ਮਾਹਿਲਪੁਰ ਵਿਖੇ ਫੁੱਟਬਾਲ ਦਾ ਮਹਾਕੁੰਭ

15 ਤੋਂ 22 ਫਰਵਰੀ ਤੱਕ ਕਰਵਾਏ ਜਾ ਰਹੇ 61ਵੇਂ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ‘ਤੇ ਵਿਸ਼ੇਸ਼

ਜਿਵੇਂ ਸੰਸਾਰਪੁਰ ਨੂੰ ਹਾਕੀ ਦੀ ਨਰਸਰੀ ਕਰਕੇ ਜਾਣਿਆਂ ਜਾਂਦਾ ਹੈ ਉਵੇਂ ਹੀ ਮਾਹਿਲਪੁਰ ਦੀ ਪਹਿਚਾਣ ਫੁੱਟਬਾਲ ਹੈ। ਜੇਕਰ ਮਾਹਿਲਪੁਰ ਨੂੰ ਪੰਜਾਬੀ ਫੁੱਟਬਾਲ ਦੀ ਰਾਜਧਾਨੀ ਆਖ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਮਾਹਿਲਪੁਰ ਅਤੇ ਇਸ ਦੇ ਨਾਲ਼ ਲੱਗਦੇ ਪਿੰਡਾਂ ਦੀਆਂ ਸੱਥਾਂ ਵਿੱਚ ਫੁੱਟਬਾਲ ਦੀ ਚਰਚਾ ਹੋਣੀ ਇੱਕ ਆਮ ਗੱਲ ਹੈ। ਸੰਧੂਰੀ ਅੰਬਾਂ ਦੀ ਮਹਿਕ ਨਾਲ ਲਬਰੇਜ਼ ਇਹ ਧਰਤੀ ਫੁੱਟਬਾਲ ਦੇ ਕਈ ਬਾਬੇ ਬੋਹੜ ਵੀ ਫੁੱਟਬਾਲ ਜਗਤ ਦੀ ਝੋਲੀ ਪਾ ਚੁੱਕੀ ਹੈ ਜਿੰਨਾ ਵਿੱਚ ਅਰਜਨ ਅਵਾਰਡੀ ਜਰਨੈਲ ਸਿੰਘ ਅਤੇ ਗੁਰਦੇਵ ਸਿੰਘ ਗਿੱਲ ਪ੍ਰਮੁੱਖ ਹਨ। ਮੋਜੂਦਾ ਚਰਚਿਤ ਮਹਿਲਾ ਫੁੱਟਬਾਲਰ ਸਨਸਨੀ ਮਨੀਸ਼ਾ ਕਲਿਆਣ ਵੀ ਮਾਹਿਲਪੁਰ ਦੀ ਹੀ ਦੇਣ ਹੈ ਜੋ ਭਾਰਤੀ ਟੀਮ ਵਿੱਚ ਖੇਡ ਕੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈ। ਮਾਹਿਲਪੁਰ ਦੇ ਫੁੱਟਬਾਲ ਦਾ ਆਪਣਾ ਇੱਕ ਸ਼ਾਨਮੱਤਾ ਇਤਿਹਾਸ ਹੈ।

ਪ੍ਰਿੰਸੀਪਲ ਹਰਭਜਨ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਹਿਲੇ ਪ੍ਰਿੰਸੀਪਲ ਸਨ, ਜਿੰਨਾ ਦੀ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮਾਹਿਲਪੁਰ ਨੂੰ ਫੁੱਟਬਾਲ ਕੇਂਦਰ ਦੇ ਨਾਲ-ਨਾਲ ਉੱਚ ਸਿੱਖਿਆ ਦਾ ਕੇਂਦਰ ਬਣਾਉਣ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਹੀ ਯੋਗਦਾਨ ਨੂੰ ਸਿਜਦਾ ਕਰਨ ਲਈ ਪ੍ਰਿੰਸੀਪਲ ਹਰਭਜਨ ਸਿੰਘ ਦੀ ਯਾਦਗਾਰੀ ਆਲ ਇੰਡੀਆ ਫੁੱਟਬਾਲ ਟੂਰਨਾਮੈਂਟ ਹਰ ਸਾਲ ਫਰਵਰੀ ਮਹੀਨੇ ਬੜੇ ਹੀ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾਂਦਾ ਹੈ ਜਿਸ ਵਿੱਚ ਚੋਟੀ ਦੇ ਫੁੱਟਬਾਲ ਕਲੱਬ, ਐਕਡਮੀਆਂ ਅਤੇ ਕਾਲਜ ਸ਼ਮੂਲੀਅਤ ਕਰਦੇ ਹਨ। ਇਸ ਵਾਰ 15 ਫਰਵਰੀ ਤੋਂ 22 ਫਰਵਰੀ ਕਰਵਾਏ ਜਾ ਰਹੇ 61ਵੇਂ ਫੁੱਟਬਾਲ ਟੂਰਨਾਮੈਂਟ ਵਿੱਚ ਨਾਮੀ 12 ਫੁੱਟਬਾਲ ਕਲੱਬ, 10 ਕਾਲਜ ਅਤੇ 8 ਫੁੱਟਬਾਲ ਐਕਡਮੀਆਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੀ ਲੋਕਪ੍ਰਿਅਤਾ ਦਾ ਇਸ ਗੱਲ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪ੍ਰਸਿੱਧ ਫੁੱਟਬਾਲ ਟੂਰਨਾਮੈਂਟ ਨੂੰ ਵੇਖਣ ਲਈ ਖਾਸਤੌਰ ਤੇ ਪਰਵਾਸੀ ਪੰਜਾਬੀ ਵਿਦੇਸ਼ ਤੋਂ ਆ ਕੇ ਆਪਣੀ ਹਾਜ਼ਰੀ ਲਗਾਉਂਦੇ ਹਨ। ਮਾਹਿਲਪੁਰ ਇਨ੍ਹਾਂ ਦਿਨਾਂ ਵਿੱਚ ਫੁੱਟਬਾਲ ਦੇ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ ਤੇ ਖਿਡਾਰੀ ਵੀ ਇਸ ਮਾਣਮੱਤੇ ਟੂਰਨਾਮੈਂਟ ਲਈ ਆਪਣੀ ਖਾਸ ਤਿਆਰੀ ਕਰਦੇ ਹੋਏ ਇਸ ਵਿੱਚ ਭਾਗ ਲੈਣਾ ਆਪਣੀ ਖੁਸ਼ਕਿਸਮਤੀ ਸਮਝਦੇ ਹਨ। ਮਾਹਿਲਪੁਰ ਦੇ ਇਸ ਖਿੱਤੇ ਤੋਂ ਉਠਿਆ ਫੁੱਟਬਾਲ ਦਾ ਜਾਨੂੰਨ ਆਲੇ-ਦੁਆਲੇ ਦੇ ਪਿੰਡਾਂ, ਕਸਬਿਆਂ, ਸ਼ਹਿਰਾਂ ਜਿਵੇਂ ਚੱਬੇਵਾਲ, ਹੁਸ਼ਿਆਰਪੁਰ, ਬੰਗਾ, ਗੜ੍ਹਸ਼ੰਕਰ ਅਤੇ ਫਗਵਾੜੇ ਆਦਿ ਤੱਕ ਖਿਡਾਰੀਆਂ ਅਤੇ ਫੁੱਟਬਾਲ ਪ੍ਰੇਮੀਆਂ ਦੇ ਸਿਰ ਚੜ ਕੇ ਬੋਲਦਾ ਹੈ।

