ਜੈਸ਼ੰਕਰ ਨੇ ਅਮਰੀਕੀ ਐੱਨਐੱਸਏ ਨਾਲ ਕੀਤੀ ਮੁਲਾਕਾਤ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅਮਰੀਕੀ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਾਲ ਮੁਲਾਕਾਤ ਕਰਕੇ ਦੋਵੇਂ ਮੁਲਕਾਂ ਵਿਚਕਾਰ ਦੁਵੱਲੇ ਸਬੰਧਾਂ ’ਚ ਪ੍ਰਗਤੀ ਦਾ ਜਾਇਜ਼ਾ ਲਿਆ। ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ’ਚ ਹਿੱਸਾ ਲੈਣ ਮਗਰੋਂ ਨਿਊਯਾਰਕ ਤੋਂ ਬੁੱਧਵਾਰ ਨੂੰ ਵਾਸ਼ਿੰਗਟਨ ਪੁੱਜੇ ਜੈਸ਼ੰਕਰ ਨੇ ਜੈਕ ਸੁਲੀਵਨ ਨਾਲ ਹੋਈ ਮੁਲਾਕਾਤ ਦੀ ‘ਐਕਸ’ ’ਤੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ ਕਿ ਸੁਲੀਵਨ ਨਾਲ ਮੀਟਿੰਗ ਦੌਰਾਨ ਇਸ ਸਾਲ ਦੁਵੱਲੇ ਸਬੰਧਾਂ ਦੀ ਪ੍ਰਗਤੀ ਬਾਰੇ ਚਰਚਾ ਮਗਰੋਂ ਉਸ ਨੂੰ ਅਗਾਂਹ ਲਿਜਾਏ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਉਂਜ ਵ੍ਹਾਈਟ ਹਾਊਸ ਨੇ ਮੀਟਿੰਗ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਹੈ। ਜੈਸ਼ੰਕਰ ਵਿਦੇਸ਼ ਵਿਭਾਗ ਦੇ ਫੌਗੀ ਬੌਟਮ ਹੈੱਡਕੁਆਰਟਰ ’ਚ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਮੁਲਾਕਾਤ ਕਰਨਗੇ। ਉਹ ਅਮਰੀਕੀ ਵਪਾਰ ਪ੍ਰਤੀਨਿਧ ਕੈਥਰੀਨ ਟਾਈ ਨਾਲ ਵੀ ਮਿਲਣਗੇ। ਭਾਰਤ ਅਤੇ ਕੈਨੇਡਾ ਵਿਚਕਾਰ ਪੈਦਾ ਹੋਏ ਤਣਾਅ ਦੌਰਾਨ ਦੋਵੇਂ ਮੁਲਕਾਂ ਦੀ ਇਹ ਪਹਿਲੀ ਉੱਚ ਪੱਧਰੀ ਮੀਟਿੰਗ ਹੈ।

ਉਂਜ ਇਹ ਮੀਟਿੰਗ ਬਹੁਤ ਪਹਿਲਾਂ ਤੋਂ ਤੈਅ ਸੀ ਅਤੇ ਅਮਰੀਕਾ, ਭਾਰਤ ਨੂੰ ਆਖਦਾ ਆ ਰਿਹਾ ਹੈ ਕਿ ਉਹ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਕੈਨੇਡੀਅਨ ਜਾਂਚ ’ਚ ਸਹਿਯੋਗ ਕਰੇ। ਜੈਸ਼ੰਕਰ ਵੱਲੋਂ ਬਾਇਡਨ ਪ੍ਰਸ਼ਾਸਨ ਦੇ ਹੋਰ ਅਧਿਕਾਰੀਆਂ ਨਾਲ ਵੀ ਮੀਟਿੰਗਾਂ ਕੀਤੇ ਜਾਣ ਦੀ ਸੰਭਾਵਨਾ ਹੈ।