ਬਲਵਿੰਦਰ ਸਿੰਘ ਭੁੱਲਰ
ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਆਯੋਜਿਤ 9ਵਾਂ ਅੰਤਰਰਾਸ਼ਟਰੀ ਫੈਸਟ ’ਵਿਬਗਿਓਰ-24’ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਸ਼ਾਨਦਾਰ ਸਮਾਗਮ ਦੇ ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸਨ ਜਦੋਂ ਕਿ ਸ੍ਰੀ ਬਲਤੇਜ ਪੰਨੂ ਮੀਡੀਆ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਸ. ਦਵਿੰਦਰਜੀਤ ਸਿੰਘ ਲਾਡੀ ਢੋਸ, ਪ੍ਰਧਾਨ ਆਪ ਪੰਜਾਬ (ਯੂਥ ਵਿੰਗ) ਐਮ.ਐਲ.ਏ.ਧਰਮਕੋਟ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਇਨਾਂ ਤੋਂ ਇਲਾਵਾ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ, ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਬੀ.ਐਫ.ਜੀ.ਆਈ. ਦੇ ਚੇਅਰਮੈਨ, ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਨਾਂ ਨੂੰ ਇਹ ਮਾਣ ਹੈ ਕਿ ਇਸ 9ਵੇਂ ਕੌਮਾਂਤਰੀ ਫੈਸਟ ਵਿੱਚ 10 ਤੋਂ ਵੱਧ ਦੇਸ਼ਾਂ ਦੇ ਡੈਲੀਗੇਟਾਂ ਨੇ ਹਿੱਸਾ ਲਿਆ ਹੈ। ਉਹਨਾਂ ਨੇ ਵਿਦਿਆਰਥੀਆਂ ਦੀਆਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਅਤੇ ਭਵਿੱਖ ਦੇ ਟੀਚਿਆਂ ਬਾਰੇ ਮਹਿਮਾਨਾਂ ਨੂੰ ਜਾਣੂ ਕਰਵਾਇਆ। ਮੁੱਖ ਸਟੇਜ ਤੇ ਮਿਸਟਰ ‘ਵਿਬਗਿਓਰ’ ਅਤੇ ਮਿਸ ‘ਵਿਬਗਿਓਰ’ ਦੇ ਖਿਤਾਬ ਲਈ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਆਕਾਸ਼ਦੀਪ ਸ਼ਰਮਾ ਨੂੰ ਮਿਸਟਰ ਵਿਬਗਿਓਰ ਅਤੇ ਜਸਪ੍ਰੀਤ ਕੌਰ ਨੂੰ ਮਿਸ ਵਿਬਗਿਓਰ ਦਾ ਖਿਤਾਬ ਦਿੱਤਾ ਗਿਆ ।
ਮੁੱਖ ਮਹਿਮਾਨ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨੇ ਸੰਬੋਧਨ ਕਰਦਿਆਂ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਨੂੰ 9ਵੇਂ ਕੌਮਾਂਤਰੀ ਫੈਸਟ ਵਿਬਗਿਓਰ-24 ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਇਸ ਮੌਕੇ ਸ੍ਰੀ ਬਲਤੇਜ ਪੰਨੂ, ਮੀਡੀਆ ਸਲਾਹਕਾਰ, ਮੁੱਖ ਮੰਤਰੀ ਪੰਜਾਬ ਅਤੇ ਸ. ਜਗਰੂਪ ਸਿੰਘ ਗਿੱਲ, ਐਮ. ਐਲ.ਏ. ਬਠਿੰਡਾ (ਅਰਬਨ) ਨੇ ਵੀ ਬੀ.ਐਫ.ਜੀ.ਆਈ. ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਪਣੀਆਂ ਸ਼ੁਭਕਾਮਨਾਂਵਾਂ ਦਿੱਤੀਆਂ। ਵਿਬਗਿਓਰ-24 ਦੌਰਾਨ ਗਲੋਬਲ ਵਿਲੇਜ ਵਿੱਚ ਮਿਆਂਮਾਰ, ਬਹਿਰੀਨ, ਨੇਪਾਲ, ਸ੍ਰੀ ਲੰਕਾ, ਯਮਨ, ਜਿੰਮਾਬਵੇ, ਸਾਊਦੀ ਅਰਬ, ਬੰਗਲਾ ਦੇਸ਼, ਇਥੋਪੀਆ, ਸੀਰੀਆ ਆਦਿ ਵੱਖ-ਵੱਖ 10 ਦੇਸ਼ਾਂ ਦੇ ਡੈਲੀਗੇਟਾਂ ਨੇ ਆਪਣੇ-ਆਪਣੇ ਦੇਸ਼ ਦੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀ ਅਤੇ ਇਸ ਮੇਲੇ ਦਾ ਖ਼ੂਬ ਆਨੰਦ ਮਾਣਿਆ। ਅੰਤਰਰਾਸ਼ਟਰੀ ਪੇਸ਼ਕਾਰੀਆਂ ਵਿੱਚ ਵੱਖ-ਵੱਖ ਦੇਸ਼ਾਂ ਦੇ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਸਟੰਟਮੈਨਾਂ ਨੇ ਹੈਰਾਨਕੁੰਨ ਬਾਈਕ ਸਟੰਟ ਦਿਖਾ ਕੇ ਨੋਜਵਾਨਾਂ ਦਾ ਭਰਪੂਰ ਮੰਨੋਰੰਜਨ ਕੀਤਾ। ਇਸ ਫੈਸਟ ਵਿੱਚ ਇੰਡੀਅਨ ਏਅਰ ਫੋਰਸ ਵੱਲੋਂ ਵੀ ਪ੍ਰਦਰਸ਼ਨੀ ਲਗਾਈ ਗਈ ਜਿਥੇ ਨੋਜਵਾਨਾਂ ਨੇ ਏਅਰ ਫੋਰਸ ਨਾਲ ਜੁੜਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦੇਸ਼ਾਂ ਵਿੱਚ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ‘ਸੀ.ਐਚ.ਡੀ. ਕੰਸਲਟੈਂਟਸ ਪ੍ਰਾ. ਲਿਮ.’ ਦੀ ਸਟਾਲ ਖ਼ਾਸ ਖਿੱਚ ਦਾ ਕੇਂਦਰ ਬਣੀ ਰਹੀ ਜਦੋਂ ਕਿ ਬੀ.ਐਫ.ਜੀ.ਆਈ. ਦੇ ਐਡਮਿਸ਼ਨ ਹੈਲਪ ਡੈਸਕ ’ਤੇ ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ 100 ਫ਼ੀਸਦੀ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਸੁਨਿਹਰੀ ਮੌਕੇ ਦਾ ਲਾਭ ਲੈ ਰਹੇ ਸਨ।
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੀ ਲਾਈਵ ਪ੍ਰਫਾਰਮੈਂਸ ਨੇ ਲੋਕਾਂ ਨੂੰ ਆਪਣੀ ਬੀਟ ‘ਤੇ ਨਚਾਇਆ । ਉਸ ਨੇ ਆਪਣੀਆਂ ਐਲਬਮਾਂ ਅਤੇ ਫਿਲਮਾਂ ਦੇ ਹਿੱਟ ਗਾਣਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋਹ ਲਿਆ। ਉਸ ਨੇ ਜੱਟੀਏ, ਨੀਂਦਰਾਂ ਨੀ ਆਉਂਦੀਆਂ, ਚਿੱਟਾ ਕੁੜਤਾ, ‘ਟਰਾਲਾ’, ‘ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ‘, ‘ਲੱਗੀ ਸਾਉਣ ਦੀ ਝੜੀ’ ਆਦਿ ਗਾਣੇ ਗਾ ਕੇ ਲਗਾਤਾਰ 4 ਘੰਟੇ ਆਪਣੀ ਗਾਇਕੀ ਦਾ ਅਜਿਹਾ ਰੰਗ ਬੰਨਿਆ ਕਿ ਇਸ ਲਾਈਵ ਸ਼ੋਅ ਦੇ ਰੰਗਾਰੰਗ ਮਾਹੌਲ ਵਿਚ ਦਰਸ਼ਕ ਪੂਰੀ ਤਰਾਂ ਰੰਗੇ ਹੋਏ ਆਨੰਦ ਮਾਣ ਰਹੇ ਅਤੇ ਭੰਗੜੇ ਪਾ ਰਹੇ ਸਨ।