ਸਿੰਗਾਪੁਰ ’ਚ ਪੰਜਾਬੀ ਮੂਲ ਦੇ ਸਾਬਕਾ ਵਕੀਲ ਨੂੰ ਜੇਲ

ਸਿੰਗਾਪੁਰ: ਸਿੰਗਾਪੁਰ ਦੇ ਭਾਰਤੀ ਮੂਲ ਦੇ ਸਾਬਕਾ ਵਕੀਲ ਨੂੰ ਤਿੰਨ ਮੁਵੱਕਲਾਂ ਦੇ 4,80,000 ਸਿੰਗਾਪੁਰੀ ਡਾਲਰ ਦੀ ਦੁਰਵਰਤੋਂ ਕਰਨ ਦੇ ਦੋਸ਼ ’ਚ ਕਰੀਬ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਨਿਊਜ਼ ਰੀਪੋਰਟ ਮੁਤਾਬਕ 70 ਸਾਲਾ ਗੁਰਦੇਵ ਪਾਲ ਸਿੰਘ ਨੇ 2011 ਤੋਂ 2016 ਦੇ ਵਿਚਕਾਰ ਇਹ ਅਪਰਾਧ ਕੀਤਾ ਸੀ। ਗੁਰਦੇਵ ਪਾਲ ਸਿੰਘ ਗੁਰਦੇਵ ਚੇਓਂਗ ਐਂਡ ਪਾਰਟਨਰਜ਼ (ਜੀ.ਸੀ.ਪੀ.) ਦਾ ਵਕੀਲ ਸੀ।

ਉਸ ਨੂੰ ਲਗਭਗ 4,59,000 ਸਿੰਗਾਪੁਰ ਡਾਲਰ ਦੀ ਦੁਰਵਰਤੋਂ ਨਾਲ ਜੁੜੇ ਅਪਰਾਧਕ ਵਿਸ਼ਵਾਸਘਾਤ ਦੇ ਦੋ ਦੋਸ਼ਾਂ ਅਤੇ ਕਾਨੂੰਨੀ ਪੇਸ਼ੇ ਐਕਟ ਦੇ ਤਹਿਤ ਇਕ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਅਦਾਲਤ ਨੇ ਗੁਰਦੇਵ ਪਾਲ ਸਿੰਘ ਨੂੰ 21,000 ਸਿੰਗਾਪੁਰੀ ਡਾਲਰ ਦੀ ਦੁਰਵਰਤੋਂ ਨਾਲ ਜੁੜੇ ਅਪਰਾਧਕ ਵਿਸ਼ਵਾਸਘਾਤ ਦੇ ਇਕ ਹੋਰ ਮਾਮਲੇ ਵਿਚ ਵੀ ਦੋਸ਼ੀ ਪਾਇਆ ਅਤੇ ਉਸ ਨੂੰ ਤਿੰਨ ਸਾਲ ਅਤੇ 11 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।