72 ਸਾਲਾਂ ਬਾਅਦ ਸਾਊਦੀ ਅਰਬ ‘ਚ ਖੁੱਲ੍ਹੇਗਾ ਪਹਿਲਾ ‘ਅਲਕੋਹਲ ਸਟੋਰ’, 1952 ‘ਚ ਲਗਾ ਦਿੱਤੀ ਗਈ ਸੀ ਪਾਬੰਦੀ

ਰਿਆਦ – ਸਾਊਦੀ ਅਰਬ ਆਪਣੀ ਰਾਜਧਾਨੀ ਰਿਆਦ ‘ਚ 72 ਸਾਲਾਂ ਬਾਅਦ ਪਹਿਲਾ ਅਲਕੋਹਲ ਸਟੋਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਹ ਸਟੋਰ ਗੈਰ-ਮੁਸਲਿਮ ਡਿਪਲੋਮੈਟਾਂ ਨੂੰ ਸੇਵਾ ਪ੍ਰਦਾਨ ਕਰੇਗਾ। ਨਿਊਜ਼ ਏਜੰਸੀ ਰਾਇਟਰਜ਼ ਦੀ ਖ਼ਬਰ ਮੁਤਾਬਕ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ‘ਚ ਇਸ ਨੂੰ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਮਾਹਿਰ ਇਸ ਨੂੰ ਅਰਥਵਿਵਸਥਾ ਨੂੰ ਮਜ਼ਬੂਤ ​​ਕਰਨ ਲਈ ਵਿਜ਼ਨ 2030 ਨਾਮਕ ਵਿਆਪਕ ਯੋਜਨਾਵਾਂ ਦੇ ਹਿੱਸੇ ਵਜੋਂ ਦੇਖ ਰਹੇ ਹਨ। ਸਾਊਦੀ ਸਰਕਾਰ ਵੱਲੋਂ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ 1952 ਤੋਂ ਇਸ ਦੇਸ਼ ਵਿੱਚ ਸ਼ਰਾਬ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।