ਪਿੰਡ, ਪੰਜਾਬ ਦੀ ਚਿੱਠੀ (178)

ਸਾਰੇ ਘੁੱਗ ਵੱਸਦਿਆਂ ਨੂੰ ਸਤ ਸ਼੍ਰੀ ਅਕਾਲ ਜੀ। ਅਸੀਂ ਇੱਥੇ ਰਿਉੜੀਆਂ-ਮੂੰਗਫਲੀਆਂ ਖਾਂਦੇ, ਲੋਹੜੀ ਵਰਗੇ ਹਾਂ। ਤੁਹਾਡੀ ਰਾਜੀ-ਖੁਸ਼ੀ ਵਾਹਿਗੁਰੂ ਜੀ ਪਾਸੋਂ ਸਦਾ ਚੰਗੀ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਹੁਣ ਸਰਬੇ ਮਾਸਟਰ ਕੇ ਵੀ ਕੁਟਕੀ-ਕੰਗਣੀ ਦੀ ਰੋਟੀ ਖਾਣ ਲੱਗ ਪਏ ਹਨ। ਹਰ ਥਾਂ ਤੇ ‘ਕੁਟਕੀ-ਕੰਗਣੀ-ਕੋਧਰਾਨੂੰ ਗਾਣੇ ਵਾਂਗੂੰ ਗਾ-ਗਾ, ਇਸਦੇ ਆਟੇ ਦੀ ਰੋਟੀ ਖਾਣ ਲਈ ਪ੍ਰਚਾਰ ਵੀ ਕਰ ਰਹੇ ਹਨ। ਕੱਲ੍ਹ ਜਦੋਂ ਸੁਰਜੀਤ ਕੁਰ ਤਾਈ ਦੇ ਸੱਥਰ ਉੱਥੇ ਸਰਬੇ ਨੇ, ਹਿਰਖ ਕਰਨ ਵੇਲੇ, ‘ਛੋਲੇ, ਜੌਂ, ਰਾਗੀ, ਮੱਕੀ, ਸੋਇਆਬੀਨ, ਜਵਾਰ, ਬਾਜਰੇ, ਆਲੀ ਟੇਪ ਲਾਈ ਤਾਂ ਢਾਸਣਾ ਲਾਈ ਬੈਠਾ, ਲੀਲਾ ਤਾਇਆ ਵੀ ਓਕੜੂ ਹੋ ਕੇ ਬਹਿੰਦਾ ਬੋਲਿਆ, “ਹਾਂ, ਇੱਕ ਸਵਾਂਕ ਵੀ ਹੁੰਦੀ ਐ, ਇਹਦੇ ਨਾਲ, ਅਸੀਂ ਇਹ ਸਾਰਾ ਕੁਸ ਖਾਂਦੇ ਰਹੇ ਹਾਂ ਨਿੱਕੇ ਹੁੰਦੇ, ਆਪਣਾ ਮੋਗੇ ਆਲਾ ਪਰਮ ਸਿੰਹੁ ਤਾਂ ਹੁਣ ਇਸ ਮੋਟੇ ਅਨਾਜ, ਹਰੀ ਕੰਗਨੀ ਤੇ ਹੋਰ ਨਿੱਕ-ਸੁੱਕ ਦਾ ਦਲੀਆ ਜਿਹਾ ਬਣਾ ਕੇ ਈ ਖਾਂਦੈ ਚੱਤੋ-ਪਹਿਰ।” ਤਾਇਆ, ਇਹ ਕੋਧਰਾ ਬਾਬੇ ਨਾਨਕ ਆਲਾ ਈ ਐ?” ਅਜੈਬ ਸਿੰਹੁ ਗਵਾਂਢੀ ਨੇ ਅੰਤਰਾ ਲਿਆ। “ਹਾਹੋ, ਇਹ ਬਾਜਰੇ ਵਰਗੇ ਈ ਹੁੰਦੈ, ਉਦੋਂ ਭਾਈ ਲਾਲੋ ਸਮੇਤ ਸਾਰੇ ਆਮ ਲੋਕ ਇਹੀ ‘ਜਵਾਰ-ਬਾਜਰੀਜਾਂ ‘ਜੌ-ਛੋਲੇ ਦੀ ਘਾਠ ਖਾਂਦੇ ਸੀ। ਮਾਲ-ਪੂੜੇ ਤਾਂ ਲਹੂ-ਪੀਣੇ, ਮਲਕ ਭਾਗੋ ਈ ਉਡਾਉਂਦੇ ਸੀ। ਹੁਣ ਵੀ ਇਹੋ ਚਾਲੇ ਐ।

