ਸਾਰਿਆਂ ਨੂੰ ਚੜ੍ਹਦੀ ਕਲਾ ਵਾਲੀ ਸਤ ਸ਼੍ਰੀ ਅਕਾਲ ਬਈ। ਅਸੀਂ ਸਭ ਠੀਕ-ਠਾਕ ਹਾਂ। ਪ੍ਰਮਾਤਮਾ ਤੁਹਾਨੂੰ ਵੀ ਦੁੱਖਾਂ-ਕਲੇਸ਼ਾਂ ਤੋਂ ਬਚਾਈ ਰੱਖੇ। ਅੱਗੇ ਸਮਾਚਾਰ ਇਹ ਹੈ ਕਿ ਧੁਖਦੀ ਧੂੰਈਂ ਕੋਲ ਬੈਠੇ ਜੀਤੂ ਮਾਸਟਰ ਜੀ ਨੂੰ ਟੀਂਡੇ ਨੇ ਆ ਛੇੜਿਆ, “ਕਿਵੇਂ ਐ ਮਾਸ਼ਟਰਾ ਅੱਜ ਮਸੋਸਿਆ ਜਿਹਾ ਪਿਐ, ਕਿ ਨੋਜ਼ੀ-ਨੋਜੀ ਹੋ ਗੀ ਐ?” “ਕਾਹਦਾ ਯਾਰ, ਆਪਣਾ ਸ਼ੇਰੂ ਬਾਈ ਨਾ ਆਤਮਾ ਸਿੰਹੁ ਕਾ, ਮੇਰਾ ਹਮਜਮਾਤੀ, ਪੰਜਾਹ ਸਾਲ ‘ਬੀਬੋ-ਭੂਆਦੇ ਗਾਣੇ ਗਾਂਉਂਦਾ ਰਿਹੈ, ਹੁਣ ਜਾ ਕੇ ਪੋਲ ਖੁੱਲ੍ਹੀ ਤਾਂ ਖੁੱਦੋ
ਚੋਂ ਲੀਰਾਂ ਨਿਕਲੀਆਂ, ਆਹ ਗੱਲ ਐ”, ਸੁਰਜੀਤ ਸਿੰਘ ਮਾਸਟਰ ਜੀ ਨੇ ਦੱਸਿਆ ਤਾਂ ਖੜੇ-ਖੜੇ, ਪੈਰ ਸੇਕੀ ਜਾਂਦੇ ਕਾਕਣੀ ਹੁਰੀਂ ਵੀ ਝਾਕੇ। “ਸਾਨੂੰ ਵੀ ਦੱਸ ਦੇ ਯਾਰ, ਰਾਮ ਕਹਾਣੀ ਭੂਆ-ਬੀਬੋ ਦੀ?” ਬੀਤੇ ਨੇ ਅਰਜ ਗੁਜਾਰੀ। “ਸਾਡੇ ਸਕੂਲ ਤੋਂ ਈ ਪੜ੍ਹਦਿਆਂ, ਸ਼ੇਰੂ ਦੀ ਗੱਲ ਬੀਬੋ-ਭੂਆ ਤੋਂ ਸ਼ੁਰੂ ਹੋ ਕੇ ਏਥੇ ਈ ਮੁੱਕਦੀ। ਜੇ ਕਿਸੇ ਦਾ ਵਿਆਹ ਹੁੰਦਾ, ਸ਼ੇਰੂ ਦੱਸਦਾ, ‘ਵਿਆਹ ਤਾਂ ਬਾਈ ਭੂਆ ਦਾ ਹੋਇਆ ਸੀ, ਮਾਰ ਪੀਪਣੀਆਂ ਵਾਜੇ-ਵੱਜਣ, ਸਾਰਾ ਪਿੰਡ, ਕੱਠਾ ਹੋਇਆ
, 7 ਭਰਾਂਵਾਂ ਦੀ ਭੈਣ, ਤਿੰਨ ਦਿਨ ਜੰਞ ਨੇ ਭੜਾਕੇ ਪਾਏ, 7 ਘੋੜੀਆਂ ਤੇ 7 ਜੋੜੀਆਂ ਦਿੱਤੀਆਂ, ਮੁੜ ਕੇ ਪਿੰਡ ਚ ਅਜੇਹਾ ਵਿਆਹ ਨੀਂ ਹੋਇਆ। ਲਾਮ ਦੇ ਪਿੰਡ ਵੇਖਣ ਆਏ ਸੀ।
