ਅਮਰੀਕਾ ‘ਚ ਸਟੋਰ ਚਲਾ ਰਹੇ ਗੁਜਰਾਤੀ ਦਾ ਬੇਰਹਿਮੀ ਨਾਲ ਕਤਲ, ਲੁੱਟਣ ਆਏ ਲੜਕੇ ਨੇ ਗੋਲੀ ਮਾਰ ਕੇ ਕੀਤਾ ਕਤਲ

ਨਿਊਯਾਰਕ, 16 ਅਗਸਤ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਸੂਬੇ ਨੌਰਥ ਕੈਰੋਲੀਨਾ ਵਿੱਚ ਆਪਣਾ ਤੰਬਾਕੂ ਦਾ ਸਟੋਰ ਚਲਾ ਰਹੇ ਇੱਕ ਭਾਰਤੀ- ਗੁਜਰਾਤੀ ਨੂੰ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ ਗਈ ਹੈ। ਉੱਤਰੀ ਕੈਰੋਲੀਨਾ ਦੇ ਰੋਵਨ ਕਾਉਂਟੀ ‘ਚ ਹੋਈ ਇਸ ਘਟਨਾ ‘ਚ ਸੈਲਿਸਬਰੀ ‘ਚ ਏਅਰਪੋਰਟ ਰੋਡ ‘ਤੇ ਸਥਿਤ ਤੰਬਾਕੂ ਹਾਊਸ ਸਟੋਰ ਦੇ ਮਾਲਕ ਮਾਨਕ ਪਟੇਲ ਨਾਮੀਂ ਵਿਅਕਤੀ ਨੂੰ ਮੰਗਲਵਾਰ ਸਵੇਰੇ 11:15 ਵਜੇ ਦੇ ਕਰੀਬ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ।

ਰੋਵਨ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਸਟੋਰ ਦੇ ਮਾਲਕ ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਨਾਬਾਲਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪਰ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਉਸਦੀ ਉਮਰ 18 ਸਾਲ ਤੋਂ ਘੱਟ ਹੈ। ਮੈਅਕ ਪਟੇਲ ਦੀ ਮਲਕੀਅਤ ਵਾਲੇ ਤੰਬਾਕੂ ਹਾਊਸ ਸੁਵਿਧਾ ਸਟੋਰ ਤੋਂ ਪੁਲਿਸ ਨੂੰ ਕਾਲ ਕੀਤੀ ਗਈ। ਜਦੋਂ ਪੁਲਸ ਮਾਨਕ ਪਟੇਲ ਦੇ ਸਟੋਰ ‘ਤੇ ਪਹੁੰਚੀ ਤਾਂ ਉਹ ਖੂਨ ਨਾਲ ਲੱਥਪੱਥ ਪਿਆ ਸੀ, ਮਾਨਕ ਪਟੇਲ ‘ਤੇ ਕਈ ਰਾਉਂਡ ਫਾਇਰ ਕੀਤੇ ਗਏ। ਗੰਭੀਰ ਰੂਪ ਨਾਲ ਜ਼ਖਮੀ ਹੋਏ ਪਟੇਲ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਆਖਿਰਕਾਰ ਸ਼ਾਮ ਅੱਠ ਵਜੇ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਨਕ ਪਟੇਲ ਕਦੋਂ ਅਮਰੀਕਾ ਗਿਆ ਸੀ ਅਤੇ ਉਸ ਦੇ ਪਰਿਵਾਰ ਵਿਚ ਕੌਣ ਸੀ, ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉੱਤਰੀ ਕੈਰੋਲੀਨਾ ਵਿੱਚ ਗੁਜਰਾਤੀਆਂ ਦੀ ਕਾਫ਼ੀ ਆਬਾਦੀ ਹੈ, ਇਸ ਰਾਜ ਵਿੱਚ ਗੁਜਰਾਤੀ ਮੋਟਲਾਂ ਤੋਂ ਇਲਾਵਾ ਸਟੋਰਾਂ ਅਤੇ ਗੈਸ ਸਟੇਸ਼ਨਾਂ ਦੇ ਕਾਰੋਬਾਰ ਵਿੱਚ ਉਹ ਸ਼ਾਮਲ ਹਨ।

ਉੱਤਰੀ ਕੈਰੋਲੀਨਾ ਵਿੱਚ ਅਮਰੀਕਾ ਵਿੱਚ ਉੱਚ ਅਪਰਾਧ ਦੀ ਦਰਾਂ ਵਾਲੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਅਪਰਾਧ ਦਰ ਹੈ, ਪਰ ਬੰਦੂਕ ਸੱਭਿਆਚਾਰ ਦਾ ਪ੍ਰਭਾਵ ਇਸ ਰਾਜ ਵਿੱਚ ਵੀ ਦੇਖਿਆ ਜਾ ਸਕਦਾ ਹੈ।