ਆਹ ਤੇਰਾ ਦਿੱਲੀ ਆਲਾ ਲੋਕਾਂ ਨੂੰ ਤਾਂ ਆਂਹਦੈ, ‘ਮੋਟਾ ਅਨਾਜ ਖਾਓਤੇ ਆਪ ਲੋਟੂਆਂ ਦਾ ਸਾਥੀ ਐ, ਤਾਇਆ ਤਾਂ ਸੱਚੀਆਂ ਈ ਆਖੂ।" ਆਖ ਲੀਲਾ ਤਾਇਆ ਫੇਰ ਕੰਧ ਨਾਲ ਟੇਡਾ ਹੁੰਦਾ, ਕੰਬਲ ਠੀਕ ਕਰਦਾ, ਅੜਿੰਗ-ਬੜਿੰਗ ਹੋ ਗਿਆ। ਤਾਈ ਦੇ ਸੋਗ ਦੀ ਥਾਂ ਵਿਸ਼ਾ ਹੋਰ ਪਾਸੇ ਚੱਲਦਾ ਵੇਖ, ਕੁਨੱਖਾ ਝਾਕੀ ਜਾਂਦਾ ਚੰਨੇ ਕਾ ਦਲੀਪ ਬੋਲਿਆ, “ਫੇਰ ਆਪਣੇ ਤਾਂ ਕੋਈ ਇਹ ਚੀਜ਼ਾਂ ਹੁਣ ਬੀਜਦਾ ਨੀਂ, ਫੇਰ ਕਿੱਥੋਂ ਥਿਆਂਉਂਦੀਆਂ ਇਹ ਜੜ੍ਹੀ-ਬੂਟੀਆਂ?" “ਇਹ ਹੁੰਦੀਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰਚ, ਕਿਸਾਨਾਂ ਤੋਂ ਭੋਅ ਤੇ ਭਾਅ ਕੰਪਨੀਆਂ ਖਰੀਦ ਕੇ, ਛਾਣ-ਪੀਸ, ਵਧੀਆ ਡੱਬਿਆਂ ਚ ਪਾ, ਦੋ ਸੌ ਰੁਪੈ ਕਿੱਲੋ ਵੇਚਦੀਆਂ, ਦਵਾਈ ਮਾਫ਼ਕ।

