ਐਬਟਸਫੋਰਡ – ਕੈਨੇਡਾ ‘ਚ ਹਾਕੀ ਦੀ ਪ੍ਰਮੁੱਖ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ 21 ਮਾਰਚ 2024 ਤੋਂ 1 ਅਪ੍ਰੈਲ ਤੱਕ ਇੰਗਲੈਂਡ ਦੇ ਵੇਲਜ਼ ਤੇ ਸਕਾਟਲੈਂਡ ਵਿਖੇ ਹੋ ਰਹੇ ਅੰਡਰ-18 ਲੜਕੀਆਂ ਦੇ ਅੰਤਰਰਾਸ਼ਟਰੀ ਫੀਲਡ ਹਾਕੀ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੀ ਟੀਮ ਰੋਸਟਰ ਦਾ ਐਲਾਨ ਕਰ ਦਿੱਤਾ ਹੈ ਜਿਸ ਵਿਚ ਕੈਨੇਡਾ ਦੀਆਂ 2 ਪੰਜਾਬਣ ਖਿਡਾਰਨਾਂ ਨੂੰ ਕੈਨੇਡਾ ਦੀ 20 ਮੈਂਬਰੀ ਲੜਕੀਆਂ ਦੀ ਜੂਨੀਅਰ ਰੋਸਟਰ ਕੌਮੀ ਹਾਕੀ ਟੀਮ ਲਈ ਚੁਣਿਆ ਗਿਆ ਹੈ।
ਕੈਨੇਡਾ ਦੀ 20 ਮੈਂਬਰੀ ਲੜਕੀਆਂ ਦੀ ਜੂਨੀਅਰ ਰੋਸਟਰ ਕੌਮੀ ਹਾਕੀ ਟੀਮ ਵਿਚ 2 ਪੰਜਾਬਣ ਖਿਡਾਰਨਾਂ ਸੁਖਮਨ ਕੌਰ ਹੁੰਦਲ ਅਤੇ ਪ੍ਰਭਨੂਰ ਕੌਰ ਹੁੰਦਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੁਰਿੰਦਰ ਲਾਇਨਜ਼ ਇੰਡੀਆ ਹਾਕੀ ਕਲੱਬ ਤੇ ਇਰਲ ਮੇਰੀਅਟ ਸੈਕੰਡਰੀ ਸਕੂਲ ਦੀ ਵਿਦਿਆਰਥਣ ਸੁਖਮਨ ਹੁੰਦਲ ਨੇ 7 ਸਾਲ ਦੀ ਉਮਰ ਵਿਚ ਹਾਕੀ ਖੇਡਣੀ ਸ਼ੁਰੂ ਕੀਤੀ ਸੀ ਤੇ ਉਹ ਡਿਫੈਂਸ ਤੇ ਮਿਡਫੀਲਡ ਪੁਜ਼ੀਸ਼ਨ ‘ਤੇ ਹਾਕੀ ਖੇਡਦੀ ਹੈ।
ਜਦਕਿ ਸੈਮੀ ਆਹਮੂ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਤੇ ਇੰਡੀਆ ਹਾਕੀ ਕਲੱਬ ਤੇ ਸੁਰਿੰਦਰ ਲਾਇਨਜ਼ ਟੀਮ ਦੀ ਖਿਡਾਰਨ ਨੂਰ ਕੌਰ ਹੁੰਦਲ ਮਿਡਫੀਲਡ ਪੁਜ਼ੀਸ਼ਨ ‘ਤੇ ਹਾਕੀ ਖੇਡਦੀ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਹੋਣਹਾਰ ਖਿਡਾਰਨਾਂ 2023 ‘ਚ ਬ੍ਰਿਟਿਸ਼ ਕੋਲੰਬੀਆ ਦੀ ਅੰਡਰ 18 ਲੜਕੀਆਂ ਦੀ ਸੂਬਾਈ ਜੂਨੀਅਰ ਫੀਲਡ ਹਾਕੀ ਟੀਮ ਵਿਚ ਖੇਡ ਚੁੱਕੀਆਂ ਹਨ। ਫੀਲਡ ਹਾਕੀ ਦੀ ਅੰਤਰਰਾਸ਼ਟਰੀ ਖਿਡਾਰਨ ਰਹੀ ਹਰਲੀਨ ਕੌਰ ਨੂੰ ਇਸ ਟੀਮ ਦਾ ਸਹਿ ਕੋਚ ਬਣਾਇਆ ਗਿਆ ਹੈ।