰਗਰੇਜ਼ਾਂ ਦੇ ਗੁਲਾਮ ਰਹੇ। ਕਲਕੱਤਾ ਦੇ ਬੰਗਾਲ ਕਲੱਬ ਨੇ ਅਜ਼ਾਦੀ ਤੋਂ 12 ਸਾਲ ਬਾਅਦ ਆਪਣੇ ਦਰਵਾਜ਼ੇ ਭਾਰਤੀਆਂ ਵਾਸਤੇ ਖੋਲ੍ਹੇ ਸਨ ਤੇ ਅਗਲੇ ਹੋਰ 8 ਸਾਲ ਤੱਕ ਕਲੱਬ ਦੇ ਬ੍ਰਿਟਿਸ਼ ਪ੍ਰਧਾਨ ਨੂੰ ਹਟਾਉਣ ਦੀ ਹਿੰਮਤ ਨਾ ਕੀਤੀ। ਮੁੰਬਈ ਦੇ ਇੱਕ ਅਜਿਹੇ ਹੀ ਕਲੱਬ ਨੇ ਅਜ਼ਾਦੀ ਤੋਂ ਕਈ ਸਾਲ ਬਾਅਦ ਤੱਕ ਵੀ ਇੰਡੀਅਨਜ਼ ਐਂਡ ਡੌਗਜ਼ ਨੌਟ ਅਲਾਊਡ ਵਾਲਾ ਬੋਰਡ ਨਹੀਂ ਸੀ ਉਤਾਰਿਆ। ਜਦੋਂ ਕੁਝ ਦੇਸ਼ ਭਗਤਾਂ ਨੇ ਕਲੱਬ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਜਾ ਕੇ ਇਹ ਬੋਰਡ ਹਟਾਇਆ ਗਿਆ। ਇਹ ਕਲੱਬ ਪੁਰਾਣੀਆਂ ਰਵਾਇਤਾਂ ਜਾਰੀ ਰੱਖਣ ਜਾਂ ਖਤਮ ਕਰਨ ਲਈ ਮੈਂਬਰਾਂ ਵਿੱਚ ਟਕਰਾਉ ਦਾ ਮੈਦਾਨ ਬਣਦੇ ਜਾ ਰਹੇ ਹਨ। ਦਿੱਲੀ ਦਾ ਜ਼ਿਮਖਾਨਾ ਕਲੱਬ 1913 ਵਿੱਚ ਬਣਿਆ ਸੀ। ਨਵੀਂ ਦਿੱਲੀ ਦੀ 28 ਏਕੜ ਜ਼ਮੀਨ ਇਸ ਦੇ ਕਬਜ਼ੇ ਹੇਠ ਹੈ ਜਿਸ ਦਾ ਬਜ਼ਾਰੀ ਮੁੱਲ ਇਸ ਵੇਲੇ ਅਰਬਾਂ ਖਰਬਾਂ ਵਿੱਚ ਹੈ। ਪਰ ਇਹ ਕਲੱਬ ਵੀ ਪੁਰਾਣੀਆਂ ਬ੍ਰਿਟਿਸ਼ ਰਵਾਇਤਾਂ ਨੂੰ ਪ੍ਰੇਤ ਵਾਂਗ ਚੰਬੜਿਆ ਹੋਇਆ ਹੈ।

1991 ਵਿੱਚ ਇਸ ਕਲੱਬ ਨੇ ਅਮਰੀਕਾ ਵਿੱਚ ਭਾਰਤ ਦੇ ਰਹਿ ਚੁੱਕੇ ਰਾਜਦੂਤ ਅਤੇ ਤਿੰਨ ਵਾਰ ਦੇ ਰਾਜ ਸਭਾ ਮੈਂਬਰ ਪਵਨ ਕੁਮਾਰ ਵਰਮਾ ਨੂੰ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਸ ਨੇ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਸੀ। ਵਰਨਣ ਯੋਗ ਹੈ ਕਿ ਵਰਮਾ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਇਸ ਕਲੱਬ ਦਾ ਮੈਂਬਰ ਸੀ। ਜਦੋਂ ਵਰਮਾ ਧਰਨਾ ਲਗਾ ਕੇ ਗੇਟ ਦੇ ਸਾਹਮਣੇ ਬੈਠ ਗਿਆ ਤਾਂ ਮਜ਼ਬੂਰਨ ਕਲੱਬ ਦੇ ਉਸ ਵੇਲੇ ਦੇ ਪ੍ਰਧਾਨ ਐਡਮਿਰਲ ਜੇ ਤਹਿਲਿਆਨੀ ਨੂੰ ਨਿਯਮ ਬਦਲਣੇ ਪਏ। ਪਰ ਪੁਰਾਣੀਆਂ ਆਦਤਾਂ ਜਲਦੀ ਖਤਮ ਨਹੀਂ ਹੁੰਦੀਆਂ। 