ਲਹਿੰਦੇ ਪੰਜਾਬ ’ਚ ਠੰਢ ਕਾਰਨ 18 ਹੋਰ ਬੱਚਿਆਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕੜਾਕੇ ਦੀ ਠੰਢ ਦੇ ਮੌਸਮ ਵਿਚ ਨਿਮੋਨੀਆ ਕਾਰਨ ਘੱਟੋ ਘੱਟ 18 ਬੱਚਿਆਂ ਦੀ ਮੌਤ ਹੋ ਗਈ ਹੈ। ਏ.ਆਰ.ਵਾਈ. ਨਿਊਜ਼ ਨੇ ਇਹ ਰਿਪੋਰਟ ਦਿਤੀ। ਸਿਹਤ ਵਿਭਾਗ ਦੇ ਅੰਕੜਿਆਂ ਦੇ ਹਵਾਲੇ ਨਾਲ ਦਸਿਆ ਕਿ ਨਿਮੋਨੀਆ ਦੇ 1062 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਲਾਹੌਰ ਤੋਂ ਸਨ।

ਇਕੱਲੇ ਜਨਵਰੀ ਵਿਚ ਲਾਹੌਰ ਵਿਚ ਸਰਕਾਰੀ ਹਸਪਤਾਲਾਂ ਵਿਚ 780 ਮਾਮਲੇ ਸਾਹਮਣੇ ਆਏ, ਜਦਕਿ ਪੰਜਾਬ ਵਿਚ ਨਿਮੋਨੀਆ ਦੇ 4900 ਮਾਮਲੇ ਸਾਹਮਣੇ ਆਏ। ਬੱਚਿਆਂ ਨੂੰ ਨਿਮੋਨੀਆ ਹੋਣ ਤੋਂ ਬਚਾਉਣ ਲਈ ਸਰਕਾਰ ਨੇ 31 ਜਨਵਰੀ ਤਕ ਸਕੂਲਾਂ ਵਿਚ ਸਵੇਰ ਦੀ ਪ੍ਰਾਰਥਨਾ ਸਭਾ ਕਰਨ ’ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਠੰਢ ਦੇ ਮੌਸਮ ਕਾਰਨ ਹੋਣ ਵਾਲੇ ਨਿਮੋਨੀਆ ਕਾਰਨ ਘੱਟੋ-ਘੱਟ 36 ਬੱਚਿਆਂ ਦੀ ਮੌਤ ਹੋ ਗਈ ਸੀ।