ਕਿਸੇ ਪਿੰਡ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਕਿ ਸਰਪੰਚ ਨੇ ਸਟੇਜ਼ ਤੋਂ ਘੋਸ਼ਣਾ ਕੀਤੀ, “ਜੇ ਕਿਸੇ ਨੂੰ ਇਸ ਵਿਆਹ ‘ਤੇ ਕੋਈ ਇਤਰਾਜ਼ ਆ ਤਾਂ ਹੁਣ ਸਾਹਮਣੇ ਆ ਕੇ ਕਹਿ ਦੇਵੇ। ਵਿਆਹ ਦੋ ਜ਼ਿੰਦਗੀਆਂ ਦਾ ਸਵਾਲ ਹੁੰਦਾ ਆ, ਇਸ ਲਈ ਬਾਅਦ ਵਿੱਚ ਐਵੇਂ ਗੱਲਾਂ ਕਰਨ ਦਾ ਕੋਈ ਫਾਇਦਾ ਨਈਂ।” ਇਹ ਸੁਣ ਕੇ ਬਰਾਤੀਆਂ ਦੇ ਪਿੱਛੇ ਖੜ੍ਹੀ ਇੱਕ ਮੁਟਿਆਰ ਕੁੱਛੜ ਬੱਚਾ ਚੁੱਕੀ ਅੱਗੇ ਆ ਗਈ। ਉਸ ਨੂੰ ਵੇਖ ਕੇ ਸਾਰੇ ਲੋਕਾਂ ਵਿੱਚ ਖੁਸਰ ਫੁਸਰ ਹੋਣ ਲੱਗ ਪਈ ਤੇ ਗੁੱਸੇ ਵਿੱਚ ਆਈ ਲਾੜ੍ਹੀ ਨੇ ਲਾੜ੍ਹੇ ਦੇ ਥੱਪੜ ਜੜ ਦਿੱਤਾ। ਲਾੜ੍ਹੀ ਦਾ ਪਿਉ ਬੰਦੂਕ ਲੈਣ ਲਈ ਦੌੜ ਗਿਆ ਤੇ ਮਾਂ ਨੇ ਜ਼ਹਿਰ ਖਾਣ ਲਈ ਬੋਤਲ ਕੱਢ ਲਈ। ਸਾਰੇ ਪਾਸੇ ਅਫਰਾ ਤਫਰੀ ਮੱਚ ਗਈ। ਸਰਪੰਚ ਨੇ ਮੌਕਾ ਸਾਂਭਦੇ ਹੋਏ ਮੁਟਿਆਰ ਨੂੰ ਪੁੱਛਿਆ, “ਦੱਸ ਕੁੜੀਏ ਤੈਨੂੰ ਕੀ ਇਤਰਾਜ਼ ਆ?” ਮੁਟਿਆਰ ਬੋਲੀ, “ਮੈਨੂੰ ਤਾਂ ਕੋਈ ਇਤਰਾਜ਼ ਨਈਂ। ਉਹ ਤਾਂ ਤੁਹਾਡੀ ਅਵਾਜ਼ ਪਿੱਛੇ ਚੰਗੀ ਤਰਾਂ ਸੁਣਾਈ ਨਹੀਂ ਸੀ ਦੇ ਰਹੀ,ਇਸ ਲਈ ਮੈਂ ਅੱਗੇ ਆ ਗਈ।”
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062