ਮਹਾਦੇਵ ਐਪ ਘੁਟਾਲੇ ਦਾ ਮੁੱਖ ਮੁਲਜ਼ਮ ਦੁਬਈ ‘ਚ ਨਜ਼ਰਬੰਦ, ਭਾਰਤ ਲਿਆਉਣ ਦੀ ਤਿਆਰੀ

ਮਹਾਦੇਵ ਐਪ ਘੁਟਾਲਾ ਮਾਮਲੇ ਦੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਨੂੰ ਦੁਬਈ ‘ਚ ਹਿਰਾਸਤ ‘ਚ ਲਿਆ ਗਿਆ ਹੈ। ਹਾਸਿਲ ਜਾਣਕਾਰੀ ਮੁਤਾਬਕ ਦੁਬਈ ਪੁਲਿਸ ਨੇ ਸੌਰਭ ਚੰਦਰਾਕਰ ਨੂੰ ਨਿਗਰਾਨੀ ‘ਚ ਰੱਖਿਆ ਹੈ। ਉਸ ਨੂੰ ਦੁਬਈ ਦੇ ਇੱਕ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ। ਸੌਰਭ ਚੰਦਰਾਕਰ ਦੀ ਹਵਾਲਗੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੀ ਜਾਵੇਗੀ। ਇੰਟਰਪੋਲ ਨੇ ਈ.ਡੀ. ਏਜੰਸੀ ਦੀ ਬੇਨਤੀ ‘ਤੇ ਮੁੱਖ ਮੁਲਜ਼ਮ ਸੌਰਭ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

ਈ.ਡੀ. ਦੇ ਮੁਤਾਬਕ ਸੌਰਭ ਚੰਦਰਾਕਰ ਅਤੇ ਇੱਕ ਹੋਰ ਪ੍ਰਮੋਟਰ ਰਵੀ ਉੱਪਲ ਸੰਯੁਕਤ ਅਰਬ ਅਮੀਰਾਤ ਵਿੱਚ ਇੱਕ ਕੇਂਦਰੀ ਦਫ਼ਤਰ ਤੋਂ ਮਹਾਦੇਵ ਸੱਟੇਬਾਜ਼ੀ ਐਪ ਦਾ ਸੰਚਾਲਨ ਕਰ ਰਹੇ ਸਨ। ਇਸ ਦੇ ਨਾਲ ਹੀ ਮਨੀ ਲਾਂਡਰਿੰਗ ਅਤੇ ਹਵਾਲਾ ਲੈਣ-ਦੇਣ ਵੀ ਕੀਤੀ ਜਾ ਰਹੀ ਸੀ। ਜਾਂਚ ਏਜੰਸੀ ਮੁਤਾਬਕ ਇਹ ਕਰੀਬ 6000 ਕਰੋੜ ਰੁਪਏ ਦਾ ਘਪਲਾ ਹੈ। ਦੱਸ ਦਈਏ ਕਿ ਈ.ਡੀ. ਦੀ ਬੇਨਤੀ ‘ਤੇ ਇੰਟਰਪੋਲ ਨੇ ਮੁਲਜ਼ਮ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।