ਸਿੰਗਾਪੁਰ ‘ਚ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਟਰਾਂਸਪੋਰਟ ਮੰਤਰੀ ਐੱਸ ਈਸ਼ਵਰਨ ਨੇ ਵੀਰਵਾਰ ਨੂੰ ਸੱਤਾਧਾਰੀ ਪੀਪਲਜ਼ ਐਕਸ਼ਨ ਪਾਰਟੀ (ਪੀ.ਏ.ਪੀ.) ਤੋਂ ਅਸਤੀਫ਼ਾ ਦੇ ਦਿਤਾ। ਸਟ੍ਰੇਟਸ ਟਾਈਮਜ਼ ਦੀ ਖ਼ਬਰ ਮੁਤਾਬਕ ਈਸ਼ਵਰਨ (61) ਸੰਸਦ ਦੀ ਮੈਂਬਰਸ਼ਿਪ ਵੀ ਛੱਡ ਦੇਣਗੇ।
ਭ੍ਰਿਸ਼ਟਾਚਾਰ ਜਾਂਚ ਬਿਊਰੋ (ਸੀ.ਪੀ.ਆਈ.ਬੀ.) ਨੇ ਅਪਣੀ ਜਾਂਚ ਦੇ ਹਿੱਸੇ ਵਜੋਂ ਪਿਛਲੇ ਸਾਲ 11 ਜੁਲਾਈ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਮੀਡੀਆ ਰੀਪੋਰਟਾਂ ਮੁਤਾਬਕ ਉਨ੍ਹਾਂ ਦੀ ਗ੍ਰਿਫਤਾਰੀ ਦਾ ਖੁਲਾਸਾ 14 ਜੁਲਾਈ ਨੂੰ ਜਨਤਕ ਤੌਰ ‘ਤੇ ਕੀਤਾ ਗਿਆ ਸੀ ਪਰ ਜਾਂਚ ਦੀ ਪ੍ਰਕਿਰਤੀ ਬਾਰੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।