ਹਰਿਆਣਾ ਤੋਂ ਆਈ ਟੀਮ ਨੇ ਪੇਸ਼ ਕੀਤਾ ਸੰਗੀਤਕ ਨਾਟਕ ਪੰਚਲਾਈਟ

ਨਾਟਿਅਮ ਪੰਜਾਬ ਵੱਲੋਂ ਟੈਕਨੀਕਲ ਯੂਨੀਵਰਸਿਟੀ ਵਿਖੇ ਕਰਵਾਇਆ ਜਾ ਰਿਹਾ 15 ਰੋਜ਼ਾ ਨਾਟਕ ਮੇਲਾ

ਬਠਿੰਡਾ, 28 ਅਕਤੂਬਰ – ਨਾਟਕ ਕੇਵਲ ਅਦਾਕਾਰੀ ਨਹੀਂ ਬਲਕਿ ਵੱਖ ਵੱਖ ਕਲਾਵਾਂ ਦਾ ਸੁਮੇਲ ਹੁੰਦਾ ਹੈ
ਜਿਸਨੂੰ ਜਦੋਂ ਕਲਾਕਾਰ ਆਪਣੇ ਹੁਨਰ ਨਾਲ ਪੇਸ਼ ਕਰਦੇ ਹਨ ਤਾਂ ਦਰਸ਼ਕ ਉਸਦਾ ਖੂਬ ਆਨੰਦ ਲੈਂਦੇ ਹਨ।ਇਸ ਗੱਲ੍ਹ ਦਾ ਸਬੂਤ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡ੍ਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ ਚੌਥੀ ਸ਼ਾਮ ਵੇਖਣ ਨੂੰ ਮਿਲਿਆ ਜਦੋਂ ਕੁਰਕਸ਼ੇਤਰ, ਹਰਿਆਣਾ ਤੋਂ ਆਈ ਨਿਊ ਓਥਾਨ ਥੀਏਟਰ ਗਰੁੱਪ ਦੀ ਟੀਮ ਵੱਲੋਂ ਆਪਣੀ ਸੱਭਿਆਚਾਰਕ ਸ਼ੈਲੀ ਦਾ ਪ੍ਰਦਰਸ਼ਨ ਕਰਦੇ ਹੋਏ ਫਨੀਸ਼ਵਰ ਨਾਥ ਰੇਨੂ ਦਾ ਲਿਖਿਆ ਸੰਗੀਤਕ ਨਾਟਕ ਪੰਚਲਾਈਟ ਦਾ ਮੰਚਨ ਕੀਤਾ ਗਿਆ। ਵਿਕਾਸ ਸ਼ਰਮਾ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤੇ ਗਏ ਇਸ ਨਾਟਕ ਵਿਚ ਕਲਾਕਾਰਾਂ ਨੇ ਪੁਰਾਣੇ ਜ਼ਮਾਨੇ ਦੇ ਸਮੇਂ ਨੂੰ ਪੇਸ਼ ਕੀਤਾ ਜਦੋਂ ਬਿਜਲੀ ਦੀ ਖੋਜ ਹਾਲੇ ਹੋਣੀ ਬਾਕੀ ਸੀ ਅਤੇ ਲਾਲਟੈਨ ਦਾ ਚਾਨਣ ਹੀ ਚਰਚਾ ਦਾ ਵਿਸ਼ਾ ਹੁੰਦਾ ਸੀ। ਨਾਟਕ ਵਿਚ ਇੱਕ ਪਿੰਡ ਵਿਚ ਲਾਲਟੈਨ ਪਹੁੰਚਣ ਕਾਰਨ ਬਵਾਲ ਹੋ ਜਾਂਦੇ ਹਨ ਅਤੇ ਉਹ ਲੋਕਾਂ ਨੂੰ ਜਲਾਉਣੀ ਵੀ ਨਹੀਂ ਆ ਰਹੀ ਹੁੰਦੀ ਜਦੋਕਿ ਇਸ ਕੰਮ ਲਈ ਉਨ੍ਹਾਂ ਵੱਲੋਂ ਬਹੁਤ ਕੋਸ਼ਿਸ਼ਾਂ ਵੀ ਕੀਤੀਆਂ ਜਾਂਦੀਆਂ ਹਨ। ਤੁੱਕਬੰਦੀ ਅਤੇ ਸੰਗੀਤਾਂ ਨਾਲ ਸਜੇ ਨਾਟਕ ਨੂੰ ਦੇਖਕੇ ਦਰਸ਼ਕਾਂ ਨੇ ਠਹਾਕੇ ਲਗਾਉਂਦਿਆਂ ਨਾਟਕ ਦਾ ਆਨੰਦ ਮਾਣਿਆ।

ਇਸ ਮੌਕੇ ਪਹੁੰਚੀਆਂ ਸਨਮਾਨਿਤ ਸਖਸ਼ੀਅਤਾਂ ਵਿੱਚ ਪੰਕਜ ਕੁਮਾਰ, ਅਸਿਸਟੇਂਟ ਕਮਿਸ਼ਨਰ (ਜਨਰਲ) ਬਠਿੰਡਾ, ਡਾ. ਗੁਰਸੇਵਕ ਸਿੰਘ, ਐਮਡੀ, ਕੇਅਰ ਹਸਪਤਾਲ, ਮਨਦੀਪ ਕੌਰ ਪ੍ਰਧਾਨ ਬੀਸੀ ਵਿੰਗ ਆਪ, ਅਤੇ ਸੀਨੀਅਰ ਪੱਤਰਕਾਰ ਗੁਰਪ੍ਰੇਮ ਲਹਿਰੀ ਵੱਲੋਂ ਸ਼ਮਾ ਰੌਸ਼ਨ ਕਰਕੇ ਸ਼ਾਮ ਦੀ ਸ਼ੁਰੂਆਤ ਕੀਤੀ ਗਈ ਅਤੇ ਨਾਟਿਅਮ ਟੀਮ ਨੂੰ ਇਸ ਕੌਮੀ ਆਯੋਜਨ ਲਈ ਹਰ ਪ੍ਰਕਾਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪ੍ਰਬੰਧਕਾਂ ਵਿਚੋਂ ਕੀਰਤੀ ਕਿਰਪਾਲ, ਡਾ ਵਿਤੁਲ ਗੁਪਤਾ ਅਤੇ ਡਾ ਪੂਜਾ ਗੁਪਤਾ ਨੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ।