ਸਬੱਬੀਂ ਮੇਲ (ਯਾਦਾਂ ਦੇ ਝਰੋਖੇ ਚੋਂ)

ਇਹ ਯਾਦ ਚਾਲੀ ਸਾਲ ਤੋਂ ਵੀ ਵੱਧ ਪੁਰਾਣੀ ਹੈ।ਜਦੋਂ ਛੁੱਟੀ ਵਾਲੇ ਦਿੱਨ ਦੋਸਤ ਮਿੱਤਰ ਇੱਕਠੇ ਹੋ ਕਿ ਪੈਰਿਸ ਦੀਆਂ ਸ਼ੜਕਾਂ ਤੇ ਘੁੰਮਣ ਲਈ ਜਾਂਦੇ ਸੀ।ਉਸ ਵਕਤ ਪਗ਼ੜੀ ਵਾਲਾ ਸਰਦਾਰ ਕੋਈ ਟਾਵਾਂ ਹੀ ਪੈਰਿਸ ਵਿੱਚ ਦਿੱਸਦਾ ਜਾਂ ਵਸਦਾ ਹੁੰਦਾ ਸੀ।ਫ਼ਰੈਂਚ ਲੋਕੀਂ ਪਗ਼ੜੀ ਵਾਲੇ ਨੂੰ ਮਹਾਰਾਜਾ ਕਹਿ ਕਿ ਬਲਾਉਦੇ ਸਨ।ਸ਼ਾਇਦ ਇਹਨਾਂ ਦੇ ਪੁਰਖਿਆਂ ਨੇ ਮਹਾਰਾਜਾ ਰਣਜੀਤ ਸਿੰਘ ਵਾਰੇ ਜਰੂਰ ਪੜ੍ਹਿਆ ਸੁਣਿਆ ਹੋਵੇਗਾ।ਕਿਉਂ ਕਿ ਉਸ ਦੀ ਫੌਜ ਵਿੱਚ ਫਰੈਂਚ ਜਨਰਲ ਜੀਨ ਫਰਾਂਸਉਆਜ਼ ਏਲੋਰਡ ਵਰਗੇ ਨੌਕਰੀ ਕਰ ਚੁੱਕੇ ਸਨ।

ਉਹਨਾਂ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਪੈਰਿਸ ਦੇ ਮਸ਼ਹੂਰ ਗਰਂੈਡ ਹੋਟਲ ਵਿੱਚ 22 ਅਕਤੂਬਰ 1893 ਨੂੰ ਮੌਤ ਹੋ ਗਈ ਸੀ।ਫ਼ਰਾਂਸ ਦੀ ਹਿਸਟਰੀ ਵਿੱਚ ਵੀ ਹੈ,ਕਿ ਬ੍ਰਿਟਿਸ਼ ਫੌਜ ਦੀ ਕਮਾਨ ਥੱਲੇ ਪਹਿਲੀ ਜੰਗ ਦੌਰਾਨ ਸਾਲ 1914 ਵਿੱਚ ਸਿੱਖ ਫ਼ਰਾਂਸ ਆਏ ਸਨ।ਫ਼ਰੈਂਚ ਲੋਕਾਂ ਵਿੱਚ ਸਿੱਖਾਂ ਪ੍ਰਤੀ ਪਿਆਰ ਦੀ ਭਾਵਨਾ ਵੀ ਹੈ।ਉਸ ਵਕਤ ਮੈਨੂੰ ਫ਼ਰਾਂਸ ਵਿੱਚ ਰਹਿੰਦਿਆਂ ਥੋੜੇ ਦੇਰ ਹੋਈ ਸੀ।ਐਤਵਾਰ ਦਾ ਦਿੱਨ ਸੀ।ਮੈਂ ਤੇ ਮੇਰਾ ਦੋਸਤ (ਭਜਨ) ਇੱਕ ਵਿਸ਼ਾਲ ਚੌੜੀ ਸ਼ੜਕ ਤੇ ਜਾ ਰਹੇ ਸੀ।