ਜਦੋਂ ਕਾਲਜ ਗਏ ਉਹ ਆਖਿਆ ਕਰੇ, “ਸਰਦਾਰੀ ਭੂਆ ਕੀ, ਅੰਗਰੇਜ਼ਾਂ-ਦੇ ਵੇਲਿਆਂ ਦੀਆਂ ਬੱਘੀਆਂ ਅਤੇ ਕਾਰਾਂ ਉਨ੍ਹਾਂ ਦੇ ਘਰ ਐ। ਰੂਸੀ ਹਰਾ ਵੱਡਾ, ਬਾਈਲਾਰਸ ਟਰੈਕਟਰ ਐ, ਹਥਨੀਆਂ ਅਰਗੀਆਂ ਮੱਝਾਂ।” “ਨਹੀਂ, ਤੁਸੀਂ ਕਦੇ, ਭੂਆ ਨੀਂ ਵੇਖੀ ਜਾਂ ਕਦੇ ਉਹਦੇ ਪਿੰਡ ਗਏ?” ਬਿੱਕਰ ਕਾਲੀ ਨੇ ਤਰਕ ਦਿੱਤਾ। “ਕੇਹੜਾ ਯਾਰ, ਅਸੀਂ ਤਾਂ ਉਹਦੀਆਂ ਉਤਲੀਆਂ ਸੁਣ ਕੇ, ਕਿੱਲਿਆਂ, ਜੀਪਾਂ, ਮੱਝਾਂ, ਬੱਘੀਆਂ ਅਤੇ ਤੂਤਣੀਆਂ
ਚ ਗਵਾਚੇ ਰਹਿੰਦੇ, ਹੋਰ ਸੁਣੋ, ਜਦੋਂ ਆਪਣੇ ਇਲਾਕੇ ਦੇ ਲੋਕ ਬਾਹਰ ਜਾਣ ਲੱਗੇ ਤਾਂ ਸ਼ੇਰੂ ਨੇ ਦੱਸਿਆ, ‘ਮੌਜਾਂ ਤਾਂ ਬਾਈ ਭੂਆ ਜੀ ਕੀਆਂ, ਅੱਧੇ ਰਿਸ਼ਤੇਦਾਰ ਬਾਹਰ ਐ। ਹਜ਼ਾਰ ਕਿੱਲਾ ਕਨੇਡਾ, ਹਜ਼ਾਰ ਅਮਰੀਕਾ, ਕੁੜੀ ਵਲੈਤ ਐ, ਬੱਸ ਜਹਾਜਾਂ ਉੱਤੇ ਤਾਂ ਬੱਸਾਂ ਆਂਗੂੰ ਚੜ੍ਹੇ ਫਿਰਦੇ ਐ, ਇੱਕ ਫ਼ੋਨ ਕੈਲੇਫੋਰਨੀਆਂ ਤੋਂ ਆਂਉਂਦਾ, ਦੂਜਾ ਮਾਂਟਰੀਅਲ ਤੋਂ, ਕਦੇ ਸੋਹੋ ਰੋਡ ਉੱਤੇ ਘੁੰਮਦੇ ਐ ਕਦੇ ਸਿਡਨੀ ਓਪੇਰਾ ਹਾਊਸ ਫਿਰਦੇ ਹੁੰਦੇ ਐ। ਪਿੱਛੇ ਜੇ ਕੀਨੀਆਂ ਜੰਗਲਾਂ ਚ ਫਿਰਦੇ ਸੀ, ਅੱਜ-ਕੱਲ੍ਹ ਦੁਬਈ ਡੈਜ਼ਰਟ ਸਫ਼ਾਰੀ ਕਰਦੇ ਐ। ਉਨ੍ਹਾਂ ਦੇ ਸਾਰਾ ਦਿਨ ਫ਼ੋਨ ਤਾਂ ਵੱਜੀ ਜਾਂਦੇ ਐ, ਮਰਜ਼ੀ ਐ ਚੱਕਦੇ, ਮਰਜ਼ੀ ਨਹੀਂ ਚੱਕਦੇ। ਵੋਟਾਂ ਆਂਈਆਂ ਤਾਂ ਕਹਿੰਦਾ, ‘ਆਹ ਕੈਪਟਨ ਅਤੇ ਬਾਦਲ ਕੇ ਤਾਂ ਸਪੈਸ਼ਲ ਭੂਆ ਜੀ ਦਾ ਅਸ਼ੀਰਵਾਦ ਲੈ ਕੇ ਗਏ ਐ, ਕਰਨਲ ਫੁੱਫੜ ਤਾਂ ਲੱਖ ਡਾਲਰ ਤੋਂ ਘੱਟ ਚੰਦਾ ਨੀਂ ਦਿੰਦਾ।