2013 ਵਿੱਚ ਇਸ ਕਲੱਬ ਨੇ ਭੁਟਾਨ ਦੇ ਇੱਕ ਬਹੁਤ ਹੀ ਸੀਨੀਅਰ ਬੋਧੀ ਭਿਖਸ਼ੂ ਨੂੰ ਅੰਦਰ ਨਾ ਆਉਣ ਦਿੱਤਾ ਕਿਉਂਕਿ ਉਸ ਨੇ ਆਪਣਾ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ। ਅਜਿਹੇ ਹੀ ਇੱਕ ਹੋਰ ਕਲੱਬ, ਦਿੱਲੀ ਗੋਲਫ ਕਲੱਬ ਨੇ 2017 ਵਿੱਚ ਮੇਘਾਲਿਆ ਦੀ ਇੱਕ ਚੋਟੀ ਦੀ ਮਨੁੱਖੀ ਅਧਿਕਾਰ ਕਾਰਕੁੰਨ ਤੇਨ ਲਿੰਗਦੋਹ ਨੂੰ ਕਲੱਬ ਵਿੱਚੋਂ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਵੀ ਆਪਣੇ ਸੂਬੇ ਦਾ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ। ਕਲੱਬ ਵਾਲਿਆਂ ਨੇ ਉਸ ਦੇ ਮੂੰਹ ‘ਤੇ ਹੀ ਕਹਿ ਦਿੱਤਾ ਸੀ ਉਹ ਕਿਸੇ ਨੌਕਰਾਣੀ ਵਰਗੀ ਲੱਗਦੀ ਹੈ।

ਇਸ ‘ਤੇ ਅਖਬਾਰਾਂ ਵਿੱਚ ਬਹੁਤ ਹੰਗਾਮਾ ਮੱਚਿਆ ਸੀ ਪਰ ਕਲੱਬ ਨੇ ਆਪਣੇ ਨਿਯਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। 1855 ਈਸਵੀ ਵਿੱਚ ਬਣੇ ਕਲਕੱਤਾ ਦੇ ਟਾਲੀਗੰਜ ਕਲੱਬ (ਕੁੱਲ ਰਕਬਾ 110 ਏਕੜ) ਵੀ ਬੰਗਾਲ ਵਿੱਚ ਹੁੰਦੇ ਹੋਏ ਵੀ ਬੰਗਾਲੀ ਧੋਤੀ ਕੁੜਤਾ ਪਹਿਨਣ ਵਾਲਿਆਂ ਨੂੰ ਪ੍ਰਵੇਸ਼ ਨਹੀਂ ਕਰਨ ਦਿੰਦਾ, ਜਦੋਂ ਕਿ ਜ਼ੀਨਜ਼ ਤੇ ਟੀ ਸ਼ਰਟ ‘ਤੇ ਕੋਈ ਪਾਬੰਦੀ ਨਹੀਂ ਹੈ। ਇਸ ਕਲੱਬ ਨੇ 2021 ਵਿੱਚ ਤਾਮਿਲ ਸਟਾਈਲ ਧੋਤੀ (ਵੇਸ਼ਠੀ) ਕੁੜਤਾ ਪਹਿਨਣ ਵਾਲੇ ਸਾਬਕਾ ਕੇਂਦਰੀ ਮੰਤਰੀ ਪੀ. ਚਿੰਦਾਬਰਮ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੂੰਹ ਦੀ ਖਾਣੀ ਪਈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਧੋਤੀ ਕੁੜਤਾ ਪਹਿਨਦੇ ਹਨ। ਉਪਰੋਕਤ ਵਰਤਾਰੇ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਕਿਸੇ ਦਿਨ ਕਸੌਲੀ ਕਲੱਬ ਦਾ ਪ੍ਰਧਾਨ (ਜੋ ਬ੍ਰਿਗੇਡੀਅਰ ਰੈਂਕ ਦਾ ਹੁੰਦਾ ਹੈ) ਉਨ੍ਹਾਂ ਨੂੰ ਵੀ ਅੰਦਰ ਜਾਣ ਤੋਂ ਰੋਕ ਦੇਵੇ। ਇਹ ਕਲੱਬ ਬ੍ਰਿਟਿਸ਼ ਸੱਭਿਆਚਾਰ ਦੀਆਂ ਭਾਰਤ ਵਿੱਚ ਆਖਰੀ ਨਿਸ਼ਾਨੀਆਂ ਹਨ ਜੋ ਅਜੇ ਵੀ ਵੱਧ ਫੁੱਲ ਰਹੀਆਂ ਹਨ। ਸਾਡੇ ਲੋਕਾਂ ਨੂੰ ਰੀਸ ਕਰਨ ਦੀ ਬਹੁਤ ਬੁਰੀ ਆਦਤ ਹੈ। ਚੰਡੀਗੜ੍ਹ ਸ਼ਹਿਰ ਦੀ ਸਥਾਪਨਾ ਅਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਵਜੋਂ 1953 ਵਿੱਚ ਹੋਈ ਸੀ। ਭਾਵ ਚੰਡੀਗੜ੍ਹ ਕਲੱਬ ਵੀ ਉਸ ਤੋਂ ਬਾਅਦ ਜਾਂ ਆਸ ਪਾਸ ਹੀ ਬਣਿਆ ਹੋਵੇਗਾ। ਇਸ ਦੇ ਪ੍ਰਬੰਧਕਾਂ ਨੇ ਪੁਰਾਣੇ ਕਲੱਬਾਂ ਕੋਲੋਂ ਕੋਈ ਚੰਗੀ ਗੱਲ ਭਾਵੇਂ ਨਾ ਸਿੱਖੀ ਹੋਵੇ, ਪਰ ਕੱਪੜੇ ਦੇ ਅਧਾਰ ‘ਤੇ ਭੇਦ ਭਾਵ ਕਰਨਾ ਜਰੂਰ ਸਿੱਖ ਲਿਆ ਹੈ।

ਭਾਰਤ ਵਿੱਚ ਖਾਣ ਪੀਣ ਵਾਲੀ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇ ਜਿੱਥੇ ਇਸ ਤਰਾਂ ਭਾਰਤੀ ਪਹਿਰਾਵੇ ਦੀ ਬੇਇੱਜ਼ਤੀ ਹੁੰਦੀ ਹੋਵੇ। ਫਾਈਵ ਸਟਾਰ, ਸੈਵਨ ਸਟਾਰ ਹੋਟਲ ਤੱਕ ਤੁਸੀਂ ਕੁਝ ਵੀ ਪਹਿਨ ਕੇ ਜਾ ਸਕਦੇ ਹੋ। ਕਲੱਬ ਭਾਵੇਂ ਅੰਦਰੂਨੀ ਤੌਰ ‘ਤੇ ਖੁਦਮੁਖਤਿਆਰ ਹਨ, ਪਰ ਵਿਸ਼ੇਸ਼ ਹਾਲਾਤ ਵਿੱਚ ਸਰਕਾਰ ਇਨ੍ਹਾਂ ਨੂੰ ਆਪਣੇ ਅਧਿਕਾਰ ਹੇਠ ਕਰ ਸਕਦੀ ਹੈ। ਦਿੱਲੀ ਜਿੰਮਖਾਨਾ ਕਲੱਬ ਨਾਲ ਅਜਿਹਾ ਹੀ ਹੋਇਆ ਸੀ ਜਦੋਂ ਪੈਸੇ ਗਬਨ ਕਰਨ ਦੇ ਮਾਮਲੇ ਵਿੱਚ ਪ੍ਰਧਾਨ ਅਤੇ ਵਿਰੋਧੀ ਧਿਰ ਦਰਮਿਆਨ ਮਾਮਲਾ ਬੇਹੱਦ ਗੰਭੀਰ ਹੋ ਗਿਆ ਸੀ। ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕਲੱਬਾਂ ਨੂੰ ਬ੍ਰਿਟਿਸ਼ ਮਾਨਸਿਕਤਾ ਤਿਆਗ ਕੇ ਸਮਾਂ ਵਿਹਾ ਚੁੱਕੇ ਨਿਯਮ ਬਦਲਣ ਲਈ ਸਖਤ ਹੁਕਮ ਜਾਰੀ ਕਰਨ। ਜੇ ਇਹ ਆਪਣੇ ਨਿਯਮ ਨਹੀਂ ਬਦਲਦੇ ਤਾਂ ਇਨ੍ਹਾਂ ਨੂੰ ਆਪਣੇ ਕੰਟਰੋਲ ਹੇਠ ਲੈ ਲੈਣ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062