ਸਾਹਮਣੇ ਵਾਲੇ ਪਾਸੇ ਤੋਂ ਦੋ ਭਾਰਤੀ ਮੂਲ ਦੇ ਆਦਮੀ ਦੂਸਰੀ ਸਾਈਡ ਤੋਂ ਸਾਡੇ ਵੱਲ ਨੂੰ ਆ ਰਹੇ ਸਨ।ਦੋਵਾਂ ਨੇ ਸੂਟ ਬੂਟ ਪਹਿਨੇ ਹੋਏ,ਤੇ ਇੱਕ ਨੇ ਸਿਰ ਉਪਰ ਸਲੀਕੇ ਨਾਲ ਪਗ਼ੜੀ ਵੀ ਸਜਾਈ ਹੋਈ ਸੀ।

ਉਹ ਸਿੱਧੇ ਸ਼ੜਕ ਨੂੰ ਪਾਰ ਕਰਕੇ ਸਾਡੇ ਕੋਲ ਆ ਗਏ।ਪਹਿਰਾਵੇ ਤੋਂ ਕੋਈ ਸਰਕਾਰੀ ਅਧਿਕਾਰੀ ਜਾਂ ਅਮਰੀਕਾ,ਇੰਗਲੈਂਡ ਦੇ ਵਸਨੀਕ ਲੱਗ ਰਹੇ ਸਨ।”ਸਤਸ੍ਰੀਅਕਾਲ” ਬਲਾਉਣ ਤੋਂ ਬਾਅਦ ਪਗ਼ੜੀ ਵਾਲੇ ਨੇ ਪੁੱਛਿਆ,”ਆਪ ਪਾਕਿਸਤਾਨੀ ਹੋ”!ਮੈ ਕਿਹਾ ਨਹੀ ਜੀ,”ਇੰਡੀਆ ਤੋਂ ਹਾਂ”।”ਬਹੁਤ ਅੱਛਾ ਹੋਇਆ”,ਅੱਜ ਤੱਕ ਸਾਨੂੰ ਸਭ ਪਾਕਿਸਤਾਨੀ ਹੀ ਮਿਲੇ ਨੇ”!ਆਪ ਪੈਰਿਸ ਵਿੱਚ”ਸੁਖਵੀਰ ਸਿੰਘ”ਨਾਂ ਦੇ ਕਿਸੇ ਸਖਸ਼ ਨੂੰ ਜਾਣਦੇ ਹੋ?ਅਚਾਨਕ ਮੈਂ ਇਹ ਨਾਮ ਸੁਣ ਕੇ ਚੁੱਪ ਹੋ ਗਿਆ।ਕਿਉਂ ਕਿ ਉਸ ਵਕਤ ਪੰਜਾਬੀ ਇਥੇ ਗਿਣਤੀ ਦੇ ਹੀ ਸਨ।ਤਕਰੀਬਨ ਅਸੀ ਸਭ ਨੂੰ ਜਾਣਦੇ ਹੀ ਸੀ।ਮੇਰਾ ਨਾ ਵੀ ਇਹੋ ਸੀ,ਟੈਲੀਫੋਨ ਮੋਬਾਈਲ ਦੀ ਸਹੂਲਤ ਨਾਂ ਹੋਣ ਕਰਕੇ ਮੈਨੂੰ ਕਿਸੇ ਪਾਸਿਓਂ ਵੀ ਇਹਨਾਂ ਵਾਰੇ ਚਿੱਠੀ ਪੱਤਰ ਨਹੀ ਆਇਆ ਸੀ।ਮੈਂ ਅਯਨਬੀ ਜਾਣ ਕੇ ਨਾਂਹ ਵਿੱਚ ਸਿਰ ਹਿਲਾ ਦਿੱਤਾ।ਮੇਰਾ ਦੋਸਤ ਮੇਰੇ ਵੱਲ ਹੈਰਾਨੀ ਨਾਲ ਵੇਖਣ ਲੱਗ ਪਿਆ।ਉਸ ਨੇ ਆਪਣੀ ਗੱਲ ਨੂੰ ਜਾਰੀ ਰਖਦਿਆਂ ਕਿਹਾ,”ਸਾਨੂੰ ਪੈਰਿਸ `ਚ ਆਇਆ ਦੋ ਹਫਤੇ ਹੋ ਗਏ ਹਨ”।