ਜੀਤੂ ਨੇ ਕਹਾਣੀ ਸਮੇਟੀ। “ਫੇਰ ਕਿਵੇਂ ਚਾਨਣ ਹੋਇਆ ਥੋਨੂੰ?” ਮਾਂਟੂੰ ਨੇ ਪੁੱਛਿਆ। “ਜਦੋਂ ਸ਼ੇਰੂ ਹੁਣ ਕਨੇਡੇ ਗਿਆ ਤਾਂ ਮੈਂ ਸੁਭੈਕੀ ਉਸ ਦੇ ਵੱਡੇ ਭਾਈ ਨੂੰ ਪੁੱਛਿਆ ਕਿ ‘ਭੂਆ ਕੋਲ ਗਿਆ?ਉਹ ਕਹਿੰਦਾ, ‘ਕਿਹੜੀ ਭੂਆ?
ਮੇਰੇ ਤਾਂ ਬਾਪੂ ਹੁਰਾਂ ਦੇ ਭੈਣ ਹੀ ਕੋਈ ਨਹੀਂ।” ਸਾਰੇ ਠੱਗੇ ਜਿਹੇ ਗਏ।
ਹੋਰ, ਛਿੰਦਾ, ਭਿੰਦਾ, ਗਿੰਦਾ, ਨਿੰਦਾ ਅਤੇ ਕਿੰਦਾ ਸਾਰੇ ਠੀਕ ਹਨ। ਲਾਲੇ ਕਾ ਲਾਣਾ ਅਜੇ ਵੀ ਦਾਰੂ ਕੱਢਣੋਂ ਨਹੀਂ ਹਟਦਾ। ਛੁੱਟੀਆਂ ਚ ਵਾਂਡੇ ਆਏ ਨਿਆਣੇ, ਜੁੱਲੀਆਂ
ਚ ਨਹੀਂ ਟਿਕਦੇ। ਸੁੱਖਾ-ਸਿਪਾਹੀ ਦੱਸਦੈ, ਬਈ ਪਿੰਡ ਦੀ ਧੀ ਪਾਲੋ, ਸੰਗਰੂਰ ਰਾਜ਼ੀ-ਬਾਜ਼ੀ ਹੈ। ਹਰਪਾਲ ਕਾਨੂੰਗੋ ਕਿਆਂ ਨੇ, ਦਰਵਾਜ਼ਾ ਨਿਸ਼ਾਨੀ ਰੱਖ ਬਾਕੀ ਥਾਂ ਕੋਠੀ ਪਾ ਲਈ ਹੈ। ਓਮ ਪ੍ਰਕਾਸ਼, ਗੁਰਮੁਖ ਸਿੰਘ, ਮੁੰਦਰੀ, ਪ੍ਰਹਿਲਾਦ ਭਗਤ ਅਤੇ ਵੀਰੋ, ਮੰਦਰ, ਗੁਰੂਘਰ, ਸਮਾਧ, ਬਾਬਾ ਰਾਮਦੇਵ ਅਤੇ ਮਾਤਾ ਦੀ ਪਿੰਡੀ ਦੀ ਸੇਵਾ ਕਰ ਰਹੇ ਹਨ। ਸੱਚ, ਦਰਸ਼ਨ ਬਾਬਾ ਹੁਣ ਠੀਕ ਹੈ। ਮਿਲਾਂਗੇ, ਨਵੇਂ ਸਾਲ, ਕਰੋ ਕਮਾਲ।
ਤੁਹਾਡਾ ਆਪਣਾ
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061