ਡਾਕਟਰ-ਵੈਦ ਸਿਫਾਰਸ਼ ਕਰਦੇ ਐ ਅਤੇ ਬਜਾਰਚੋਂ ਲਿਆਂਉਂਦੇ ਐ ਆਪਣੇ ਵਰਗੇ ਅਗਾਂਹ-ਵਧੂ ਪੰਜਾਬੀ, ਬਿਮਾਰ-ਕਿਸਾਨ।” ਸਰਬੇ ਮਾਸਟਰ ਨੇ ਪੂਰੀ ਵਿਉਂਤਬੰਦੀ ਦੱਸੀ। “ਹੁਣ ਤਾਂ ਤੇਰੇ, ਟੀ.ਵੀ., ਅਖ਼ਬਾਰਾਂ ਅਤੇ ਫ਼ੋਨ ਉੱਤੇ ਦਿਨ-ਰਾਤ ਜੋਗੇ ਆਲਾ ਬਾਬਾ, ਵੀ ‘ਸ਼ੁੱਧ ਘਿਓ, ਸ਼ਹਿਦ, ਚਵਨਪ੍ਰਾਸ਼ ਅਤੇ ਦੰਦ-ਮੰਜਨ ਦੀ ਮਸ਼ਹੂਰੀ ਬਹੁਤ ਕਰਦੈ।” ਬੀਸ਼ੇ ਕੇ ਲਾਬ ਨੇ ਆਵਦੀ ਕਾਰਗੁਜ਼ਾਰੀ ਦੱਸੀ। “ਵੇਖੀ ਜਾਇਓ, ਆਪਣੇ ਵੀ ਇਹੀ ਜੜ੍ਹੀ-ਬੂਟੀਆਂ ਹੋਇਆ ਕਰਨਗੀਆਂ, ਬੱਸ ਆ ਥੋੜਾ ਜਾ ਬਚਿਆ ਪਾਣੀ ਮੁਕਾ ਲੈਣ ਦਿਓ, ਕੋਧਰੇ ਦੀ ਰੋਟੀ ਹੀ ਖਾਇਆ ਕਰਾਂਗੇ ਆਪਾਂ ਵੀ।” ਗੱਲ ਅਜੇ ਬਾਬੇ ਘੁੱਦੂ ਦੇ ਮੂੰਹ ਚ ਹੀ ਸੀ ਕਿ ਰੋਟੀ ਆ-ਗੀ, ਸਾਰੇ ਪੰਗਤਚ ਬੈਠ, ‘ਦਾਲ-ਫੁਲਕਾਛਕਣ ਲੱਗੇ। ਹੋਰ, ਬਿੰਦੇ ਕਿਆਂ ਨੇ ਢਾਣੀਆਂ ਦਾ ਗੁਰਦੁਆਰਾ, ਸ਼ੁਰੂ ਕਰ ਲਿਆ ਹੈ। ਕਪੂਰਾ ਮੈਂਬਰਾਂ ਕਿਸੇ ਚੋਣਾਂ ਬਿਨਾਂ ਓਦਰ ਗਿਆ ਹੈ। ਬੂਟਾ ਮਾਨ, ਕੈਲੂ ਪ੍ਰਧਾਨ, ਭਿੰਦਾ ਜਜਮਾਨ ਤੇ ਨਵਾਬ ਖਾਨ ਕੈਮ ਹਨ।

ਮਿਡ-ਡੇ-ਮੀਲਚ ਕੇਲੇ, ਪੂਰੀਆਂ ਮਿਲਣ ਕਰਕੇ ਭੂਰੀ ਖੁਸ਼ ਹੈ। ਜੱਗਾ ਹੁਣ ਪਾਠੀ ਬਣ, ਜਗਰਾਜ ਸਿੰਘ ਖਾਲਸਾ ਬਣ ਗਿਆ ਹੈ। ਹੱਟੀਆਂ ਦੀ ਥਾਂ, ਅੱਡੇ ਤੇ ਕਈ ਨਵੀਆਂ ਦੁਕਾਨਾਂ ਉਸਰ ਗਈਆਂ ਹਨ। ਸਾਰੇ, ਜੁਨੇਜੇ, ਉਤਰੇਜੇ, ਰਹੇਜੇ, ਟੁਟੇਜੇ, ਸੁਨੇਜੇ, ਪਪਨੇਜੇ ਠੀਕ ਹਨ। ਭੋਪਿਆਂ ਦੇ ਨਵੇਂ ਘਰ ਚ, ਨਸ਼ੇ ਆਲਿਆਂ ਨੇ ਚੋਰੀ ਕਰ ਲਈ ਹੈ। ਕਿੰਨੂਆਂ ਦਾ ਫਲ ਬਹੁਤ ਪਰ ਭਾਅ ਮੰਦਾ ਹੈ। ਠੰਡ ਨੇ ਬਨਸਪਤੀ ਝੰਬ ਦਿੱਤੀ ਹੈ। ਚੰਗਾ, ਸਿਹਤ ਦਾ ਰੱਖੋ ਖਿਆਲ, ਬਾਕੀ ਅਗਲੇ ਐਤਵਾਰ।

ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 946466706
1