“ਅਸੀ ਹਰ ਵੀਕਐਂਡ ਤੇ ਏਸ਼ੀਅਨ ਲੋਕਾਂ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਲੱਭਣ ਲਈ ਆਉਦੇ ਹਾਂ”।”ਤੁਸੀ ਅੱਜ ਸਾਨੂੰ ਪਹਿਲੇ ਭਾਰਤੀ ਪੰਜਾਬੀ ਮਿਲੇ ਹੋ”!”ਸਾਨੂੰ ਖੁਸ਼ੀ ਹੋਈ ਹੈ”!ਮੈਂ ਦੋਚਿੱਤੀ ਵਿੱਚ ਪਏ ਹੋਏ ਨੇ,ਤੋਖਲੇ ਜਿਹੇ ਮਨ ਨਾਲ ਪੁੱਛਿਆ,”ਤੁਸੀ ਵੀ ਭਾਰਤੀ ਪੰਜਾਬੀ ਹੋ”,ਉਹਨਾਂ ਨੇ “ਹਾਂ”ਵਿੱਚ ਸਿਰ ਹਿਲਾਇਆ,”ਇਥੇ ਵੀ ਪੰਜਾਬੀ ਘੱਟ ਹੀ ਮਿਲਦੇ ਨੇ ਕਿਉਂ ਨਾ ਇਸ ਖੁਸ਼ੀ ਵਿੱਚ ਇੱਕ ਇੱਕ ਕੱਪ ਕੌਫੀ ਹੋ ਜਾਵੇ”।ਇਹ ਕਹਿ ਕੇ ਅਸੀ ਸਾਹਮਣੇ ਵਾਲੀ ਕੌਫੀ ਸ਼ੌਪ ਵਿੱਚ ਜਾ ਵੜੇ।”ਤੁਹਾਡੇ ਕੋਲ “ਸੁਖਵੀਰ” ਦਾ ਕੋਈ ਐਡਰੈਸ ਵਗੈਰਾ ਨਹੀ ਹੈ”?”ਐਡਰੈਸ ਤਾਂ ਹੈ”।”ਕੋਈ ਟੈਲੀਫੋਨ ਨੰਬਰ ਨਹੀ”!”ਤੁਸੀ ਓਸ ਪਤੇ ਤੇ ਗਏ ਹੋ”?ਨਹੀ ਜੀ,”ਪਤਾ ਕੀਤਾ ਇਹ ਇਲਾਕਾ ਕਿਤੇ ਦੂਰ ਹੈ”।”ਸਾਨੂੰ ਫਰੈਂਚ ਲੈਂਗੂਜ਼ ਵੀ ਨਹੀ ਆਉਦੀ”।”ਇਹ ਲੋਕ ਇੰਗ਼ਲਿਸ ਵੀ ਬਹੁਤ ਘੱਟ ਬੋਲਦੇ ਨੇ”!”ਸਰਕਾਰੀ ਸਰਵਿਸ ਕਰਕੇ ਬਹੁਤਾ ਕਿਤੇ ਜਾ ਵੀ ਨਹੀ ਸਕਦੇ”।”ਪੂਰਾ ਹਫਤਾ ਬਿਜ਼ੀ ਰਹਿੰਦੇ ਹਾਂ।”ਸਿਰਫ ਵੀਕਐਂਡ ਤੇ ਫਰ੍ਰੀ ਹੁੰਦੇ ਹਾਂ”।ਉਹਨਾਂ ਨੇ ਛੋਟੀ ਜਿਹੀ ਡਾਇਰੀ ਵਿੱਚੋਂ ਪਤਾ ਲੱਭ ਕੇ ਮੇਰੇ ਅੱਗੇ ਕਰ ਦਿੱਤਾ।ਉਹ ਐਡਰੈਸ ਵੀ ਮੇਰਾ ਹੀ ਸੀ।ਮੈਂ ਗੱਲ ਨੂੰ ਬਦਲਦਿਆਂ ਪੁੱਛਿਆ,”ਤੁਸੀ ਪੈਰਿਸ ਵਿੱਚ ਕਿਥੇ ਰਹਿ ਰਹੇ ਹੋ”?

