ਕਰੇਮੋਨਾ ਜ਼ਿਲ੍ਹੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪ੍ਰੋਸੂਸ ਮੀਟ ਦੀ ਫੈਕਟਰੀ ਵਿੱਚੋਂ 60 ਪੰਜਾਬੀ ਕਾਮਿਆਂ ਨੂੰ ਕੱਢ ਦਿੱਤਾ ਗਿਆ ਸੀ। ਜਿਸ ਦੇ ਰੋਸ ਵਜੋਂ ਉਹ ਕਾਮੇ ਪਿਛਲੇ ਤਕਰੀਬਨ 96 ਦਿਨਾਂ ਤੋਂ ਫੈਕਟਰੀ ਦੇ ਅੰਦਰ ਅਤੇ ਬਾਹਰ ਵਰਦੇ ਮੀਂਹ, ਤੂਫਾਨ ਅਤੇ ਬਰਫ਼ ਵਿੱਚ ਵੀ ਧਰਨੇ ‘ਤੇ ਬੈਠੇ ਹੋਏ ਹਨ। ਜਿੱਥੇ ਕਿ ਉਨ੍ਹਾਂ ਦੀ ਸੰਸਥਾ ਯੂ.ਐਸ.ਬੀ ਉਨ੍ਹਾਂ ਦਾ ਕਾਨੂੰਨੀ ਕਾਰਵਾਈ ਵਿੱਚ ਪੂਰਾ ਸਾਥ ਦੇ ਰਹੀ ਹੈ। ਉੱਥੇ ਹੀ ਇਹ ਵੀਰ ਸਮੇਂ-ਸਮੇਂ ‘ਤੇ ਆਪਣੇ ਭਾਈਚਾਰੇ ਨੂੰ ਵੀ ਅਪੀਲ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਸਹਿਯੋਗ ਲਈ ਵੱਧ ਤੋਂ ਵੱਧ ਵੇਸਕੋਵਾਤੋ, ਕਰੇਮੋਨਾ ਵਿਖੇ ਸਥਿਤ ਫੈਕਟਰੀ ਵਿੱਚ ਪਹੁੰਚਣ ਤਾਂ ਜੋ ਉਹ ਫੈਕਟਰੀ ਦੇ ਮਾਲਕਾਂ ਨੂੰ ਆਪਣਾ ਇਕੱਠ ਦਿਖਾ ਸਕਣ ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ‘ਤੇ ਵਾਪਸ ਰੱਖਿਆ ਜਾਵੇ।
ਇਨ੍ਹਾਂ ਵੀਰਾਂ ਅਤੇ ਇਨ੍ਹਾਂ ਦੀ ਸੰਸਥਾ ਯੂ.ਐ.ਸਬੀ ਦੇ ਸੱਦੇ ‘ਤੇ ਪਹਿਲਾਂ ਵੀ ਭਾਰੀ ਇਕੱਠ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨੀ ਇਨ੍ਹਾਂ ਵੀਰਾਂ ਵੱਲੋਂ 21 ਜਨਵਰੀ ਐਤਵਾਰ 2024 ਨੂੰ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਵਿੱਚ ਕਿ ਇੱਕ ਇਟਾਲੀਅਨ ਸੰਸਥਾ ਆਰਚੀ ਵੱਲੋਂ ਫੈਕਟਰੀ ਦੇ ਬਾਹਰ ਪਹੁੰਚ ਕੇ ਇਨ੍ਹਾਂ ਵੀਰਾਂ ਵਾਸਤੇ ਦੁਪਹਿਰ ਦਾ ਖਾਣਾ ਤਿਆਰ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਪਿਛਲੇ 96 ਦਿਨਾਂ ਤੋਂ ਦਿੱਤੇ ਜਾ ਰਹੇ ਧਰਨੇ ਵਿੱਚ ਇਹਨਾਂ ਨੂੰ ਹਮਾਇਤ ਦਿੰਦਿਆਂ ਇਕ ਮਿਸਾਲ ਪੈਦਾ ਕੀਤੀ ਗਈ। ਗੁਰਦੁਆਰਾ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਦੀ ਪ੍ਰਬੰਧਕ ਕਮੇਟੀ ਅਤੇ ਸੇਵਾਦਾਰ ਵੀ ਇਸ ਮੌਕੇ ਇਨ੍ਹਾਂ ਵੀਰਾਂ ਦੀ ਹਮਾਇਤ ਲਈ ਪਹੁੰਚੇ।