ਜਿਕਰਯੋਗ ਹੈ ਕਿ 1962 ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਦੀ ਨਿੱਘੀ ਯਾਦ ਨੂੰ ਤਾਜ਼ਾ ਰੱਖਣ ਲਈ ਪਹਿਲੀ ਵਾਰ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਜਿਸ ਦੀ ਫੁੱਟਬਾਲ ਖੇਤਰ ਵਿੱਚ ਮੋਜੂਦਾ ਸਮੇਂ ਆਪਣੀ ਇਕ ਵਿਲੱਖਣ ਪਹਿਚਾਣ ਬਣ ਚੁੱਕੀ ਹੈ। ਸਵਰਗੀ ਡਾ: ਨਰਿੰਦਰ ਪਾਲ (1962-1971) ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪਹਿਲੇ ਪ੍ਰਧਾਨ ਸਨ।

ਸ: ਕੁਲਵੰਤ ਸਿੰਘ ਸੰਘਾ

ਇਸ ਸਮੇਂ ਸ: ਕੁਲਵੰਤ ਸਿੰਘ ਸੰਘਾ ਇਸ ਕਲੱਬ ਦੇ ਛੇਵੇਂ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਇਹ ਟੂਰਨਾਮੈਂਟ ਹਰ ਸਾਲ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟਰੱਸਟਾਂ, ਕਲੱਬਾਂ ਅਤੇ ਫੁੱਟਬਾਲ ਪ੍ਰਮੋਟਰਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਕਰਵਾਇਆ ਜਾਂਦਾ ਹੈ। ਇਸ ਵਾਰ ਕਲੱਬ ਵਰਗ ਵਿੱਚ ਜੇਤੂ ਟੀਮ ਨੂੰ 2 ਲੱਖ ਅਤੇ ਉਪ ਜੇਤੂ ਟੀਮ ਨੂੰ 1.5 ਲੱਖ ਇਵੇਂ ਹੀ ਕਾਲਜ ਵਰਗ ਵਿੱਚ 75,000 ਅਤੇ 50,000 ਅਤੇ ਐਕਡਮੀ ਵਰਗ ਅੰਦਰ 31,000 ਅਤੇ 21,000 ਨਗਦ ਇਨਾਮ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਹੋਰ ਬਹੁਤ ਸਾਰੇ ਵਰਗਾ ਵਿੱਚ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ਼ ਨਿਵਾਜਿਆ ਜਾਵੇਗਾ। ਕਲੱਬ, ਖਾਲਸਾ ਕਾਲਜ ਮਾਹਿਲਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਦੋ ਵਿਦਿਆਰਥੀਆਂ ਅਤੇ ਕੰਨਿਆ ਸਕੂਲ ਦੀਆਂ ਦੋ ਵਿਦਿਆਰਥਣਾਂ ਲਈ ਹਰ ਸਾਲ ਵਜੀਫੇ ਦਾ ਵੀ ਪ੍ਰਬੰਧ ਕਰਦਾ ਹੈ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਸਕੱਤਰ ਡਾ. ਪਰਮਪ੍ਰੀਤ ਸਿੰਘ ਅਤੇ ਸਮੂਹ ਪ੍ਰਬੰਧਕਾਂ ਵਲੋਂ ਖੇਡ ਪ੍ਰੇਮੀਆਂ ਨੂੰ ਇਸ ਵਾਰ ਵੀ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਅਤੇ ਟੂਰਨਾਮੈਂਟ ਦੀ ਰੋਣਕ ਵਧਾਉਣ ਲਈ ਹੁੰਮ-ਹੁੰਮਾ ਕੇ ਪਹੁੰਚਣ ਦਾ ਖੁੱਲਾ ਸੱਦਾ ਹੈ।

ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਸੰਪਰਕ:94655-76022