“ਅਸੀ ਆਈਫਲ ਟਾਵਰ ਦੇ ਕੋਲ ਇੱਕ ਹੋਟਲ ਵਿੱਚ ਰਹਿ ਰਹੇ ਹਾਂ”,ਨਾਲ ਹੀ ਜੇਬ ਵਿੱਚੋਂ ਵਿਜ਼ਿਟਿੰਗ ਕਾਰਡ ਕੱਢ ਕੇ ਦੇ ਦਿੱਤਾ।”ਤੁਸੀ ਜੀ, ਸੁਖਵੀਰ ਨੂੰ ਕਿਵੇਂ ਜਾਣਦੇ ਹੋ”?”ਆਪ ਸਾਨੂੰ ਪੁਲਿਸ ਵਾਲਿਆ ਵਾਂਗ ਸਵਾਲ ਕਰ ਰਹੇ ਹੋ”!ਉਹਨਾਂ ਹੱਸਦਿਆਂ ਹੋਇਆ ਕਿਹਾ,”ਮੈਂ ਪੈਰਿਸ ਆਉਣ ਤੋਂ ਪਹਿਲਾਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਬੰਬੇ ਗਿਆ ਸੀ”।”ਉਥੇ ਉਸ ਦਾ ਭਾਈ ਮਿਲਿਆ ਸੀ”।”ਉਹਨਾਂ ਦੀ ਰਹਾਇਸ਼ ਵੀ ਸਾਹਮਣੇ ਵਾਲੇ ਮਕਾਨ ਵਿੱਚ ਹੈ”।ਮੈਂ ਵੀ ਕੁਝ ਦੇਰ ਬੰਬੇ ਰਹਿ ਕੇ ਆਇਆ ਸੀ।ਮੇਰੇ ਭਾਈ ਦਾ ਓਸ ਘਰ ਨਾਲ ਵਾਹਵਾ ਤਾਲਮੇਲ ਸੀ।ਥੋੜੀ ਦੇਰ ਚੁੱਪ ਰਹਿਣ ਤੋਂ ਬਾਅਦ ਮੈਂ ਨੀਂਵੀ ਪਾਉਦਿਆ ਕਿਹਾ,”ਉਹ ਮੇਰਾ ਹੀ ਭਾਈ ਹੈ”!”ਮੈਂ ਹੀ ਹਾਂ ਜਿਸ ਨੂੰ ਤੁਸੀ ਲੱਭ ਰਹੇ ਹੋ”!ਇਹ ਲਫ਼ਜ਼ ਸੁਣ ਕੇ ਉਹ ਮੇਰੇ ਵੱਲ ਅਫ਼ਸਰ ਸ਼ਾਹੀ ਨਜ਼ਰਾਂ ਨਾਲ ਵੇਖਣ ਲੱਗ ਪਿਆ।”ਪਰ ਤੁਸੀ ਤਾਂ ਕਹਿ ਰਹੇ ਅਸੀ ਇਸ ਨਾਂ ਦੇ ਸਖਸ਼ ਨੂੰ ਨ੍ਹੀ ਜਾਣਦੇ”? ਮੇਰੇ ਕੋਲ ਸੱਚ ਸਾਬਤ ਕਰਨ ਲਈ ਬਣਾਉਟੀ ਮੁਸਕਰਾਹਟ ਤੋਂ ਸਵਾਏ ਕੁਝ ਨਹੀ ਸੀ।ਕੋਈ ਆਪਣੀ ਗਲਤੀ ਨੂੰ ਸਵੀਕਾਰਨ ਨਾਲ ਛੋਟਾ ਨਹੀ ਹੋ ਜਾਂਦਾ।ਮੈਂ “ਵੈਹਰੀ ਸੌਰੀ”ਕਹਿ ਕਿ ਆਪਣਾ ਪੱਲਾ ਛੁਡਾਇਆ।ਜਿਵੇਂ ਕਹਿੰਦੇ ਨੇ ਚਿਹਰਾ ਦਿੱਲ ਦੀ ਮੂਰਤ ਹੁੰਦਾ।ਉਹ ਮੇਰੇ ਭਾਈ ਦਾ ਚਿਹਰਾ ਮੇਰੇ ਵਿੱਚੋਂ ਲੱਭ ਰਿਹਾ ਸੀ।ਇਹ ਸੁਣ ਕੇ ਉਸ ਨੇ ਮੈਨੂੰ ਘੁੱਟ ਕੇ ਗਲਵੱਕੜੀ ਪਾ ਲਈ।

ਮੈਨੂੰ ਉਹ ਵੱਡੇ ਭਾਈ ਵਾਂਗ ਲੱਗਿਆ,ਜਿਸ ਨੂੰ ਮਿਲਿਆ ਕਈ ਸਾਲ ਹੋ ਗਏ ਸਨ।ਅਗਲੇ ਵੀਕਐਂਡ ਮੈਂ ਆਪਣੇ ਦੋਸਤ ਨਾਲ ਉਹਨਾਂ ਦੇ ਦਿੱਤੇ ਹੋਏ ਪਤੇ ਤੇ ਮਿਲਣ ਲਈ ਚਲਿਆ ਗਿਆ।ੳਹ ਮੇਰੇ ਨਾਲੋਂ ਵਧੀਆ ਕੰਡੀਸ਼ਨ ਵਿੱਚ ਰਹਿ ਰਹੇ ਸਨ।ਇੱਕ ਨੌਕਰ ਵੀ ਖਾਣਾ ਬਣਾਉਣ ਤੇ ਸਾਫ ਸਫਾਈ ਲਈ ਦਿੱਤਾ ਹੋਇਆ ਸੀ।ਉਹਨਾਂ ਕਿਹਾ,ਸਾਡਾ ਪੰਜਾਬੀ ਖਾਣੇ ਖਾਣ ਨੂੰ ਬਹੁਤ ਦਿੱਲ ਕਰਦਾ।ਅਸੀ ਵੀਕਐਂਡ ਤੁਹਾਡੇ ਕੋਲ ਹੀ ਗੁਜਾਰਿਆ ਕਰਾਂਗੇ।ਉਹ ਥਰ੍ਰੀ ਸਟਾਰ ਹੋਟਲ ਨਾਲੋਂ ਸਾਡੇ ਦੋ ਕਮਰਿਆਂ ਨੂੰ ਵੱਧ ਤਰਜੀਹ ਦੇ ਰਹੇ ਸਨ।ਇਸ ਮਿਲਣੀ ਤੋਂ ਬਾਅਦ ਉਹ ਸਾਡੇ ਕੋਲ ਹਰ ਛੁੱਟੀ ਵਾਲਾ ਦਿੱਨ ਗੁਜਾਰਦੇ।ਮੈ ਉਹਨਾਂ ਨਾਲ ਬੱਸ ਰਾਂਹੀ ਪੈਰਿਸ ਤੋਂ ਲੰਡਨ ਪਹਿਲੀ ਵਾਰ(ਇਂਗ਼ਲੈਂਡ)ਗਿਆ ਸੀ।ਜਿਸ ਘਰ ਵਿੱਚ ਅਸੀ ਠਹਿਰੇ ਸੀ।ਜਿਹਨਾਂ ਨੂੰ ਮੈਂ ਜਾਣਦਾ ਤੱਕ ਨਹੀ ਸੀ।ਬਾਅਦ ਵਿੱਚ ਉਸ ਖਾਨਦਾਨ ਨਾਲ ਸਾਡੀ ਗੂੜ੍ਹੀ ਦੋਸਤੀ ਹੋ ਗਈ।ਜਿਹੜੀ ਹੁਣ ਰਿਸ਼ਤੇਦਾਰੀ ਵਿੱਚ ਬਦਲ ਚੁੱਕੀ ਹੈ।ਤਿੰਨ ਮਹੀਨੇ ਬਾਅਦ ਉਹਨਾਂ ਦਾ ਕੋਰਸ ਖਤਮ ਹੋ ਗਿਆ ਤੇ ਉਹ ਭਾਰਤ ਵਾਪਸ ਚਲੇ ਗਏ।।

ਪ੍ਰਦੇਸਾਂ ਵਿੱਚ ਮਿਲੇ ਵੱਡੇ ਭਾਈਆਂ ਵਰਗੇ ਅਯਨਬੀ ਦੋਸਤ ਨੂੰ ਅੱਜ ਤੱਕ ਨਹੀ ਭੁੱਲ ਸਕਿਆ।ਇਸ ਲਈ ਸਿਆਣੇ ਕਹਿੰਦੇ ਨੇ ਜੀਵਣ ਦਾ ਹਰ ਪਲ ਸਾਡੇ ਲਈ ਕੁਝ ਨਵਾਂ ਲੈਕੇ ਆਉਦਾ ਹੈ।

ਸੁਖਵੀਰ ਸਿੰਘ ਸੰਧੂ ਅਲਕੜਾ (ਪੈਰਿਸ)