ਭਾਰਤ ਨਿੱਝਰ ਦੀ ਹੱਤਿਆ ਦੀ ਜਾਂਚ ‘ਚ ਕਰ ਰਿਹੈ ਸਹਿਯੋਗ: ਸਾਬਕਾ ਕੈਨੇਡੀਅਨ NSA ਜੋਡੀ ਥਾਮਸ

ਕੈਨੇਡਾ ਦੀ ਇਕ ਸਾਬਕਾ ਕੌਮੀ ਸੁਰਖਿਆ ਸਲਾਹਕਾਰ ਨੇ ਕਿਹਾ ਹੈ ਕਿ ਭਾਰਤ ਹੁਣ ਬ੍ਰਿਟਿਸ਼ ਕੋਲੰਬੀਆ ਵਿਚ ਇਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਦੀ ਚੱਲ ਰਹੀ ਜਾਂਚ ਵਿਚ ਕੈਨੇਡਾ ਨਾਲ ਸਹਿਯੋਗ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ ਮਹੀਨਿਆਂ ਦੇ ਤਣਾਅ ਤੋਂ ਬਾਅਦ ਦੁਵਲੇ ਸਬੰਧਾਂ ’ਚ ਸੁਧਾਰ ਹੋ ਰਿਹਾ ਹੈ।

ਕੈਨੇਡਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਨੇ ਸ਼ੁਕਰਵਾਰ ਨੂੰ ਸੀ.ਟੀ.ਵੀ. ਨੂੰ ਦਿਤੇ ਇਕ ਇੰਟਰਵਿਊ ਵਿਚ ਦੁਵਲੇ ਸਬੰਧਾਂ ਵਿਚ ਤਬਦੀਲੀ ਨੂੰ ਇਕ ‘ਨਵੀਂ ਸ਼ੁਰੂਆਤ’ ਦਸਿਆ। ਉਨ੍ਹਾਂ ਕਿਹਾ ਕਿ ਭਾਰਤ ਹੁਣ ਪਿਛਲੇ ਸਾਲ ਜੂਨ ’ਚ ਕੈਨੇਡਾ ਦੇ ਸ਼ਹਿਰ ਸਰੀ ’ਚ ਵੱਖਵਾਦੀ ਅਤੇ ਭਾਰਤ ਵਲੋਂ ਅਤਿਵਾਦੀ ਐਲਾਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਚੱਲ ਰਹੀ ਜਾਂਚ ’ਚ ਸਹਿਯੋਗ ਕਰ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕੈਨੇਡੀਅਨ ਅਧਿਕਾਰੀ ਨੇ ਨਿੱਝਰ ਕਤਲ ਕੇਸ ਦੀ ਜਾਂਚ ’ਚ ਨਵੀਂ ਦਿੱਲੀ ਦੇ ਸਹਿਯੋਗ ਨਾ ਕਰਨ ਦੇ ਕੈਨੇਡੀਅਨ ਦੋਸ਼ਾਂ ਤੋਂ ਬਾਅਦ ਭਾਰਤ ਵਲੋਂ ਇਸ ਦਿਸ਼ਾ ’ਚ ਕੰਮ ਕਰਨ ਦੀ ਗੱਲ ਮੰਨੀ ਹੈ।