ਅਮਰੀਕਾ ਦੇ ਨੇਵਾਦਾ ਸੂਬੇ ‘ਚ ਅਦਾਲਤ ‘ਚ ਸੁਣਵਾਈ ਦੌਰਾਨ ਫੈਸਲਾ ਸੁਣਾਉਂਦੇ ਸਮੇਂ ਇਕ ਮਹਿਲਾ ਜੱਜ ‘ਤੇ ਇਕ ਵਿਅਕਤੀ ਨੇ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ਹੁਣ ਇਸ ਦੀ ਵੀਡੀਓ ਵਾਇਰਲ ਹੋ ਗਈ ਹੈ।
ਮੁਲਜ਼ਮ ਡਿਓਬਰਾ ਡਿਲੋਨ ਰੈਡੇਨ (30) ਨੇ ਕਲਾਰਕ ਕਾਊਂਟੀ ਜ਼ਿਲ੍ਹਾ ਜੱਜ ਮੈਰੀ ਕੇਯ ਹੋਲਥਸ ’ਤੇ ਹਮਲਾ ਕੀਤਾ ਜੋ ਆਪਣੀ ਕੁਰਸੀ ਤੋਂ ਡਿੱਗ ਪਈ ਅਤੇ ਉਸ ਦਾ ਸਿਰ ਪਿੱਛੇ ਕੰਧ ਨਾਲ ਜਾ ਟਕਰਾਇਆ।
ਉਸ ਨੂੰ ਕੁਝ ਸੱਟਾਂ ਲੱਗੀਆਂ ਹਨ। ਜੱਜ ਨੂੰ ਬਚਾਉਣ ਆਏ ਮਾਰਸ਼ਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ ਹੈ। ਮੁਲਜ਼ਮ ਨੂੰ ਹਮਲੇ ਦੇ ਤੁਰਤ ਮਗਰੋਂ ਅਦਾਲਤ ਤੇ ਜੇਲ੍ਹ ਅਫ਼ਸਰਾਂ ਵੱਲੋਂ ਜ਼ਮੀਨ ’ਤੇ ਸੁੱਟ ਲਿਆ ਗਿਆ ਅਤੇ ਉਨ੍ਹਾਂ ’ਚੋਂ ਕੁਝ ਉਸ ਨੂੰ ਮੁੱਕੇ ਮਾਰਦੇ ਦਿਖਾਈ ਦੇ ਰਹੇ ਹਨ।
ਉਸ ਨੂੰ ਗ੍ਰਿਫ਼ਤਾਰ ਕਰਕੇ ਕਲਾਰਕ ਕਾਊਂਟੀ ਡਿਟੈਨਸ਼ਨ ਸੈਂਟਰ ’ਚ ਬੰਦ ਕਰ ਦਿੱਤਾ ਗਿਆ ਹੈ। ਉਸ ’ਤੇ ਜੱਜ ਤੇ ਅਦਾਲਤ ਦੇ ਅਧਿਕਾਰੀਆਂ ’ਤੇ ਹਮਲੇ ਕਰਨ ਦੇ ਨਵੇਂ ਦੋਸ਼ ਲੱਗੇ ਹਨ।