ਵਿਦੇਸ਼ਾਂ ’ਚ ਰਹਿ ਰਹੇ 30 ਲੱਖ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਮਿਲਿਆ ਅਧਿਕਾਰ !

ਬਰਤਾਨੀਆਂ ’ਚ ਚੋਣ ਐਕਟ 2022 ਲਾਗੂ ਹੋਣ ਤੋਂ ਬਾਅਦ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਸਮੇਤ 30 ਲੱਖ ਤੋਂ ਜ਼ਿਆਦਾ ਬ੍ਰਿਟਿਸ਼ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ ਹੈ। 1928 ਵਿਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣ ਤੋਂ ਬਾਅਦ ਬਰਤਾਨੀਆਂ ਦੀ ਵੋਟ ਅਧਿਕਾਰ ਸੂਚੀ ਵਿਚ ਇਹ ਸੱਭ ਤੋਂ ਵੱਡਾ ਵਾਧਾ ਹੈ।

ਵੋਟਿੰਗ ਅਧਿਕਾਰਾਂ ’ਤੇ 15 ਸਾਲ ਦੀ ਮਨਮਰਜ਼ੀ ਦੀ ਹੱਦ ਮੰਗਲਵਾਰ, 16 ਜਨਵਰੀ ਤੋਂ ਰੱਦ ਕਰ ਦਿਤੀ ਗਈ ਹੈ। ਹੁਣ ਦੁਨੀਆਂ ਭਰ ’ਚ ਬ੍ਰਿਟਿਸ਼ ਨਾਗਰਿਕ ਆਨਲਾਈਨ ਵੋਟ ਪਾਉਣ ਲਈ ਰਜਿਸਟਰ ਕਰ ਸਕਦੇ ਹਨ ਚਾਹੇ ਉਹ ਕਿੰਨੇ ਸਮੇਂ ਤੋਂ ਵਿਦੇਸ਼ ’ਚ ਹੋਣ। ਰਜਿਸਟ੍ਰੇਸ਼ਨ ਹੋਣ ’ਤੇ ਉਨ੍ਹਾਂ ਦੇ ਨਾਂ ਤਿੰਨ ਸਾਲ ਲਈ ਵੋਟਰ ਸੂਚੀ ’ਚ ਸ਼ਾਮਲ ਕੀਤੇ ਜਾਣਗੇ।