ਭਾਰਤੀ ਵਿਦਿਆਰਥੀ ਸੁਨਹਿਰੇ ਭਵਿੱਖ ਦੀ ਆਸ ਵਿਚ ਪੜ੍ਹਾਈ ਲਈ ਕੈਨੇਡਾ ਜਾਣਾ ਚਾਹੁੰਦੇ ਹਨ। ਹਾਲ ਹੀ ਵਿਚ ਟੋਰਾਂਟੋ ਸਟਾਰ ਦੁਆਰਾ ਕੀਤੇ ਗਏ ਇਕ ਤਾਜ਼ਾ ਵਿਸ਼ਲੇਸ਼ਣ ਵਿਚ ਇਹ ਸਾਹਮਣੇ ਆਇਆ ਹੈ ਕਿ ਕੈਨੇਡੀਅਨ ਵਿਦਿਅਕ ਸੰਸਥਾਵਾਂ ਦੁਆਰਾ ਸਵੀਕਾਰ ਕੀਤੇ ਗਏ ਲਗਭਗ ਅੱਧੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਅਧਿਕਾਰੀਆਂ ਦੁਆਰਾ ਰੱਦ ਕੀਤੇ ਜਾਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰਤ ਤੋਂ ਲਗਭਗ 40 ਫ਼ੀਸਦੀ ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਹੋਰ ਜਾਂ ਅਣ-ਨਿਰਧਾਰਤ ਦੇ ਰੂਪ ਵਿਚ ਸ਼੍ਰੇਣੀ ਬੱਧ ਕੀਤੇ ਗਏ ਕਾਰਨਾਂ ਕਰ ਕੇ ਨਾ-ਮਨਜ਼ੂਰ ਕੀਤਾ ਗਿਆ, ਜੋ ਸਾਰੇ ਦੇਸ਼ਾਂ ਵਿਚ ਸੱਭ ਤੋਂ ਵੱਧ ਇਨਕਾਰ ਦਰ ਦਰਸਾਉਂਦਾ ਹੈ। ਇਹ ਡਾਟਾ ਕੈਨੇਡਾ ਸਥਿਤ ਇਕ ਗ਼ੈਰ-ਲਾਭਕਾਰੀ ਮੀਡੀਆ ਸੰਸਥਾ, ਇਨਵੈਸਟੀਗੇਟਿਵ ਜਰਨਲਿਜ਼ਮ ਫ਼ਾਊਂਡੇਸ਼ਨ ਤੋਂ ਆਇਆ ਹੈ।
ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀ ਅਕਸਰ ਸਥਾਨਕ ਵਿਦਿਆਰਥੀਆਂ ਨਾਲੋਂ ਪੰਜ ਗੁਣਾ ਵੱਧ ਫ਼ੀਸਾਂ ਅਦਾ ਕਰਦੇ ਹਨ ਅਤੇ ਇਸ ਲਈ ਪ੍ਰਾਈਵੇਟ ਅਤੇ ਪਬਲਿਕ ਕਾਲਜਾਂ ਦੋਵਾਂ ਲਈ ਇਕ ਵਧੀਆ ਆਮਦਨ ਸਰੋਤ ਹਨ। ਉਧਰ ਵਿਦਿਆਰਥੀ ਉਚੀਆਂ ਫੀਸਾਂ ਦਾ ਭੁਗਤਾਨ ਕਰਨਾ ਜਾਰੀ ਰਖਦੇ ਹਨ ਕਿਉਂਕਿ ਵਿਦੇਸ਼ੀ ਸਿਖਿਆ ਏਜੰਟ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਕੈਨੇਡਾ ਵਿਚ ਪੜ੍ਹਨਾ ਦੇਸ਼ ਦੀ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਇਕ ਰਸਤਾ ਹੈ।